ਸਾਵਧਾਨ! ਹੁਣ ਵਿਆਹ ਕਰਾਉਣਾ ਵੀ ਹੋਇਆ ਔਖਾ

ਨਵੀਂ ਦਿੱਲੀ: ਪਿਛਲੇ ਸਾਲ ਨੋਟਬੰਦੀ ਤੇ ਇਸ ਸਾਲ ਗੁਡਜ਼ ਐਂਡ ਸਰਵਿਸ ਟੈਕਸ (ਜੀਐਸਟੀ) ਨਾਲ ਵਿਆਹਾਂ ਉੱਤੇ ਭਾਰੀ ਮਾਰ ਪਵੇਗੀ। ਇਸ ਗੱਲ ਦਾ ਖ਼ੁਲਾਸਾ ਪ੍ਰਮੁੱਖ ਵਪਾਰ ਤੇ ਉਦਯੋਗ ਵਿਭਾਗ (ਐਸੋਚੈਮ) ਨੇ ਕੀਤਾ ਹੈ। ਐਸੋਚੈਮ ਮੁਤਾਬਕ ਜੀਐਸਟੀ ਨਾਲ ਵਿਆਹਾਂ ਦਾ ਬਜਟ ਵਧ ਸਕਦਾ ਹੈ। ਜੀਐਸਟੀ ਲਾਗੂ ਹੋਣ ਮਗਰੋਂ ਨਵੰਬਰ ਤੋਂ ਸ਼ੁਰੂ ਹੋਣ ਜਾ ਰਹੇ ਵਿਆਹਾਂ ਦੇ ਮੌਸਮ ਲਈ ਟੈਂਟ ਬੁਕਿੰਗ, ਸ਼ਾਦੀ ਲਈ ਹਾਲ ਦੀ ਬੁਕਿੰਗ, ਫ਼ੋਟੋਗ੍ਰਾਫੀ, ਖਾਣ-ਪੀਣ ਦੀ ਸੇਵਾਵਾਂ 10 ਤੋਂ 15 ਫ਼ੀਸਦੀ ਤੱਕ ਮਹਿੰਗੀਆਂ ਹੋ ਜਾਣਗੀਆਂ। ਐਸੋਚੈਮ ਮੁਤਾਬਕ ਜੀਐਸਟੀ ਦੇ ਦਾਇਰੇ ਵਿੱਚ ਆਉਣ ਤੋਂ ਬਾਅਦ ਜ਼ਿਆਦਾਤਰ ਵਿਆਹਾਂ ਨਾਲ ਜੁੜੀਆਂ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ।

ਵਿਆਹ ਦੀ ਖ਼ਰੀਦ ਹੋਵੇ, ਟੈਂਟ ਦੀ ਬੁਕਿੰਗ ਹੋਵੇ ਜਾਂ ਫਿਰ ਕੈਟਰਿਗ ਸੇਵਾਵਾਂ ਵਿੱਚ 18 ਤੋਂ 28 ਫ਼ੀਸਦੀ ਦੀ ਦਰ ਨਾਲ ਜੀਐਸਟੀ ਲੱਗੇਗਾ। ਜੀਐਸਟੀ ਦੇ ਦਸਤਾਵੇਜ਼ ਮੁਤਾਬਕ ਇਸ ਤੋਂ ਪਹਿਲਾਂ ਟੈਂਟ ਲਾਉਣ, ਖਾਣ-ਪੀਣ ਸੇਵਾਵਾਂ ਜਿਵੇਂ ਹਲਵਾਈ, ਚਾਟ-ਪਕੌੜੀ ਦੇਣ ਵਾਲੇ ਬਿਨਾ ਰਜਿਸਟਰੇਸ਼ਨ ਦੇ ਹੀ ਕੰਮ ਕਰਦੇ ਸਨ। ਉਹ ਗੈਰ ਰਜਿਸਟਰੇਸ਼ਨ ਬਿੱਲ ਉੱਤੇ ਕੰਮ ਕਰਦੇ ਰਹੇ ਹਨ ਤੇ ਪਹਿਲਾਂ ਉਹ ਕੋਈ ਟੈਕਸ ਨਹੀਂ ਦਿੰਦੇ ਸਨ।

ਗਹਿਣਿਆਂ ਦੀ ਖ਼ਰੀਦਦਾਰੀ ਤੋਂ ਲੈ ਕੇ ਬਿਊਟੀ ਪਾਰਲਰ, ਫ਼ੋਟੋਗ੍ਰਾਫੀ, ਹੋਟਲ ਤੇ ਵਿਆਹ ਲਈ ਹਾਲ ਬੁੱਕ ਕਰਨਾ ਮਹਿੰਗਾ ਹੋਇਆ ਹੈ। ਆਲੀਸ਼ਾਨ ਹੋਟਲਾਂ ਤੇ ਟੂਰਿਸਟ ਸਥਾਨਾਂ ਉੱਤੇ ਵਿਆਹ ਕਰਾਉਣੇ ਤਾਂ ਪਹਿਲਾਂ ਹੀ ਬਹੁਤ ਮਹਿੰਗੇ ਹਨ ਪਰ ਹੁਣ ਆਮ ਵਿਆਹ ਵੀ ਮਹਿੰਗੇ ਹੋ ਜਾਣਗੇ। ਐਸੋਚੈਮ ਦੇ ਦਸਤਾਵੇਜ਼ ਮੁਤਾਬਕ 500 ਰੁਪਏ ਤੋਂ ਜ਼ਿਆਦਾ ਕੀਮਤ ਦੀ ਚੱਪਲ ਤੇ ਜੁੱਤੇ ਉੱਤੇ 18 ਫ਼ੀਸਦੀ ਦੀ ਦਰ ਨਾਲ ਜੀਐਸਟੀ ਲੱਗਦਾ ਹੈ। ਸੋਨੇ ਤੇ ਹੀਰੇ ਦੇ ਗਹਿਣਿਆਂ ਉੱਤੇ ਵੀ ਟੈਕਸ 1.6 ਫ਼ੀਸਦੀ ਤੋਂ ਵਧਾ ਕੇ 3 ਫ਼ੀਸਦੀ ਕਰ ਦਿੱਤਾ ਹੈ। ਪੰਜ ਤਾਰਾ ਹੋਟਲਾਂ ਦੀ ਬੁਕਿੰਗ ਉੱਤੇ ਜੀਐਸਟੀ ਦੇ ਲਈ 28 ਫ਼ੀਸਦੀ ਵਾਧੂ ਲਾਗਤ ਲੱਗੇਗੀ।

ਪ੍ਰੋਗਰਾਮਾਂ ਦਾ ਪ੍ਰਬੰਧ ਕਰਨ ਵਾਲੀਆਂ ਕੰਪਨੀਆਂ ਵੀ 18 ਫ਼ੀਸਦੀ ਦਰ ਨਾਲ ਜੀਐਸਟੀ ਲਾਉਣਗੀਆਂ। ਇਸ ਤੋ ਇਲਾਵਾ ਵਿਆਹ ਲਈ ਖੁੱਲ੍ਹੇ ਪਾਰਕ, ਹਾਲ ਆਦਿ ਵੀ ਬੁੱਕ ਕਰਾਉਣ ਲਈ 18 ਫ਼ੀਸਦੀ ਦਰ ਨਾਲ ਜੀਐਸਟੀ ਲਾਇਆ ਗਿਆ ਹੈ। ਭਾਰਤ ਵਿੱਚ ਵਿਆਹ ਨਾਲ ਜੁੜਿਆ ਸਮੁੱਚਾ ਕਾਰੋਬਾਰ ਇੱਕ ਹਜ਼ਾਰ ਅਰਬ ਰੁਪਏ ਦਾ ਹੈ। ਇਹ ਕਾਰੋਬਾਰ ਸਾਲਾਨਾ 25 ਤੋਂ 30 ਫ਼ੀਸਦੀ ਦੀ ਦਰ ਨਾਲ ਵੱਧ ਰਿਹਾ ਹੈ।

error: Content is protected !!