ਜਿੰਦੂ ਨੇ ਐੱਮ .ਐੱਸ.ਈ.ਕੰਪਿਊਟਰ ਸਾਇੰਸ ਕਰ ਲਈ ਸੀ।ਘਰ ਦੇ ਰਿਸ਼ਤਾ ਭਾਲਦੇ ਫਿਰਦੇ ਸੀ।ਬੋਲਦੀ ਨੀ ਤਾਏ ਹਾਕਮ ਸਿਓ ਨੇ ਦੱਸ ਪਾਈ ਆ,ਮੁੰਡੇ ਨੂੰ 27 ਕਿੱਲੇ ਆਉਂਦੇ ਆ,ਬਾਰਾਂ ਪੜਿਆ, ਜੀ.ਟੀ ਰੋਡ ਤੇ ਤਕੜੀ ਕੋਠੀ ਪਾਈ ਐ।ਨਾਲੇ ਮੁੰਡਾ ਸੋਹਣਾ ਵੀ ਬਹੁਤ ਐ। ਰੋਟੀ ਖਾਂਦਿਆਂ ਜਿੰਦੂ ਦੇ ਬਾਪੂ ਨੇ ਉਹਦੀ ਮਾਂ ਨੂੰ ਦੱਸਿਆ। ਜੀ ਫੇਰ ਲੈਣ ਦੇਣ ਕੀ ਹੋਊ, ਉਹ ਵੀ ਪੁੱਛ ਲੈਣਾ ਸੀ।ਅਖੇ ਬੁੜੀਆਂ ਦੀ ਗਿੱਚੀ ਪਿੱਛੇ ਮੱਤ।
ਝੱਲੀਏ ਅੱਜ ਕੱਲ੍ਹ ਕਿੱਲੇ ਪਿੱਛੇ ਲੱਖ ਚਲਦਾ ਜੇ ਸਤਾਈ ਕਿੱਲੇ ਐ ਤਾਂ ਸਿੱਧਾ ਸਤਾਈ ਲੱਖ ਬਣਦਾ।ਕੋਈ ਨਾ ਲਾ ਦਿਆਂਗੇ ਕੱਲੀ ਧੀ ਆ ਆਪਣੇ ,ਨਾਲੇ ਤੈਨੂੰ ਕਾਹਦਾ ਫਿਕਰ ਆ,ਸਭ ਕੁਝ ਹੈਗਾ ਆਪਣੇ। ਆਪਣੀ ਲਾਡੋ ਨੂੰ ਕਿਸੇ ਚੀਜ਼ ਦੀ ਤੋਟ ਨੀ ਆਉਣੀ ਐਡੇ ਤਕੜੇ ਘਰੇ।ਆਖਦਿਆਂ ਹਰਚਰਨ ਸਿਓ ਬੈਠਕ ਵੱਲ ਚਲਾ ਗਿਆ।
ਜਿੰਦੂ ਵੀ ਸਾਰਾ ਕੁਝ ਸੁਣੀ ਜ਼ਾਦੀ ਸੀ।ਉਹ ਰਾਤ ਨੂੰ ਮੰਜੇ ਤੇ ਪਈ ਡੂੰਘੀਆਂ ਸੋਚਾਂ ਵਿੱਚ ਪੈ ਗਈ, ਦੇਖੀਂ ਬਾਪੂ ਐਨੇ ਪੈਸੇ ਲਾਊਗਾ ਮੇਰੇ ਵਿਆਹ ਤੇ ਨਾਲੇ ਮੁੰਡਾ ਤਾਂ ਬਾਰਾਂ ਈ ਪੜ੍ਹਿਆ ਮੈਂ ਐਮ.ਐੱਸ.ਈ ਕੀਤੀ ਆ।
ਬਾਪੂ ਨੇ ਮੇਰੀ ਪੜ੍ਹਾਈ ਨੀ ਦੇਖੀ ਮੁੰਡੇ ਦੀ ਜ਼ਮੀਨ ਦੇਖ ਲਈ, ਕਹਿ ਤਾਂ ਕੀ ਸਕਦੀ ਆਂ, ਚਲ ਜਿਵੇਂ ਹੋਣਾ। ਸੋਚਾਂ ਦਾ ਪੱਲਾ ਸਮੇਟਦੀ ਜਿੰਦੂ ਆਪਣੇ ਆਪ ‘ਚ’ਗੁੱਸਾ ਹੋ ਕੇ ਸੌ ਗਈ। ਰਾਜ਼ੀ ਖੁਸ਼ੀ ਵਿਆਹ ਹੋ ਗਿਆ। ਹਰਚਰਨ ਸਿਓ ਨੇ ਰੁਪਇਆ ਪੂਰਾ ਤੀਹ ਲੱਖ ਲਾਇਐ, ਖੁੰਢਾ ਤੇ ਬੈਠੇ ਲੋਕ ਉੱਚੀ ਉੱਚੀ ਗੱਲਾਂ ਕਰਦੇ ਸੀ।
ਸਾਲ ਬੀਤ ਗਿਆ ਤੇ ਜਿੰਦੂ ਨੇ ਇੱਕ ਧੀ ਨੂੰ ਜਨਮ ਦਿੱਤਾ। ਉਸੇ ਦਿਨ ਤੋਂ ਸਹੁਰਿਆਂ ਦੇ ਮੱਥੇ ਵੱਟ ਪੈ ਗੇ। ਬਸ ਫੇਰ ਤਾਂ ਆਨੇ ਬਹਾਨੇ ਕਲੇਸ਼ ਈ ਭਾਲਦੇ ਸੀ।ਇੱਕ ਦਿਨ ਤਾਂ ਹੱਦ ਈ ਹੋ ਗੀ, ਨਸ਼ੇ ‘ਚ’ ਟੁੰਨ ਜਿੰਦੂ ਦੇ ਘਰਵਾਲੇ ਨੇ ਜਿੰਦੂ ਦੇ ਗਰਮ ਚਿਮਟਿਆਂ ਨਾਲ ਸਾਰੇ ਹੱਥ ਸਾੜ ਦਿੱਤੇ।ਪੱਥਰ ਦਿਲ ਟੱਬਰ ਨੇ ਰੋਕਿਆ ਵੀ ਨਾ। ਚੱਕ ਕੇ ਹਸਪਤਾਲ ਦਾਖਲ ਕਰਾ ਤਾ, ਅਖੇ ਰਸੋਈ ‘ਚ’ ਕੰਮ ਕਰਦੀ ਸੀ, ਅੱਗ ਪੈ ਗੀ। ਪਤਾ ਲੈਣ ਆਏ ਬਾਪੂ ਨੂੰ ਦੇਖ ਜਿੰਦੂ ਭੁੱਬਾਂ ਮਾਰ-ਮਾਰ ਰੋ ਪਈ ਤੇ ਉਸ ਦੇ ਅੰਦਰ ਦਾ ਦਰਦ ਮੂੰਹੋਂ ਫੁੱਟਿਆ, ਬਾਪੂ ਤੂੰ ਮੇਰਾ ਰਿਸ਼ਤਾ ਇਨਸਾਨ ਨਾਲ ਨੀ, ਕਿੱਲ੍ਹਿਆਂ ਨਾਲ ਕਰਤਾ। ਧੀ ਦੀ ਹਾਲਤ ਦੇਖ ਹਰਚਰਨ ਸਿਓ ਡੌਰ ਭੌਰ ਹੋਇਆ ਖੜ੍ਹਾ ਸੀ।
ਲੇਖਿਕਾ- ਨਵਜੋਤ ਕੌਰ
ਬਹੁਤ ਸੋਹਣਾ ਲਿਖਿਆ ਭੈਣ ਨਵਜੋਤ ਕੌਰ ਜੀ ਨੇ, ਇਹ ਬਿਲਕੁੱਲ ਸੱਚ ਹੈ, ਜਦੋਂ ਵੀ ਕਿਸੇ ਕੁੜੀ ਦੇ ਰਿਸਤੇ ਦੀ ਗੱਲ ਤੁਰਦੀ ਆ, ਮਾਂ-ਪਿਓ ਦੇ ਮੂੰਹ ਤੇ ਪਹਿਲੀ ਗੱਲ ਇਹੀ ਆਉਂਦੀ ਕਿ “ਮੁੰਡੇ ਨੂੰ ਪੈਲੀ ਕਿੰਨੀ ਆਉਂਦੀ”। ਸਾਡੀ ਕੁੰਡੀ ਬਸ ਕਿੱਲਿਆਂ ਤੇ ਜਾ ਕੇ ਅੜਗੀ। ਅੱਜਕੱਲ ਚੰਗੇ ਰਿਸ਼ਤੇ ਦਾ ਮਤਲਬ ਵੀ ਕਿੱਲਿਆਂ ਨਾਲ ਜੁੜ ਗਿਆ। ਜੇ ਮੁੰਡੇ ਨੂੰ 20-25 ਕਿੱਲੇ ਆਉਂਦੇ ਹੋਣ ਤਾਂ ਕਹਿਣਗੇ, ਬਹੁਤ ਚੰਗਾ ਘਰ ਲੱਭਿਆ ਬੀ ਕੁੜੀ ਦੇ ਪਿਓ ਨੇ। ਕਿੱਲ੍ਹੇ ਜਿਆਦਾ ਹੋਣ ਦਾ ਇਹ ਮਤਲਬ ਨੀ ਕਿ ਘਰ ਬਹੁਤ ਚੰਗਾ ਹੈ।
ਜੇ ਕਿਸੇ ਦਾ ਸੁਭਾਅ ਮਾੜਾ ਹੈ ਤਾਂ ਕੁੜੀ ਦੇ ਰਿਸ਼ਤੇ ਲਈ ਉਹ ਘਰ ਮਾੜਾ ਹੀ ਹੈ, ਫਿਰ ਚਾਹੇ ਮੁੰਡੇ ਨੂੰ 50 ਕਿੱਲ੍ਹੇ ਆਉਂਦੇ ਹੋਣ। ਇਹੋ ਜਿਹੇ ਘਰ ਕੁੜੀ ਵਿਆਹਤੀ ਤਾਂ ਕੁੜੀ ਨੂੰ ਸਾਰੀ ਉਮਰ ਦੁੱਖਾਂ ਤੋਂ ਸਿਵਾ ਹੋਰ ਕੁਝ ਨਹੀਂ ਮਿਲਣਾ। ਹੋ ਸਕਦਾ ਹੈ ਕਿਸੇ 5 ਕਿੱਲੇ ਵਾਲੇ ਦਾ ਸੁਭਾਅ ਐਨਾਂ ਚੰਗਾ ਹੋਵੇ ਕਿ ਉਹ ਆਪਣੇ ਘਰ ਵਿਆਹੀ ਆਈ ਨੂੰ ਰਾਣੀ ਬਣਾ ਕੇ ਰੱਖੇ।
ਸਾਨੂੰ ਇਹ ਸਮਝਣਾ ਪੈਣਾ ਕਿ ਸੁਖੀ ਜੀਵਨ ਜਿਓੁਣ ਲਈ ਲੱਖਾਂ ਕਰੋੜਾਂ ਰੁਪਏ ਹੋਣਾ ਜਰੂਰੀ ਨਹੀ, ਬਸ ਲੋੜਾਂ ਪੂਰੀਆਂ ਕਰਨ ਜੋਗੇ ਪੈਸੇ ਹੋਣ ਤੇ ਪਿਆਰ ਕਰਨ ਵਾਲੇ ਕੁਝ ਲੋਕ। -ਬਲਰਾਜ ਸਿੰਘ