ਹੁਣ BSF ਦੇ ਗੁਰੂ ਘਰਾਂ ’ਚੋਂ ਗੁਰੂ ਸਾਹਿਬ ਦੇ ਪਾਵਨ ਸਰੂਪ ਹੋਣ ਲੱਗੇ ਚੋਰੀ !

ਮਥਰਾ- ਜਿਸ ਬੀ.ਐਸ.ਐਫ਼. ਸਿਰ ਦੇਸ਼ ਦੀਆਂ ਸਰਹੱਦਾਂ ਦੀ ਰਾਖ਼ੀ ਦੀ ਜੁੰਮੇਵਾਰੀ ਹੈ,ਉਸੇ ਬੀ.ਐਸ.ਐਫ਼. ਦੇ ਗੁਰੂ ਘਰਾਂ ’ਚੋਂ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੁੱਕ ਕੇ ਗੰਦੇ ਨਾਲੇ ’ਚ ਸੁੱਟ ਦਿੱਤੇ ਜਾਣ ਅਤੇ ਬੀ.ਐਸ.ਐਫ਼. ਦੇ ਉੱਚ ਅਧਿਕਾਰੀਆਂ ਨੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ’ਚ ਲੱਗੇ ਰਹਿਣ ਤਾਂ ਇਸ ਦਰਦਨਾਕ ਘਟਨਾ ਨੂੰ ਸਿਰਫ਼ ਬੇਅਦਬੀ ਦੀ ਘਟਨਾ ਨਹੀਂ ਆਖਿਆ ਜਾ ਸਕਦਾ।

ਸਤਿਕਾਰ ਕਮੇਟੀ ਦੇ ਭਾਈ ਸੁਖਜੀਤ ਸਿੰਘ ਖੋਸੇ ਅਤੇ ਭਾਈ ਬਲਵੀਰ ਸਿੰਘ ਮੁੱਛਲ ਜਿਹੜੇ ਇਸ ਦੁੱਖਦਾਈ ਘਟਨਾ ਦੀ ਜਾਣਕਾਰੀ ਮਿਲਣ ’ਤੇ ਤੁਰੰਤ ਮੌਕੇ ’ਤੇ ਪੁੱਜੇ ਸਨ,ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬੀਤੇ 13 ਨਵੰਬਰ ਨੂੰ ਮਥਰਾ ਵਿਖੇ ਬੀ.ਐਸ.ਐਫ਼. ਦੇ ਸਥਾਨਿਕ ਹੈੱਡਕੁਆਟਰ ’ਚ ਸਥਾਪਿਤ ਗੁਰਦੁਆਰਾ ਸਾਹਿਬ ’ਚੋਂ ਗੁਰੂ ਸਾਹਿਬ ਦੇ ਸਰੂਪ ਗਾਇਬ ਕਰ ਦਿੱਤੇ ਗਏ। ਜਿਸ ਨਾਲ ਬੀ.ਐਸ.ਐਫ਼. ਦੇ ਇਸ ਹੈੱਡਕੁਆਟਰ ਨੇੜਿਓ ਇੱਕ ਗੰਦੇ ਨਾਲੇ ’ਚੋਂ ਗੁਰੂ ਸਾਹਿਬ ਦੇ ਸਰੂਪ ਮਿਲ ਗਏ।

 

ਜਿਨਾਂ ਨੂੰ ਮਥਰਾ ਦੇ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਸਾਹਿਬ ਦੇ ਸਕੱਤਰ ਸਤਨਾਮ ਸਿੰਘ ਗੁਰੂ ਲੈ ਗਏ। ਗੁਰੂ ਸਾਹਿਬ ਦੀ ਸਾਫ਼ ਸਫ਼ਾਈ ਕਰਕੇ ਉਨਾਂ ਨੂੰ ਸਕਾਉਣ ਦਾ ਪੂਰਾ ਯਤਨ ਕੀਤਾ ਗਿਆ।ਭਾਈ ਖੋਸੇ ਅਨੁਸਾਰ ਗੁਰੂ ਸਾਹਿਬ ਦੀ ਹਾਲਤ ਨੂੰ ਵੇਖਦਿਆਂ ਅਤੇ ਬੀ.ਐਸ.ਐਫ਼. ਦੇ ਅਧਿਕਾਰੀਆਂ ਵੱਲੋਂ ਮਾਮਲੇ ਨੂੰ ਦਬਾਉਣ ਲਈ ਪਾਏ ਜਾ ਰਹੇ ਦਬਾਅ ਦੇ ਚੱਲਦਿਆਂ, ਭਾਈ ਸਤਨਾਮ ਸਿੰਘ ਹੁਰਾਂ ਆਸ ਪਾਸ ਦੇ ਸ਼ਹਿਰਾਂ ਦੀ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਨੂੰ ਸਹਾਇਤਾ ਲਈ ਵਾਰ-ਵਾਰ ਅਪੀਲਾਂ ਕੀਤੀਆਂ। ਪ੍ਰੰਤੂ ਲਾਰੇ-ਲੱਪੇ ਲੱਗਦੇ ਰਹੇ ਤੇ ਕੋਈ ਬਹੁੜਿਆ ਨਹੀਂ।

ਇਸ ਸਬੰਧੀ ਜਾਣਕਾਰੀ ਮਿਲਣ ’ਤੇ ਭਾਈ ਸੁਖਜੀਤ ਸਿੰਘ ਖੋਸੇ ਆਪਣੇ ਸਾਥੀਆਂ ਸਮੇਤ ਮਥਰਾ ਪੁੱਜੇ। ਉਨਾਂ ਨੇ ਜਿਲਾ ਪ੍ਰਸ਼ਾਸ਼ਨ ਨੂੰ ਇਸ ਸਬੰਧੀ ਮੰਗ ਪੱਤਰ ਦਿੱਤਾ ਅਤੇ ਬੀ.ਐਸ.ਐਫ਼. ਅਧਿਕਾਰੀਆਂ ਨੇ ਦੋਸ਼ੀ ਵਿਰੁੱਧ ਕਾਰਵਾਈ ਕਰਨ ਲਈ ਦਬਾਅ ਪਾਇਆ। ਬੀ.ਐਸ.ਐਫ਼. ਦੇ ਕਮਾਂਡਰ ਨੇ ਦੱਸਿਆ ਕਿ ਗੁਰਦੁਆਰੇ ਦਾ ਗ੍ਰੰਥੀ ਸੁਰਜੀਤ ਸਿੰਘ ਕਿਸੇ ਹੋਰ ਡਿੳੂਟੀ ਕਾਰਣ ਗੁਰਦੁਆਰੇ ’ਚ ਹਾਜ਼ਰ ਨਹੀਂ ਸੀ ਜਿਸ ਸਮੇਂ ਇਹ ਭਾਣਾ ਵਾਪਰਿਆ। ਉਨਾਂ ਇਹ ਵੀ ਦੱਸਿਆ ਕਿ ਛਤੀਸਗੜ ਦੇ ਗਉਕਰਨ ਨਾਮੀ ਵਿਅਕਤੀ ਨੂੰ ਦੋਸ਼ੀ ਪਾਇਆ ਗਿਆ ਹੈ ਅਤੇ ਉਸਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਭਾਈ ਖੋਸੇ ਨੇ ਹੈਰਾਨੀ ਪ੍ਰਗਟਾਉਂਦਿਆਂ ਇਹ ਗੰਭੀਰ ਜਾਣਕਾਰੀ ਵੀ ਦਿੱਤੀ ਹੈ ਕਿ ਬੀ.ਐਸ.ਐਫ਼. ਦੇ ਅਧਿਕਾਰੀ ਦੋਸ਼ੀ ਨੂੰ ਮਾਨਸਿਕ ਦੋਸ਼ੀ ਦੱਸ ਰਹੇ ਹਨ। ਉਨਾਂ ਸੁਆਲ ਖੜਾ ਕੀਤਾ ਕਿ ਇੱਕ ਮਾਨਸਿਕ ਰੋਗੀ ਬੀ.ਐਸ.ਐਫ਼. ਦਾ ਮੁਲਾਜ਼ਮ ਕਿਵੇਂ ਰਹਿ ਸਕਦਾ ਹੈ? ਉਨਾਂ ਆਖਿਆ ਕਿ ਸੁਰੱਖਿਆ ਦਸਤਿਆਂ ਦੇ ਗੁਰੂ ਘਰਾਂ ’ਚ ਅਜਿਹੀ ਮੰਦਭਾਗੀ ਘਟਨਾ ਤੋਂ ਵੱਡੀ ਸਾਜਿਸ਼ ਦੀ ਬੋਅ ਆ ਰਹੀ ਹੈ। ਉਨਾਂ ਇਹ ਵੀ ਦੱਸਿਆ ਕਿ ਉਹੇ ਗੁਰੂ ਸਾਹਿਬ ਦੇ ਉਸ ਪਾਵਨ ਸਰੂਪ ਨੂੰ ਲੈ ਕੇ ਮਥਰਾ ਤੋਂ ਚੱਲ ਪਏ ਹਨ ਅਤੇ ਉਮੀਦ ਹੈ ਕਿ ਉਹ 26 ਦਸੰਬਰ ਦੀ ਰਾਤ ਨੂੰ ਫ਼ਤਿਹਗੜ ਸਾਹਿਬ ਪੁੱਜ ਜਾਣਗੇ ਅਤੇ ਅਗਲਾ ਪ੍ਰੋਗਰਾਮ ਪੰਥਕ ਜਥੇਬੰਦੀਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਉਲੀਕਿਆ ਜਾਵੇਗਾ।

error: Content is protected !!