ਹੈਦਰਾਬਾਦ — ਨਾਬਾਲਗ ਡਰਾਈਵਰਾਂ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਨੂੰ ਰੋਕਣ ਲਈ ਹੈਦਰਾਬਾਦ ਪੁਲਸ ਨੇ ਇਕ ਬਹੁਤ ਹੀ ਵਧੀਆ ਸ਼ੁਰੂਆਤ ਕੀਤੀ ਹੈ। ਹੁਣ ਹੈਦਰਾਬਾਦ ਵਿਚ ਜੇਕਰ ਕੋਈ ਨਾਬਾਲਗ ਬੱਚਾ ਬਾਈਕ ਚਲਾਉਂਦਾ ਫੜਿਆ ਗਿਆ ਜਾਂ ਸੜਕਾਂ ‘ਤੇ ਡਰਾਈਵਿੰਗ ਕਰਦਾ ਦਿਖਾਈ ਦਿੱਤਾ ਤਾਂ ਉਸਦੇ ਪਾਪਾ(ਪਿਤਾ) ਨੂੰ ਇਕ ਦਿਨ ਦੀ ਜੇਲ ਲਈ ਭੇਜ ਦਿੱਤਾ ਜਾਵੇਗਾ।
ਦਰਅਸਲ ਸਿਰਫ ਫਰਵਰੀ ਮਹੀਨੇ ‘ਚ ਹੀ ਇਲਾਕੇ ਦੇ ਤਿੰਨ ਨਾਬਾਲਗ ਬੱਚੇ ਸੜਕ ਹਾਦਸੇ ‘ਚ ਆਪਣੀ ਜਾਨ ਗਵਾ ਚੁੱਕੇ ਹਨ। ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ ਨਾ ਮੰਨਣ ‘ਤੇ ਪੁਲਸ ਨੇ 4 ਬੱਚਿਆਂ ਨੂੰ ਡਰਾਇਵਿੰਗ ਕਰਦੇ ਹੋਏ ਫੜਿਆ ਤਾਂ ਉਨ੍ਹਾਂ ਬੱਚਿਆਂ ਦੇ ਪਿਤਾ ਨੂੰ ਜੇਲ ਦੀ ਹਵਾ ਖਵਾ ਦਿੱਤੀ। ਇਸ ਤਰ੍ਹਾਂ ਕਰਨ ਵਾਲੇ ਤਿੰਨ ਬੱਚਿਆਂ ਦੇ ਪਿਤਾ ਨੂੰ 1-1 ਦਿਨ ਅਤੇ ਇਕ ਬੱਚੇ ਦੇ ਪਿਤਾ ਨੂੰ 2 ਦਿਨ ਦੀ ਸਜ਼ਾ ਦਿੱਤੀ ਗਈ। ਵਾਰ-ਵਾਰ ਗਲਤੀ ਕਰਨ ਵਾਲੇ ਬੱਚਿਆਂ ਨੂੰ ਬਾਲ ਸੁਧਾਰ ਘਰ ਭੇਜਿਆ ਜਾ ਰਿਹਾ ਹੈ।
ਲਾਪਰਵਾਹੀ ਦੀ ਹੱਦ
– ਸਾਲ 2016 ‘ਚ 2755 ਨਾਬਾਲਗ ਬੱਚਿਆ ਦੇ ਖਿਲਾਫ ਹੈਦਰਾਬਾਦ ‘ਚ ਕਾਰਵਾਈ ਕੀਤੀ ਗਈ।
– ਸਾਲ 2017 ਦੇ ਪਹਿਲੇ ਤਿੰਨ ਮਹੀਨਿਆਂ ਵਿਚ ਹੀ 1026 ਬੱਚਿਆਂ ਨੂੰ ਪੁਲਸ ਨੇ ਫੜਿਆ।
ਇਸ ਬਾਰੇ ‘ਚ ਮਾਹਰਾ ਦਾ ਕਹਿਣਾ ਹੈ ਕਿ ਅੱਜਕੱਲ੍ਹ ਦੇ ਬੱਚੇ ਪੁਰਾਣੇ ਸਮੇਂ ਦੇ ਬੱਚਿਆਂ ਨਾਲੋਂ ਜ਼ਿਆਦਾ ਸਮਾਰਟ ਹਨ ਪਰ ਸੜਕ ਸੁਰੱਖਿਆ ਨਿਯਮਾਂ ਦਾ ਪਾਲਣ ਕਰਨ ਸਮੇਂ ਮਾਨਸਿਕ ਰੂਪ ‘ਚ ਤਿਆਰ ਨਹੀਂ ਹੁੰਦੇ ਅਤੇ ਬਹੁਤੀ ਵਾਰ ਅਣਗੋਲਿਆ ਕਰ ਜਾਂਦੇ ਹਨ। ਇਸ ਲਈ ਨਾਬਾਲਗ ਬੱਚਿਆਂ ਨੂੰ ਡਰਾਇਵਿੰਗ ਨਹੀਂ ਕਰਨੀ ਚਾਹੀਦੀ।
ਹਾਦਸਿਆਂ ਦੇ ਪਿੱਛੇ ਨਾਬਾਲਗ ਡਰਾਈਵਰ
2017 ‘ਚ ਐੱਨ.ਸੀ.ਆਰ.ਬੀ. ਦੀ ਰਿਪੋਰਟ ‘ਚ ਪਹਿਲੀ ਵਾਰ ਨਾਬਾਲਗ ਡਰਾਈਵਰਾਂ ਦੇ ਆਂਕੜੇ ਵੀ ਪੇਸ਼ ਕੀਤੇ ਗਏ। ਆਂਕੜਿਆਂ ਦੇ ਮੁਤਾਬਕ ਕੁੱਲ ਦੁਰਘਟਨਾਵਾਂ ਵਿਚੋਂ 4 ਫੀਸਦੀ ਸੜਕ ਹਾਦਸਿਆਂ ‘ਚ ਨਾਬਾਲਗ ਡਰਾਈਵਰ ਸ਼ਾਮਿਲ ਸਨ। 2016 ‘ਚ ਹੋਣ ਵਾਲੇ ਹਾਦਸਿਆਂ ‘ਚ ਮਰਨ ਵਾਲਿਆਂ ‘ਚ ਜ਼ਿਆਦਾਤਰ 25-30 ਉਮਰ ਵਰਗ ਦੇ ਲੋਕ ਮਾਰੇ ਗਏ ਸਨ।