ਸਮਝ ਜਾਵੋ ਜੇ ਸਮਝਣਾ ਨਹੀ ਤਾ ਤੁਹਾਡੀ ਮਰਜੀ ……

ਸਟੋਰ ਵਿਚ ਸਸਤੇ ਭਾਅ ਲੱਗੇ ਸੇਬਾਂ ਨੂੰ ਕਾਹਲੀ ਨਾਲ ਲਫਾਫੇ ਵਿਚ ਪਾ ਰਿਹਾ ਸਾਂ ਤਾਂ ਲਾਗੇ ਖਲੋਤਾ ਵਡੇਰੀ ਉਮਰ ਦਾ ਗੋਰਾ ਮੁਸਕੁਰਾਉਣ ਲੱਗਾ !
ਆਖਣ ਲੱਗਾ ਕੇ ਥੋੜਾ ਦੇਖ ਦੇਖ ਕੇ ਚੁਣ ਕੇ ਪਾ ਲੈ, ਕਈ ਵਾਰ ਨੁਕਸ ਹੁੰਦਾ ਹੈ ਤਾਂ ਹੀ ਸਟੋਰ ਵਾਲੇ ਸਸਤੇ ਭਾਅ ਲਾ ਦਿੰਦੇ ਹਨ !

ਆਖਿਆ ਕੇ ਕਿਤੇ ਦੂਰ ਪਹੁੰਚਣਾ ਹੈ ਤੇ ਮੇਰੇ ਕੋਲ ਟਾਈਮ ਹੈਨੀ !
ਅੱਗੋਂ ਪੁੱਛਣ ਲੱਗਾ ਕੀ ਕੰਮ ਕਰਦਾ ਏ ?
ਆਖਿਆ ਘਰ ਲੈ ਕੇ ਦਿੰਦਾ ਹਾਂ ਲੋਕਾਂ ਨੂੰ ਰੀਅਲ ਏਸ੍ਟੇਟ ਏਜੰਟ ਹਾਂ !
ਆਪਣੇ ਬਾਰੇ ਦੱਸਣ ਲੱਗਾ ਕੇ ਜਦੋਂ ਤੇਰੀ ਉਮਰ ਦਾ ਹੁੰਦਾ ਸਾਂ ਤਾਂ ਮੇਰੇ ਕੋਲ ਵੀ ਟਾਈਮ ਨਹੀਂ ਸੀ ਹੁੰਦਾ..ਨਾ ਖਾਣ ਦਾ ਨਾ ਪੀਣ ਦਾ ਨਾ ਨਾਲਦੀ ਕੋਲ ਬੈਠ ਕੇ ਗੱਲਾਂ ਕਰਨ ਦਾ ਤੇ ਨਿਆਣੇ ਤੇ ਪਤਾ ਹੀ ਨੀ ਲੱਗਾ ਕਦੋਂ ਜੁਆਨ ਹੋਏ ਤੇ ਕਦੋਂ ਆਪੋ ਆਪਣੇ ਕੰਮਾਂ ਧੰਦਿਆਂ ਵਿਚ ਰੁਝ ਉਡਾਰੀ ਮਾਰ ਗਏ ! ਹੁਣ ਤੇ ਬਸ ਮੈਂ ਤੇ ਮੇਰੀ ਘਰ ਵਾਲੀ ..ਇਹ ਦੇਖ ਲੈ ਗਿਣਤੀ ਦੇ ਦੋ ਸੇਬ ਲੈਣੇ ਨੇ ਤੇ ਪਿਛਲੇ ਦਸਾਂ ਮਿੰਟਾਂ ਤੋਂ ਚੰਗਾ ਸੇਬ ਲੱਭੀ ਜਾਨਾ..ਖੁੱਲ੍ਹਾ ਟਾਈਮ ਹੈ ਆਪਣੇ ਕੋਲ ..ਕੋਈ ਕਾਹਲੀ ਨੀ ਕੋਈ ਬੇਚੈਨੀ ਨਹੀਂ !

ਥੋੜਾ ਫਿਲਾਸਫਰ ਟਾਈਪ ਜਿਹਾ ਲੱਗਦਾ ਗੋਰਾ ਜਾਣ ਲੱਗਾ ਬੜੀ ਡੂੰਗੀ ਗੱਲ ਆਖ ਗਿਆ ਕੇ ਦੋਸਤਾ ਜਿੰਨੀ ਮਰਜੀ ਦੌੜ ਲਾ ਲੈ …ਮੇਰੇ ਵਾਲੀ ਸਟੇਜ ਤੇ ਆ ਕੇ ਤਾਂ ਸਪੀਡ ਹੌਲੀ ਕਰਨੀ ਹੀ ਪੈਣੀ ਹੈ ..ਜੇ ਤੂੰ ਨਾ ਵੀ ਕੀਤੀ ਤਾਂ ਕੁਦਰਤ ਨੇ ਆਪਣੇ ਆਪ ਬਰੇਕਾਂ ਲੁਆ ਦੇਣੀਆਂ ..ਸੋ ਹੁਣ ਤੋਂ ਹੀ ਆਦਤ ਪਾ ਲੈ ..ਓਦੋਂ ਤਕਲੀਫ ਘੱਟ ਹੋਵੇਗੀ !
ਮੈਂ ਉਸਦੀ ਕਹੀ ਗੱਲ ਸੋਚਦੇ ਹੋਏ ਨੇ ਜਿਥੈ ਪਹੁੰਚਣਾ ਸੀ ਓਥੇ ਫੋਨ ਕਰ ਤਾ ਬੀ ਅੱਧਾ ਘੰਟਾ ਲੇਟ ਪਹੁੰਚੂ ,ਕੋਈ ਜਰੂਰੀ ਕੰਮ ਆਣ ਪਿਆ !

ਫੇਰ ਲਿਫਾਫੇ ਵਿਚ ਕਾਹਲੀ ਨਾਲ ਪਾਏ ਸਾਰੇ ਸੇਬ ਇੱਕ ਵਾਰ ਫੇਰ ਧਿਆਨ ਨਾਲ ਚੈਕ ਕੀਤੇ ਤਾਂ ਵਾਕਿਆ ਹੀ ਅੱਧੇ ਸੇਬ ਖਰਾਬ ਨਿੱਕਲੇ!
ਹਰਪ੍ਰੀਤ ਸਿੰਘ ਜਵੰਦਾ

error: Content is protected !!