ਬੁੜੀਏ ਕਿਥੇ ਕੰਧੀ ਬਰੂਹੀਂ ਵੱਜਦੀ ਫਿਰਦੀ ਏਂ ਚੈਨ ਹੈਨੀ ਤੇਰੀ ਕਿਸਮਤ ਵਿਚ ਕਿਤੇ ?

ਉਹ ਪਾਣੀ ਦਾ ਗਿਲਾਸ ਲੈਣ ਚੋਂਕੇ ਵਿਚ ਵੜੀ ਹੀ ਸੀ ਕੇ ਪਰਛੱਤੀ ਤੇ ਮੂਧਾ ਵੱਜਾ ਕੱਚ ਦਾ ਧਾਰੀਦਾਰ ਗਿਲਾਸ ਕੂਹਣੀ ਨਾਲ ਖਹਿ ਕੇ ਥੱਲੇ ਡਿੱਗ ਚੂਰ ਚੂਰ ਹੋ ਗਿਆ !

ਓਸੇ ਵੇਲੇ ਹੀ ਰਸੋਈ ਵਿਚ ਭੁਚਾਲ ਜਿਹਾ ਆ ਗਿਆ ਤੇ ਬੋਲਾਂ ਦੇ ਫੱਟ ਤਿੱਖੇ ਤੀਰਾਂ ਵਾਂਙ ਵਜੂਦ ਦੀ ਹਿੱਕ ਤੇ ਵੱਜਣ ਲੱਗੇ “ਬੁੜੀਏ ਕਿਥੇ ਕੰਧੀ ਬਰੂਹੀਂ ਵੱਜਦੀ ਫਿਰਦੀ ਏਂ ..ਚੈਨ ਹੈਨੀ ਤੇਰੀ ਕਿਸਮਤ ਵਿਚ ਕਿਤੇ ?
ਹੇ ਰੱਬਾ ਐਨੀ ਖਲਕਤ ਦੇ ਸਿਵੇ ਬਲਦੇ ਆ ਰੋਜ ਰੋਜ ..ਤੂੰ ਕਾਹਨੂੰ ਭੁੱਲ ਗਿਆ ਗਿਆਂ ਏਂ ਇਸ ਅੱਗ ਦੀ ਨਾੜ ਨੂੰ ? ਬਹਿ ਗਈ ਏ ਸਾਡੇ ਹੱਡਾਂ ਵਿਚ ਹਮੇਸ਼ਾਂ ਲਈ..ਸਾਰਾ ਸਾਰਾ ਦਿਨ ਇਸੇ ਵਿਚ ਧਿਆਨ ਰਹਿੰਦਾ ਇਸਦਾ ਕੇ ਕੌਣ ਕੀ ਖਾਂਦਾ ਏ? ਕਿਥੇ ਜਾਂਦਾ ਏ? ਤੇ ਕਿਥੇ ਬਹਿੰਦਾ ਏ? ..ਚੈਨ ਨਾਲ ਰਹਿਣ ਦੇਵੇਂਗੀ ਕੇ ਨਹੀਂ ਸਾਨੂੰ ਬੁੜੀਏ ?

ਉਹ ਬਿਨਾ ਪਾਣੀ ਪੀਤੀਓਂ ਹੀ ਸੁੱਕੇ ਸੰਘ ਬਾਹਰ ਆ ਗਈ ਤੇ ਤੁਰੀ ਜਾਂਦੀ ਸੋਚਣ ਲੱਗੀ ਕੇ ਹੁਣ ਉਹ ਸੱਚੀ-ਮੁਚੀ ਹੀ ਬੇਕਾਰ ਹੋ ਗਈ ਸੀ ਸਾਰਿਆਂ ਲਈ…ਕੋਈ ਬਹੁਤੀ ਪੂਰਾਨੀ ਗੱਲ ਵੀ ਨੀ ਜਦੋਂ ਕਿੰਨਾ ਰੋਹਬ ਹੋਇਆ ਕਰਦਾ ਸੀ ਉਸਦਾ ਇਸੇ ਚੋਂਕੇ ਵਿਚ ..ਕਦੀ ਚਾਰੇ ਪਾਸਿਓਂ ਹੱਥੀਂ ਛਾਵਾਂ ਹੋਇਆ ਕਰਦੀਆਂ ਸਨ ਉਸਨੂੰ .. ਉਸਦੇ ਹੁਕਮ ਬਿਨਾ ਪੱਤਾ ਨਹੀਂ ਸੀ ਹਿੱਲਦਾ ਹੁੰਦਾ …ਉਸਦੀ ਇੱਕ ਘੂਰੀ ਨਾਲ ਪਸੀਨੇ ਛੁੱਟ ਜਾਇਆ ਕਰਦੇ ਸਨ ..ਨਿੱਕੇ ਤੋਂ ਨਿੱਕਾ ਕੰਮ ਉਸਦੀ ਸਲਾਹ ਤੋਂ ਬਗੈਰ ਨੇਪਰੇ ਨਹੀਂ ਸੀ ਚੜਦਾ ਹੁੰਦਾ ..ਪਰ ਕੀ ਹੋ ਗਿਆ ਏ ਇਹ ਸਭ ਅਚਾਨਕ ..ਕਦੀ ਅੰਦਾਜਾ ਵੀ ਨਹੀਂ ਸੀ ਲਾਇਆ ਕੇ ਇੰਜ ਵੀ ਹੋਊ ਮੇਰੇ ਨਾਲ..ਸੋਚਦੀ ਸੋਚਦੀ ਦਾ ਗੱਚ ਭਰ ਆਇਆ !

ਮੈਲੇ ਜਿਹੇ ਪੱਲੇ ਦੀ ਨੁੱਕਰ ਨਾਲ ਨੱਕ ਪੂੰਝਦੀ ਹੋਈ ਵਾਪਿਸ ਕਮਰੇ ਨੂੰ ਤੁਸੀਂ ਜਾਂਦੀ ਦੇ ਕਦਮ ਅਚਾਨਕ ਕੰਧ ਤੇ ਲੱਗੀ ਸੱਸ ਦੀ ਪੂਰਾਨੀ ਫੋਟੋ ਕੋਲ ਆ ਕੇ ਜੰਮ ਜਿਹੇ ਗਏ
ਨਾ ਅਗੇ ਤੁਰਿਆ ਜਾਵੇ ਤੇ ਤੇ ਨਾ ਪਿੱਛੇ ..ਅੱਜ ਉਸਨੂੰ ਫੋਟੋ ਵਿਚਲੀ ਸੱਸ ਵਿਅੰਗਮਈ ਹਾਸਾ ਹੱਸਦੀ ਹੋਈ ਇਹ ਆਖਦੀ ਮਹਿਸੂਸ ਹੋ ਰਹੀ ਸੀ ਕੇ “ਅੜੀਏ ਕਿਸੇ ਵੇਲੇ ਤੂੰ ਵੀ ਤੇ ਮੇਰੇ ਨਾਲ ਇਹੋ ਕੁਝ ਹੀ ਕਰਿਆ ਕਰਦੀ ਸੀ..ਜੇ ਅੱਜ ਤੇਰੇ ਆਪਣੇ ਪੈਰ ਹੇਠ ਤਿੱਖਾ ਕੰਡਾ ਚੁੱਬ ਗਿਆ ਏ ਤਾਂ ਅੱਖਾਂ ਚ ਹੰਜੂ ਕਿਹੜੀ ਗੱਲੋਂ ਨਿੱਕਲ ਆਏ ਤੇਰੇ ?

ਉਹ ਨੀਵੀਂ ਪਾਈ ਮਨ ਹੀ ਮਨ ਵਿਚ ਇਹ ਆਖਦੀ ਹੋਈ ਤੁਰੀ ਜਾ ਰਹੀ ਸੀ ਕੇ ਵਾਕਿਆ ਹੀ ਜਿਹੜੇ ਕਿੱਕਰ ਦੀਆਂ ਸੂਲਾਂ ਨੇ ਅੱਜ ਉਸਦੀਆਂ ਤਲੀਆਂ ਲਹੂ-ਲੁਹਾਣ ਕੀਤੀਆਂ ਨੇ ਉਹ ਕਿਸੇ ਵੇਲੇ ਉਸਦੇ ਇਹਨਾਂ ਆਪਣੇ ਹੱਥਾਂ ਦਾ ਹੀ ਤਾਂ ਬੀਜਿਆ ਹੋਇਆ ਏ..ਸੋ ਉਸਨੂੰ ਓਹੋ ਕੁਝ ਮਿਲ ਰਿਹਾ ਏ ਜੋ ਉਸਨੇ ਕਦੀ ਇਸ ਵੇਹੜੇ ਵਿਚ ਬੀਜਿਆ ਸੀ !
( ਸਦਾ ਨਾ ਬਾਗੀਂ ਬੁਲਬੁਲ ਬੋਲੇ ..ਸਦਾ ਨਾ ਮੌਜ ਬਹਾਰਾਂ )

ਹਰਪ੍ਰੀਤ ਸਿੰਘ ਜਵੰਦਾ

error: Content is protected !!