ਜਗਪਾਲ ਸਿਓਂ ਸਵੇਰੇ ਉੱਠਿਆ ਤਾਂ ਉਹਨੂੰ ਆਪਣਾਂ ਸਿਰ ਭਾਰਾ -ਭਾਰਾ ਮਹਿਸੂਸ ਹੋ ਰਿਹਾ ਸੀ, ਰੋਜ ਰਾਤ ਨੂੰ ਰੱਜਕੇ ਆਉਣਾ ਤੇ ਫਿਰ ਘਰਦੀ ਨਾਲ ਕਲੇਸ਼ ਕਰਨਾ ਰੋਜ ਦੀ ਆਦਤ ਸੀ ਉਸਦੀ। ਕਮਰੇ ਚੋ ਬਾਹਰ ਨਿੱਕਲਦਿਆਂ ਹੀ ਘਰਵਾਲੀ ਨੂੰ ਰਸੋਈ ਵੱਲ ਮੂੰਹ ਕਰਕੇ ਅਵਾਜ਼ ਮਾਰੀ।
“ਸੁਣਦੀ ਨੀ, ਇੱਕ ਗਲਾਸ ਪਾਣੀ ਦਾ ਤੇ ਇੱਕ ਕੱਪ ਚਾਹ ਦਾ ਕਮਰੇ ਚ ਹੀ ਲਿਆਦੇ ,ਸਿਰ ਬੜਾ ਦੁਖਦਾ ਪਿਆ ਏ “।
ਇੰਨਾਂ ਕਹਿਕੇਬਿਨਾਂ ਜਵਾਬ ਦੀ ਉਡੀਕ ਕੀਤਿਆਂ ਹੀ ਉਹ ਕਮਰੇ ਚ ਫਿਰ ਜਾ ਵੜਿਆ।
ਪੰਜਾਂ ਕੁ ਮਿੰਟਾਂ ਬਾਅਦ ਰੋਜ਼ ਹੀ ਉਹਦੀ ਕੁੱਟਮਾਰ ਸਹਿਣ ਵਾਲੀ ਤੇ ਨਿੱਤ ਹੀ ਉਹਦੇ ਹੱਥੋਂ ਜਲੀਲ ਹੋਣ ਵਾਲੀ ਉਹਦੀ ਘਰਦੀ ਉਹਦੇ ਹੁਕਮ ਦੀ ਪਾਲਣਾ ਤਹਿਤ ਚਾਹ ਤੇ ਪਾਣੀ ਲੈ ਆਈ ਸੀ।
“ਕੀ ਹੋਇਆ? ਉਹਨੇ ਵਿਚਾਰੀ ਨੇ ਡਰਦਿਆ ਹੀ ਪੁੱਛਿਆ ਸੀ।ਭਾਵੇ ਉਹ ਜਾਣਦੀ ਸੀ ਕਿ ਨਿੱਤ ਦੀ ਸ਼ਰਾਬ ਤੋਂ ਬਾਅਦ ਉਹਦਾ ਹਰ ਰੋਜ ਦਾ ਹੀ ਕੰਮ ਸੀ। “ਕੁੱਝ ਨੀ ਰਾਤੀ ਥੋੜੀ ਜਿਆਦਾ ਹੋਗੀ, ਸਿਰ ਫਟਦਾ ਪਿਆ ਏ”। ਤੇ ਉਹ ਵਿਚਾਰੀ ਸੋਚ ਰਹੀ ਸੀ ਕਿ” ਇਹ ਤਾ ਨਿੱਤ ਦਾ ਹੀ ਕੰਮ ਏ”।
“ਮੇਰਾ ਤਾਂ ਜੀ ਮਨ ਬੜਾ ਉਦਾਸ ਹੋਇਆ ਪਿਆ ਏ ਸਵੇਰ ਦਾ “। ਉਹ ਡਰਦੀ ਡਰਦੀਬੋਲ ਰਹੀ ਸੀ।
“ਕੀ ਹੋਇਆ ਤੈਨੂੰ ? ਖੇਖਨ ਜੇ ਨਾਂ ਕਰਿਆ ਕਰ ਮੇਰੇ ਕੋਲ, ਬੰਦਿਆਂ ਤਰਾਂ ਗੱਲ ਦੱਸ, ਨਹੀਂ ਤਾਂ ਜਾਕੇ ਆਪਣਾ ਕੰਮ ਕਰ, ਮੇਰਾ ਪਹਿਲਾਂ ਹੀ ਦਿਮਾਗ ਫਟਿਆ ਪਿਆ ਏ, ਹੋਰ ਨਾਂ ਖਰਾਬ ਕਰੀ ਜਾ”। ਉਹ ਇੱਕੋ ਸਾਹੀਂ ਬੋਲ ਗਿਆ। ਘਰ ਵਾਲੀ ਦੇ ਦੁੱਖ ਨਾਲ ਜਿਵੇਂ ਕੋਈ ਸਰੋਕਾਰ ਹੀ ਨਹੀਂ ਸੀ।
” ਮੈਂ ਤਾਂ ਸਵੇਰੇ ਸਵੇਰੇ ਸੁੱਤੀ ਉੱਠਣ ਤੋਂ ਪਹਿਲਾਂ ਸੁਪਨਾ ਵੇਖਿਆ ਕਿ ਆਪਣੀ ਸੁਖਮਨ ਵੱਡੀ ਹੋ ਗਈ ਏ। (ਉਹ ਆਪਣੇ ਪੁੱਤਰ ਤੋਂ ਛੋਟੀ ਆਪਣੀ 11 ਕੁ ਵਰਿਆਂ ਦੀ ਧੀ ਬਾਰੇ ਗੱਲ ਕਰ ਰਹੀ ਸੀ, ਜੋ ਜਗਪਾਲ ਨੂੰ ਪੁੱਤ ਤੋਂ ਵੀ ਵੱਧਪਿਆਰੀ ਸੀ) ਤੇ ਆਪਾਂ ਉਹਨੂੰ ਬੜੇ ਹੀ ਚੰਗੇ ਘਰ ਵਿਆਹ ਦਿੱਤਾ, ਸਹੁਰਾ ਪਰਿਵਾਰ ਬੜਾ ਚੰਗਾ ਤੇ ਜਾਇਦਾਦ ਵਾਲਾ ਮਿਲਿਆ, ਪਰ ਮੁੰਡਾ ਚੰਗਾ ਨੀ ਬੜੇ ਨਸ਼ੇ ਕਰਦਾ ਤੇ ਆਪਣੀ ਸੁਖਮਨ ਨੂੰ ਬੜਾ ਤੰਗ ਕਰਦਾ ਏ ਕੁੱਟਦਾ ਮਾਰਦਾ ਏ।ਮੈਨੂੰ ਤਾਂ ਬਹੁਤ ਚਿੰਤਾ ਹੋ ਗ ਈ ਏ , ਕਹਿੰਦੇ ਸਵੇਰ ਦੇ ਸੁਪਨੇ ਸੱਚ ਹੋ ਜਾਦੇਂ ਨੇ”। ਉਹ ਚਿੰਤਾ ਚ ਬੋਲ ਰਹੀ ਸੀ।
“ਸਾਲੀ ਜਾਹਿਲ ਜਨਾਨੀ, ਉਹਨੇਂ ਸੁਣਦਿਆਂ ਹੀ ਘਰਦੀ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। “ਕਿਹੜਾ ਸਾਲਾ ਮੇਰੀ ਧੀ ਨੂੰ ਹੱਥ ਲਾ ਜੂ, ਮੈਂ ਦੁਨੀਆਂ ਪਰਖਕੇ ਰਿਸ਼ਤਾ ਕਰੂੰ ਮੇਰੀ ਧੀ ਦਾ,ਲੱਤਾਂ ਵੱਢ ਸੁੱਟਾਂਗਾ ਸਾਲਿਆਂ ਦੀਆਂ ਜੇ ਰਤਾ ਵੀ ਤੰਗ ਹੋਈ ਮੇਰੀ ਧੀ”। ਉਹ ਅੱਗ ਬਬੂਲਾ ਹੋਕੇ ਬੋਲ ਰਿਹਾ ਸੀ।
“ਜੀਅ ਤਾਂ ਮੇਰੇ ਪਿਓ ਦਾ ਵੀ ਏਦਾਂ ਹੀ ਕਰਦਾ ਹੋਉ ਮੇਰਾ ਦੁੱਖ ਵੇਖਕੇ, ਪਰ ਕੀ ਕਰੇ ਉਹਨੂੰ ਸਾਹਮਣੇ ਖੜੇ ਜਵਾਈ ਦੀ ਸ਼ਰਮ ਮਾਰ ਜਾਂਦੀ ਹੋਉ”।
ਇੰਨਾ ਕਹਿਕੇ ਉਹ ਕਮਰੇ ਤੋਂ ਬਾਹਰ ਚਲੀ ਗ ਈ ਤੇ ਜਗਪਾਲ ਸਿਓਂ ਨੂੰ ਸੱਚੀਂ ਆਪਣਾ ਸਿਰ ਫਟ ਗਿਆ ਲੱਗ ਰਿਹਾ ਸੀ।
ਲੇਖਕ – ਰੂਪ ਸੰਧੂ।