ਬੱਚਿਆਂ ਦੀ ਜ਼ਿੰਦਗੀ ਵਿੱਚ ਟੀਵੀ ਸੀਰੀਅਲ ਕਿਸ ਕਦਰ ਅਸਰ ਕਰਦੇ ਹਨ ਇਸ ਬਾਰੇ ਹੈਰਾਨੀਜਨਕ ਖੁਲਾਸਾ ਹੋਇਆ ਹੈ। ਲੁਧਿਆਣਾ ਦੀਆਂ ਤਿੰਨ ਲੜਕੀਆਂ ਕੱਲ੍ਹ ਲਾਪਤਾ ਹੋ ਗਈਆਂ ਸਨ। ਇਨ੍ਹਾਂ ਵਿੱਚੋਂ ਇਕ ਲੜਕੀ ਦੇ ਪਰਿਵਾਰ ਨੂੰ ਲੜਕੀਆਂ ਛੱਡਣ ਬਦਲੇ ਪੰਜਾਹ ਕਰੋੜ ਰੁਪਏ ਦੀ ਫਿਰੌਤੀ ਦੀ ਚਿੱਠੀ ਮਿਲੀ।

ਮਾਪਿਆਂ ਨੇ ਲੁਧਿਆਣਾ ਪੁਲੀਸ ਨੂੰ ਬੱਚੀਆਂ ਦੇ ਅਗਵਾ ਹੋਣ ਦੀ ਸੂਚਨਾ ਦਿੱਤੀ ਤੇ ਲੁਧਿਆਣਾ ਪੁਲੀਸ ਨੇ ਚੰਡੀਗੜ੍ਹ ਪੁਲੀਸ ਦੀ ਮੱਦਦ ਲਈ, ਜਿਸ ਮਗਰੋਂ ਲੜਕੀਆਂ ਲੱਭ ਗਈਆਂ। ਇਸ ਤੋਂ ਬਾਅਦ ਹੈਰਾਨੀਜਨਕ ਖ਼ੁਲਾਸਾ ਹੋਇਆ ਕਿ ਬੱਚੀਆਂ ਨੇ ਟੀਵੀ ਅਦਾਕਾਰਾ ਨੂੰ ਮਿਲਣ ਲਈ ਅਗਵਾ ਹੋਣ ਦੀ ਯੋਜਨਾ ਘੜੀ ਸੀ।ਡੀਸੀਪੀ ਧਰੁਮਨ ਨਿੰਬਲੇ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸੋਮਵਾਰ ਦੇਰ ਸ਼ਾਮ ਪੁਲੀਸ ਕੰਟਰੋਲ ਰੂਮ ’ਚ ਸੂਚਨਾ ਮਿਲੀ ਕਿ ਇੱਕ ਹੀ ਇਲਾਕੇ ਦੀਆਂ ਤਿੰਨ ਬੱਚੀਆਂ ਅਚਾਨਕ ਘਰੋਂ ਗਾਇਬ ਹੋ ਗਈਆਂ ਹਨ। ਉਸ ਤੋਂ ਬਾਅਦ ਇੱਕ ਲੜਕੀ ਦੇ ਘਰੋਂ 50 ਕਰੋੜ ਰੁਪਏ ਦੀ ਫਿਰੌਤੀ ਵਾਲੀ ਚਿੱਠੀ ਮਿਲੀ।

ਜਦੋਂ ਏਡੀਸੀਪੀ ਰਤਨ ਸਿੰਘ ਬਰਾੜ ਤੇ ਏਸੀਪੀ ਮਨਦੀਪ ਸਿੰਘ ਦੀ ਅਗਵਾਈ ’ਚ ਜਾਂਚ ਸ਼ੁਰੂ ਹੋਈ ਤਾਂ ਪਤਾ ਲੱਗਿਆ ਕਿ ਚਿੱਠੀ ’ਤੇ ਲਿਖਤ ਇੱਕ ਬੱਚੀ ਦੀ ਹੈ। ਇਸ ’ਤੇ ਪੁਲੀਸ ਨੂੰ ਸ਼ੱਕ ਹੋਇਆ ਕਿ ਬੱਚੀਆਂ ਖ਼ੁਦ ਹੀ ਕਿਤੇ ਗਈਆਂ ਹੋ ਸਕਦੀਆਂ ਹਨ। ਪੁਲੀਸ ਨੂੰ ਲੜਕੀਆਂ ਦੀ ਮੋਬਾਈਲ ਲੋਕੇਸ਼ਨ ਚੰਡੀਗੜ੍ਹ ਬੱਸ ਅੱਡੇ ਕੋਲ ਦੀ ਮਿਲੀ। ਉਸ ਤੋਂ ਬਾਅਦ ਲੁਧਿਆਣਾ ਪੁਲੀਸ ਨੇ ਚੰਡੀਗੜ੍ਹ ਪੁਲੀਸ ਦੀ ਮੱਦਦ ਲਈ ਅਤੇ ਬੱਚੀਆਂ ਮਿਲ ਗਈਆਂ।ਡੀਸੀਪੀ ਨੇ ਦੱਸਿਆ ਕਿ ਇਨ੍ਹਾਂ ਬੱਚੀਆਂ ਨੇ ਟੀਵੀ ਅਦਾਕਾਰ ਸੁਬੀਰ ਆਹਲੂਵਾਲੀਆ ਨੂੰ ਮਿਲਣ ਲਈ ਅਗਵਾ ਦੀ ਯੋਜਨਾ ਘੜੀ ਸੀ। ਸ੍ਰੀ ਨਿੰਬਲੇ ਨੇ ਦੱਸਿਆ ਕਿ ਤਿੰਨ ਬੱਚੀਆਂ ਵਿੱਚੋਂ ਦੋ ਬੱਚੀਆਂ 12-13 ਸਾਲ ਦੀਆਂ ਹਨ, ਜਦੋਂਕਿ ਇੱਕ 7 ਸਾਲ ਦੀ ਹੈ। ਇਹ ਬੱਚੀਆਂ ਟੀਵੀ ਸੀਰੀਅਲਾਂ ਦੀਆਂ ਸ਼ੌਕੀਨ ਹਨ, ਜੋ ‘ਕੁਮਕੁਮ’ ਦੇ ਅਦਾਕਾਰ ਸੁਬੀਰ ਆਹਲੂਵਾਲੀਆ ਤੋਂ ਪ੍ਰਭਾਵਿਤ ਸਨ। ਇਸ ਲਈ ਉਸ ਨੂੰ ਮਿਲਣ ਲਈ ਮੁੰਬਈ ਜਾਣ ਦੀ ਯੋਜਨਾ ਬਣਾਈ ਤੇ ਘਰੋਂ ਨਿਕਲ ਗਈਆਂ।

ਏਸੀਪੀ (ਕੇਂਦਰੀ) ਮਨਦੀਪ ਸਿੰਘ ਦਾ ਕਹਿਣਾ ਹੈ ਕਿ ਫਿਰੌਤੀ ਦੀ ਚਿੱਠੀ ਲਿਖਣ ਦੀ ਯੋਜਨਾ ਬਾਰਾਂ ਸਾਲਾ ਲੜਕੀ ਨੇ ਬਣਾਈ ਸੀ। ਉਸ ਨੇ ਕਿਸੇ ਫਿਲਮਾਂ ਵਿੱਚ ਅਗਵਾ ਦਾ ਸੀਨ ਦੇਖਿਆ ਸੀ। ਉਸ ਨੇ ਚਿੱਠੀ ਵਿੱਚ ਲਿਖਿਆ, ‘‘ਤੁਹਾਡੀਆਂ ਕੁੜੀਆਂ ਮੇਰੇ ਕੋਲ ਹਨ।ਜੇਕਰ ਉਨ੍ਹਾਂ ਦੀ ਸਲਾਮਤੀ ਚਾਹੁੰਦੇ ਹੋ ਤਾਂ ਪੁਲੀਸ ਨੂੰ ਬਿਨਾਂ ਦੱਸੇ 50 ਕਰੋੜ ਰੁਪਏ ਦੇਣੇ ਪੈਣਗੇ। ਪੈਸੇ ਕਦੋਂ ਤੇ ਕਿੱਥੇ ਦੇਣੇ ਹਨ, ਇਹ ਫੋਨ ਕਰ ਕੇ ਦੱਸਦਾ ਹਾਂ।’’ ਇਹ ਚਿੱਠੀ ਲੜਕੀ ਨੇ ਆਪਣੇ ਘਰ ਦੀ ਰਸੋਈ ਵਿੱਚ ਛੱਡ ਦਿੱਤੀ ਸੀ।
Sikh Website Dedicated Website For Sikh In World