ਸਲਮਾਨ ਖ਼ਾਨ ਨੂੰ ਸੈਸ਼ਨ ਕੋਰਟ ਤੋਂ ਦੋਹਰੀ ਰਾਹਤ
ਸਲਮਾਨ ਖ਼ਾਨ ਨੂੰ ਸੈਸ਼ਨ ਕੋਰਟ ਤੋਂ ਦੋਹਰੀ ਰਾਹਤ
ਜੋਧਪੁਰ: ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੂੰ ਜੋਧਪੁਰ ਸੈਸ਼ਨ ਕੋਰਟ ਤੋਂ ਦੋਹਰੀ ਰਾਹਤ ਮਿਲੀ ਹੈ। ਅਦਾਲਤ ਨੇ ਸਲਮਾਨ ਦੀ ਜ਼ਮਾਨਤ ਵੀ ਮਨਜ਼ੂਰ ਕਰ ਲਈ ਹੈ ਤੇ ਨਾਲ ਹੀ ਉਨ੍ਹਾਂ ਦੀ ਸਜ਼ਾ ‘ਤੇ ਵੀ ਰੋਕ ਲੱਗ ਗਈ ਹੈ। ਬਾਲੀਵੁੱਡ ਸੁਪਰਸਟਾਰ ਨੂੰ 50,000 ਰੁਪਏ ਦੇ ਮੁਚਲਕੇ ‘ਤੇ ਜ਼ਮਾਨਤ ਦਿੱਤੀ ਗਈ ਹੈ। ਸਲਮਾਨ ਖ਼ਾਨ ਅੱਜ ਹੀ ਜੇਲ੍ਹ ਵਿੱਚੋਂ ਰਿਹਾ ਹੋ ਸਕਦੇ ਹਨ। ਸਲਮਾਨ ਦੀ ਜ਼ਮਾਨਤ ਵਿਰੁੱਧ
ਬਿਸ਼ਨੋੋਈ ਸਮਾਜ ਨੇ ਹਾਈਕੋਰਟ ਜਾਣ ਦਾ ਐਲਾਨ ਵੀ ਕਰ ਦਿੱਤਾ ਹੈ। ਸਲਮਾਨ ਨੂੰ ਜ਼ਮਾਨਤ ਮਿਲਣ ‘ਤੇ ਉਨ੍ਹਾਂ ਦੇ ਫੈਨਜ਼ ਕਾਫੀ ਖੁਸ਼ ਹਨ।
ਸਲਮਾਨ ਖ਼ਾਨ ਨਾਲ ਜ਼ਮਾਨਤ ਮਿਲਣ ਬਾਰੇ ਬਿਲਕੁਲ ਫ਼ਿਲਮਾਂ ਵਾਂਗ ਹੀ ਹੋ ਰਿਹਾ ਸੀ, ਕਿਉਂਕਿ ਬੀਤੇ ਕੱਲ੍ਹ ਸਲਮਾਨ ਦੀ ਜ਼ਮਾਨਤ ਬਾਰੇ ਫ਼ੈਸਲਾ ਲੈਣ ਵਾਲੇ ਜੱਜ ਰਵਿੰਦਰ ਜੋਸ਼ੀ ਦਾ ਦੇਰ ਰਾਤ ਤਬਾਦਲਾ ਹੋ ਗਿਆ ਸੀ। ਇਸ ਤੋਂ ਪਹਿਲਾਂ ਸਲਮਾਨ ਦੇ ਵਕੀਲ ਨੂੰ ਕੇਸ ਤੋਂ ਹਟਣ ਦੀਆਂ ਧਮਕੀ ਵੀ ਮਿਲੀ ਸੀ। ਹੁਣ ਸਲਮਾਨ ਦੀ ਜ਼ਮਾਨਤ ‘ਤੇ ਸੁਣਵਾਈ ਜ਼ਿਲ੍ਹਾ ਜੱਜ ਚੰਦਰ ਕੁਮਾਰ ਸੋਨਗਰਾ ਕਰ ਰਹੇ ਸਨ।
ਸ਼ਨੀਵਾਰ ਸਵੇਰੇ ਸਾਢੇ ਕੁ ਦਸ ਵਜੇ ਸਲਮਾਨ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਸ਼ੁਰੂ ਹੋਈ ਸੀ। ਸੁਣਵਾਈ ਦੌਰਾਨ ਸਰਕਾਰੀ ਵਕੀਲ ਮਹੀਪਾਲ ਬਿਸ਼ਨੋਈ ਨੇ ਸਲਮਾਨ ਨੂੰ ਜ਼ਮਾਨਤ ਦੇਣ ਦਾ ਜ਼ਬਰਦਸਤ ਵਿਰੋਧ ਕੀਤਾ, ਜਦਕਿ ਸਲਮਾਨ ਦੇ ਵਕੀਲ ਮਹੇਸ਼ ਬੋੜਾ ਨੇ ਦਲੀਲ ਦਿੱਤੀ ਕਿ ਸਲਮਾਨ ਨੂੰ ਬਾਕੀ ਮਾਮਲਿਆਂ ਵਿੱਚ ਵੀ ਜ਼ਮਾਨਤ ਮਿਲਦੀ ਰਹੀ ਹੈ।
ਸਲਮਾਨ ਦੇ ਵਕੀਲ ਨੇ ਆਪਣੇ ਮੁਵੱਕਿਲ ਦੇ ਪੱਖ ਵਿੱਚ ਕਾਫੀ ਦਲੀਲਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਸਲਮਾਨ ਨੇ ਅਦਾਲਤ ਦਾ ਹਮੇਸ਼ਾ ਸਹਿਯੋਗ ਕੀਤਾ ਹੈ ਤੇ ਉਹ ਭਗੌੜਾ ਨਹੀਂ ਹੈ। ਹਾਲਾਂਕਿ ਸਰਕਾਰੀ ਵਕੀਲ ਨੇ ਸਲਮਾਨ ਵਿਰੁੱਧ ਸਬੂਤਾਂ ਦੀ ਗੱਲ ਕਰਦਿਆਂ ਜ਼ਮਾਨਤ ਦਾ ਵਿਰੋਧ ਕੀਤਾ।
ਸਲਮਾਨ ਨੂੰ ਕਾਲਾ ਹਿਰਣ ਸ਼ਿਕਾਰ ਮਾਮਲੇ ਵਿੱਚ ਪੰਜ ਸਾਲ ਦੀ ਕੈਦ ਤੇ ਦਸ ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ, ਜਿਸ ‘ਤੇ ਅੱਜ ਸੈਸ਼ਨ ਕੋਰਟ ਨੇ ਰੋਕ ਲਾ ਦਿੱਤੀ ਹੈ। ਸਲਮਾਨ ਪਰਸੋਂ ਤੋਂ ਜੇਲ੍ਹ ਵਿੱਚ ਬੰਦ ਹਨ।