​ਪੰਜਾਬ ਤੋਂ ਕਨੇਡਾ ਗਏ ਬਜ਼ੁਰਗ ਦੀ ਸੱਚੀ ਕਹਾਣੀ

ਕਨੇਡੀਅਨ ਟਾਇਰ ਤੇ ਕੰਮ ਤੇ ਜਾਂਦਾ ਅਕਸਰ ਹੀ ਮਾਲਟਨ ਗੁਰੂ ਘਰ ਮੱਥਾ ਟੇਕ ਜਾਇਆ ਕਰਦਾ ਸੀ। ਜੂਨ ਮਹੀਨੇ ਦਾ ਬਹੁਤ ਹੀ ਪਿਆਰਾ ਦਿਨ ਸੀ ..ਸਟੈਂਡ ਤੋਂ ਸਾਈਕਲ ਚੁੱਕ ਤੁਰਨ ਹੀ ਲੱਗਾ ਸਾਂ ਕੇ ਕੋਲ ਹੀ ਬੇਂਚ ਤੇ ਬੈਠੇ ਇੱਕ ਬਜ਼ੁਰਗ ਦਿਸ ਪਏ। ਦੋਨੋਂ ਲੱਤਾਂ ਬੇਂਚ ਦੇ ਉੱਪਰ ਰੱਖ ਵਿਚ ਸਿਰ ਦੇ ਕੇ ਕਿਸੇ ਗੂੜੀ ਸੋਚ ਵਿਚ ਡੁੱਬੇ ਹੋਏ ਲੱਗਦੇ ਸਨ।

ਮੈਨੂੰ ਲੱਗਾ ਕੋਈ ਨਵੇਂ ਨਵੇਂ ਪੰਜਾਬੋਂ ਆਏ ਨੇ ਤੇ ਸ਼ਾਇਦ ਨਵੇਂ ਮਾਹੌਲ ਵਿਚ ਉਦਾਸ ਹੋ ਗਏ ਨੇ ਗੱਲ ਕਰ ਲੈਣੀ ਚਾਹੀਦੀ ਏ। ਸ਼ਿਫਟ ਸ਼ੁਰੂ ਹੋਣ ਵਿਚ ਅਜੇ ਪੰਦਰਾਂ ਵੀਹ ਮਿੰਟ ਹੈਗੇ ਸਨ,ਕੋਲ ਜਾ ਕੇ ਇੱਕਦਮ ਫਤਹਿ ਦੀ ਸਾਂਝ ਪਾ ਕੇ ਪੁੱਛ ਹੀ ਲਿਆ ਕੇ ਕੋਈ ਪ੍ਰੇਸ਼ਾਨੀ ਹੈ ਬਜ਼ੁਰਗੋ?

ਅੱਗੋਂ ਚੁੱਪ ਰਹੇ ਤੇ ਮੇਰੇ ਵੱਲ ਇੱਕ ਵਾਰ ਦੇਖ ਫੇਰ ਨੀਵੀਂ ਪਾ ਲਈ ! ਮੈਂ ਕੋਈ ਜੁਆਬ ਨਾ ਮਿਲਦਾ ਦੇਖ ਓਥੋਂ ਪੈਡਲ ਮਾਰਦਾ ਹੋਇਆ ਕੰਮ ਨੂੰ ਤੁਰ ਪਿਆ।

ਅਜੇ ਕੁਝ ਕਦਮ ਹੀ ਗਿਆ ਹੋਵਾਂਗਾ ਕੇ ਪਿੱਛੋਂ ਵਾਜ ਮਾਰ ਲਈ ਤੇ ਇਸ਼ਾਰੇ ਨਾਲ ਆਖਣ ਲੱਗੇ ਕੇ ਕੋਲ ਬੈਠ ਜੇ ਥੋੜਾ ਟਾਈਮ ਹੈਗਾ ਤਾਂ !

ਮੈਂ ਫਿਰ ਸਾਈਕਲ ਮੋੜ ਲਿਆਇਆ ਤੇ ਕੋਲ ਬੈਠ ਗੱਲ ਸੁਣਨੀ ਸ਼ੁਰੂ ਕਰ ਤੀ।

ਆਖਣ ਲੱਗੇ ਕੇ ਪੁੱਤ ਪੈਂਤੀ ਸਾਲ ਹੋ ਗਏ ਕਨੇਡਾ ਵਿਚ ਆਇਆਂ ਨੂੰ ! ਬੜਾ ਕੰਮ ਕੀਤਾ। ਲੰਮਾ ਚੌੜਾ ਸਿਲਸਿਲਾ ਖੜਾ ਕਰ ਦਸ ਪੰਦਰਾਂ ਟਰੱਕਾਂ ਵਾਲੀ ਕੰਪਨੀ ਵੀ ਸ਼ੁਰੂ ਕਰ ਤੀ ! ਅਕਸਰ ਹੀ ਪੰਦਰਾਂ ਪੰਦਰਾਂ ਵੀਹ ਵੀਹ ਦਿਨ ਇਹ ਸੋਚ ਕੇ ਘਰੋਂ ਬਾਹਰ ਰਹਿੰਦਾ ਕੇ ਏਨਾ ਕੂ ਬਣਾ ਜਾਵਾਂ ਕੇ ਔਲਾਦ ਸੌਖੀ ਰਹੂ।

ਵਾਹਿਗੁਰੂ ਦੀ ਕਿਰਪਾ ਨਾਲ ਚਾਰ ਚਾਰ ਘਰ ਵੀ ਇਹ ਸੋਚ ਕੇ ਲੈ ਕੇ ਰੱਖ ਲਏ ਕੇ ਜਦੋਂ ਤਿੰਨ ਪੁੱਤ ਗੱਬਰੂ ਹੋਣਗੇ ਤਾਂ ਇੱਕ ਇੱਕ ਓਹਨਾ ਨੂੰ ਦੇ ਦਿਆਂਗਾ ਤੇ ਚੋਥੇ ਵਿਚ ਨਾਲਦੀ ਨਾਲ ਰਹਿ ਕੇ ਜਿੰਦਗੀ ਬਸਰ ਕਰ ਲਵਾਂਗਾ।

ਪਤਾ ਹੀ ਨੀ ਲੱਗਾ ਕਦੋਂ ਬੁਢਾਪਾ ਆ ਗਿਆ ਤੇ ਨਿਆਣੇ ਸਿਆਣੇ ਹੋ ਗਏ ! ਫੇਰ ਨਾਲਦੀ ਇੱਕ ਦਿਨ ਅਚਾਨਕ ਚੰਗੀ ਭਲੀ ਚੜਾਈ ਕਰ ਗਈ ਤੇ ਨਾਲ ਹੀ ਸਾਰੀਆਂ ਗਿਣਤੀਆਂ ਮਿਣਤੀਆਂ ਵੀ ਪੁਠੀਆਂ ਪਾ ਗਈ! ਹੁਣ ਤਿੰਨਾਂ ਵਿਚੋਂ ਕੋਈ ਵੀ ਮੇਰੇ ਖਰੀਦੇ ਘਰਾਂ ਵਿਚ ਨਹੀਂ ਰਹਿੰਦਾ ! ਤੇ ਮੇਰਾ ਆਪਣਾ ਵੱਡਾ ਸਾਰਾ ਘਰ ਹੁਣ ਮੈਨੂੰ ਕੱਲੇ ਨੂੰ ਖਾਣ ਨੂੰ ਪੈਂਦਾ ਹੈ ! ਹੁਣ ਓਹਨਾ ਗੱਲ ਕਰਨੀ ਵੀ ਤਕਰੀਬਨ ਬੰਦ ਜਿਹੀ ਕਰ ਦਿਤੀ ਹੈ।

ਪਤਾ ਨੀ ਮਾਹੌਲ ਦਾ ਅਸਰ ਹੈ ਕੇ ਮੈਥੋਂ ਕੋਈ ਗਲਤੀ ਹੋ ਗਈ ! ਸੱਚੀਂ ਪੁਛੇਂ ਤਾਂ ਹੁਣ ਗੁਰੂ ਘਰ ਵੀ ਦਿਲ ਜਿਹਾ ਨੀ ਲੱਗਦਾ। ਓਹਨਾ ਦੀ ਗੱਲ ਨੇ ਮੈਨੂੰ ਵੀ ਉਦਾਸ ਕਰ ਛੱਡਿਆ ਤੇ ਮੈਂ ਤੁਰਦੇ ਤੁਰਦੇ ਨੇ ਸਲਾਹ ਦੇ ਮਾਰੀ ਕੇ ਬਜ਼ੁਰਗੋ ਮੇਰਾ ਤਜੁਰਬਾ ਤੁਹਾਡੇ ਤਜੁਰਬੇ ਅੱਗੇ ਕੁਝ ਵੀ ਨਹੀਂ ਹੈ ਪਰ ਮੇਰੇ ਖਿਆਲ ਮੁਤਾਬਿਕ ਤੁਸੀਂ ਓਹਨਾ ਨੂੰ ਜਦੋਂ ਦੇਣਾ ਚਾਹੀਦਾ ਸੀ ਓਦੋਂ ਟਾਈਮ ਨਹੀਂ ਦੇ ਸਕੇ ਤੇ ਓਹਨਾ ਤੁਹਾਡੀ ਓਹੀ ਆਦਤ ਹੁਣ ਆਪਣਾ ਲਈ ਹੈ ! ਇਸੇ ਲਈ ਅੱਜ ਓਹਨਾ ਕੋਲ ਥੋਡੇ ਲਈ ਟਾਈਮ ਨਹੀਂ ਹੈ!

ਫੇਰ ਵੀ ਅਜੇ ਡੁਲਿਆਂ ਬੇਰਾਂ ਦਾ ਕੁਝ ਨੀ ਵਿਗੜਿਆਂ..ਓਹਨਾ ਨੂੰ ਨਾ ਸਹੀ ਓਹਨਾ ਦੇ ਨਿਆਣਿਆਂ ਨੂੰ ਹੀ ਟਾਈਮ ਦੇ ਕੇ ਦੇਖ ਲਵੋਂ ਸ਼ਾਇਦ ਮੋੜਾ ਪੈ ਜਾਵੇ ! ਮੇਰੀ ਗੱਲ ਸੁਣ ਓਹਨਾ ਦੀਆਂ ਅੱਖਾਂ ਵਿਚ ਚਮਕ ਜਿਹੀ ਆ ਗਈ। ਪਰ ਮੈਥੋਂ ਗਲਤੀ ਇਹ ਹੋ ਗਈ ਕੇ ਮੈਂ ਓਹਨਾ ਦਾ ਨੰਬਰ ਨਾ ਲੈ ਸਕਿਆ ਤੇ ਨਾ ਹੀ ਉਹ ਮੈਨੂੰ ਫੇਰ ਕਦੀ ਦੋਬਾਰਾ ਉਸ ਬੇਂਚ ਤੇ ਬੈਠੇ ਮਿਲੇ।

ਪਰ ਹੁਣ ਜਦੋਂ ਵੀ ਉਸ ਖਾਲੀ ਬੇਂਚ ਤੇ ਨਜਰ ਜਾਂਦੀ ਹੈ ਤਾਂ ਇਹੋ ਅਰਦਾਸ ਨਿੱਕਲਦੀ ਹੈ ਕੇ ਪਰਮਾਤਮਾ ਕਰੇ ਮੋੜਾ ਪੈ ਹੀ ਗਿਆ ਹੋਵੇ ਤੇ ਓਹਨਾ ਨੂੰ ਮੂਲ ਨਹੀਂ ਤਾਂ ਘੱਟੋ ਘੱਟ ਵਿਆਜ ਹੀ ਆਉਣਾ ਸ਼ੁਰੂ ਹੋ ਗਿਆ ਹੋਵੇ।

(ਇਸ ਸੱਚੀ ਕਹਾਣੀ ਦੇ ਸਰੋਤ ਸਰਦਾਰ ਸਿਮਰਨਜੀਤ ਸਿੰਘ ਜਸਵਾਲ ਵਿੰਨੀਪੈਗ ਵਾਲੇ ਹਨ)

ਹਰਪ੍ਰੀਤ ਸਿੰਘ ਜਵੰਦਾ

error: Content is protected !!