ਬਾਣੀਏ ਦੀ ਦੁਕਾਨ ਅੱਗੇ 10 ਕਿੱਲਿਆ ਆਲੇ ਜੱਟ ਦੀ ਨਵੀਂ ਲਈ ਗੱਡੀ ਸਵਿਫਟ ਡਿਜ਼ਾਇਰ ਦਾ ਹਾਰਨ ਵੱਜਿਆ ਤਾਂ

ਜੱਟ ਤੇ ਬਾਣੀਆ

ਬਾਣੀਏ ਦੀ 20×10 ਦੀ ਦੁਕਾਨ ਅੱਗੇ 10 ਕਿੱਲਿਆ ਆਲੇ ਜੱਟ ਦੀ ਨਵੀਂ ਲਈ ਗੱਡੀ ਸਵਿਫਟ ਡਿਜ਼ਾਇਰ ਦਾ ਹਾਰਨ ਵੱਜਿਆ, ਤਾਂ ਬਾਣੀਆਂ ਆਪਣੇ ਰੱਸੀ ਨਾਲ ਬੰਨੇ ਹੋਏ ਚਸ਼ਮੇ ਦੇ ਉੱਪਰ ਦੀ ਝਾਕਿਆ। “ਆਜਾ 22 ਆਜਾ ਮਲਕੀਤ ਸੀਆਂ ਆਜਾ, ਵਧਾਈਆਂ ਭਾਈ ਵਧਾਈਆਂ ਮੁੰਡਾ ਵਿਆਹ ਲਿਆ ਨਾਲੇ ਗੱਡੀ ਵੀ ਲੇ ਲਈ, ਬੜੀ ਤਰੱਕੀ ਕਰ ਲਈ ਬੱਲੇ ਬੱਲੇ ਭਾਈ”

ਮਲਕੀਤ ਸਿੰਘ ਨੂੰ ਸਮਝ ਨੀ ਆਇਆ ਵੀ ਬਾਣੀਆਂ ਤਰੀਫਾਂ ਕਰ ਰਿਹਾ ਕੇ ਟਿੱਚਰਾਂ। ਆ ਚੱਕ ਲੱਸੀ 2 ਲੀਟਰ ਆਲਾ ਡੋਲੂ ਬਾਣੀਏ ਦੇ ਅੱਗੇ ਰੱਖ ਕੇ ਮੁੰਡਾ ਮੁੜ ਗਿਆ। ਨਾਲੇ ਜਾਂਦਾ ਹੋਇਆ ਕਹਿੰਦਾ ਬਾਪੂ ਤੂੰ ਬੈਠ, ਮੈਂ ਅਉਣਾ। ਜਾਂਦੀ ਹੋਈ ਗੱਡੀ ਚ ਵੱਜਦਾ ਸਾਉੰਡ ਬਾਣੀਆਂ ਦੀਆ ਦੁਕਾਨਾਂ ਹਿਲਾਉਂਦਾ ਸੀ। ਹੋਰ ਫੇਰ ਮਲਕੀਤ ਸੀਆਂ ਘਰੇ ਖੈਰ ਸੁਖ ਭਾਈ? ਬਸ ਮੇਹਰ ਆ ਮਾਲਕ ਦੀ। ਬਾਕੀ ਤੇਨੂੰ ਪਤਾ ਹੀ ਆ ਜੱਟਾਂ ਦਾ ਹਾਲ, ਤੁਸੀਂ ਵਧੀਆ ਬੈਠੇ 0 ਤੇ 0 ਚਾਹੜੀ ਜਾਨੇ ਓ ਕਹਿ ਕੇ ਮਲਕੀਤ ਸਿੰਘ ਝੂਠਾ ਜਹਿਆਂ ਹੱਸਿਆ। ਸਾਡਾ ਤਾਂ ਗੂਠਾ ਤੁਹਾਡੀ ਬਹਿ ਤੇ ਗਿੱਜ ਗਿਆ। ਹੱਥੋਂ ਹੱਥ ਮਲਕੀਤ ਸਿੰਘ ਨੇ ਕਰਜ਼ੇ ਵਰਗਾ ਜਵਾਬ ਦਿੱਤਾ ਅਤੇ ਦੱਸ ਵੀ ਦਿੱਤਾ ਕਿ ਉਹ ਕਿੰਵੇ ਆਇਆ !

“ਹੈ ਹੈ ਹੈ ਕਾਹਨੂੰ ਮਸ਼ਕਰੀਆਂ ਕਰਦਾ ਮਲਕੀਤ ਸੀਆਂ। ਅਸੀਂ ਜੱਟਾਂ ਦੀ ਕੀ ਰੀਸ ਕਰਣੀ। ਥੋਡੇ ਆਸਰੇ ਅਸੀਂ ਹਾਂ, ਲੈ ਦੱਸ ਬਾਣੀਆਂ ਵੀ ਸਾਰੀ ਗੱਲ ਸਮਝ ਕੇ ਅੰਦਰੋਂ ਹਸਿਆ। ਤੇਨੂੰ ਪਤਾ ਤੇਰਾ ਤੇ ਮੇਰਾ ਬਾਪੂ ਪੱਕੇ ਆੜੀ ਸੀ। ਕਹਿੰਦੇ ਓਹਨੇ 4 ਡੱਬੇ ਰੱਖ ਦੁਕਾਨ ਤੋਰ ਲੀ ਤੇ ਮੇਰਾ ਬਾਪੂ ਵੜ ਗਿਆ ਖੇਤੀ ਚ। ਸਾਨੂੰ ਵੀ ਕੁੱਟ ਕੁੱਟ ਲਾਈ ਰੱਖ ਦਾ ਸੀ ਨਾਲ। ਭਲੇ ਵੇਲਿਆਂ ਦੀ ਗੱਲ ਆ, ਜਮੀਨ ਵੀ ਬਣਾਇ ਸੀ ਓਹਨੇ। ਪਰ ਮੈਂ ਤਾਂ ਓਹੀਓ ਰਿਹਾ, ਛੋਟਾ ਹੁੰਦਾ ਦਾਣੇ ਦੇ ਕੇ ਚੀਜ਼ਾਂ ਲੈਂਦਾ ਸੀ ਤੇ ਆ ਹੁਣ ਆਹ ਗੂਠੇ ਲਾ ਕੇ।” ਦਸਦਾ ਦਸਦਾ ਮਲਕੀਤ ਸਿੰਘ ਉਦਾਸ ਹੋ ਗਿਆ।

ਸਮੇ ਦਾ ਗੇੜ ਆ ਭਾਈ। ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ। ਬਾਣੀਏ ਨੇਂ ਹੰਢਿਆ ਹੋਇਆ ਜਵਾਬ ਦਿੱਤਾ। ਯਾਰ ਦਸ ਤੁਸੀਂ ਕਿਦਾਂ ਕਮਾ ਲੈਨੇ ਓ? ਸਾਥੋਂ ਕਿਉਂ ਨੀ ਪੂਰੀ ਪੈਂਦੀ? ਮਲਕੀਤ ਸਿੰਘ ਬਾਣੀਏ ਦੇ ਨੇੜੇ ਨੂੰ ਹੋ ਗਿਆ। ਮੰਨੇਗਾ ਤਾਂ ਦੱਸੂ । ਬਾਣੀਆਂ ਦਿਲੋਂ ਸਮਝਾਉਣਾ ਚਾਉਂਦਾ ਸੀ। ਏਨੇ ਮੋਬਾਇਲ ਦੀ ਰਿੰਗ ਵੱਜ ਗਈ। ਹਾਂ ਪੁੱਤ” ਬਾਣੀਆਂ ਕੁੜੀ ਦੀ ਕਾਲ ਚੱਕ ਕੇ ਬੋਲਿਆ। ਪਾਪਾ ਜੀ! ਅੱਜ ਫਿਰ ਓਹੀਓ ਗੱਡੀ ਵਾਲਾ ਉੱਚੀ ਉੱਚੀ ਗਾਣੇ ਲਾ ਕੇ ਗਲੀ ਚ ਗੇੜੇ ਦੇ ਰਿਹਾ, ਜੋ ਟਿਊਸ਼ਨ ਟਾਈਮ ਤੰਗ ਕਰਦਾ ਹੁੰਦਾ। ਪੁੱਤ ਤੂੰ ਨੰਬਰ ਨੋਟ ਕਰ ਕੇ ਦਸ ਮੈਂ ਕਰਦਾ ਇਹਦਾ ਕੁਜ। ਓਕੇ ਕਹਿ ਕੇ ਕੁੜੀ ਨੇ ਫੋਨ ਕੱਟ ਦਿੱਤਾ । ਨਾਲ ਦੀ ਨਾਲ ਮੈਸੇਜ ਆ ਗਿਆ ਕੁੜੀ ਦਾ। ਨੰਬਰ ਪੜ ਕੇ ਬਾਣੀਆਂ ਤੈਸ਼ ਚ ਆ ਗਿਆ।

“ਇਹ ਆ ਵਜ੍ਹਾ ਮਲਕੀਤ ਸੀਆਂ, ਸਮਝਿਆ।” ਮੋਬਾਇਲ ਅਨਪੜ੍ਹ ਮਲਕੀਤ ਸਿੰਘ ਦੇ ਅੱਗੇ ਕਰਕੇ ਬੋਲਿਆ, ਆ ਕਿਸ਼ਤਾਂ ਤੇ ਗੱਡੀਆਂ ਲੈ ਕੇ ਦਿੰਨੇ ਓ। ਫੇਰ ਏ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਛੇੜਣ ਲਈ ਨਿਤ ਲਾੜੇ ਬਣ ਕੇ ਨਿਕਲ ਦੇ ਆ। ਗੁੱਸਾ ਨਾਂ ਕਰਿ ਭਾਈ ਇਕ ਗੱਲ ਪੁੱਛਾਂ ?” ਪੁੱਛ, ਮਲਕੀਤ ਸਿੰਘ ਢਿੱਲੀ ਜਾਹੀ ਆਵਾਜ਼ ਚ ਬੋਲਿਆ। ਕਿੰਨੇ ਦੀ ਲੀ ਆ ਗੱਡੀ? 8-9 ਲੱਖ ਦੀ ਤਾਂ ਪੈ ਹੀ ਜਾਉ, 15 ਲੱਖ ਤੇਰੇ ਤੇ ਕਰਜ਼ਾ, ਉਹ ਲਾਹ ਦਿੰਦਾ। ਕੁਜ ਸੌਖਾ ਹੋ ਜਾਂਦਾ, ਖੂਹ ਚ ਤੂੰ ਪਹਿਲਾਂ ਹੀ ਸੀ ਟੋਆ ਹੋਰ ਪੁੱਟ ਲਿਆ।

ਮਲਕੀਤ ਸਿੰਘ ਦਿਆਂ ਅੱਖਾਂ ਧਰਤੀ ਚ ਗੱਡੀਆਂ ਗਿਆ ਸੁਣ ਕੇ ਉਸਨੂੰ ਆਪਣੇ ਮੁੰਡੇ ਤੇ ਗੁੱਸਾ ਆਇਆ, ਪਰ ਪਾਣੀ ਦੀ ਘੁੱਟ ਵਾਂਗ ਲੰਗ ਗਿਆ ਸੰਭਲ ਕੇ ਬੋਲਿਆ, ਉਹ ਤਾਂ ਮੁੰਡੇ ਦੇ ਸੌਹਰਿਆ ਨੇ ਦਿੱਤਾ ਸੀ ਲੱਖ ਕ੍ ਕੁਜ ਮੁੰਡਾ ਕਹਿੰਦਾ ਕਿਸ਼ਤਾਂ ਭਰ ਦਿਆਂਗੇ ਨਵੀਂ ਗੱਡੀ ਲੈ ਲੈਣੇ। ਕਿੱਧਰ ਬਹੂ ਬੱਸਾਂ ਚ ਧੱਕੇ ਖਾਂਦੀ ਹ ਤਾਹੀਂ ਅੱਕ ਚੱਬ ਲਿਆ। ਮਲਕੀਤ ਸਿੰਘ ਨੇ ਵਜ੍ਹਾ ਦੱਸ ਦਿੱਤੀ। ਮੁੰਡਾ ਕਿੰਨੇ ਕਮਾਉਂਦਾ ਮਹੀਨੇ ਦੇ, ਜਾ ਫੇਰ ਬਹੂ? ਜਿਹਨਾਂ ਗੱਡੀ ਚ ਆਉਣ ਜਾਣ ਕਰਨਾ ? ਕਮਾਉਂਦਾ ਸਵਾਹ ਡੱਕਾ ਨੀ ਤੋੜਦਾ। ਕੀ ਦੱਸੀਏ ਭਰਾਵਾਂ ਕਲ ਨੂੰ ਪਹਿਲੀ ਕਿਸ਼ਤ ਦੇਣੀ, ਤਾਹੀ ਤੇਰੇ ਕੋਲ ਆਇਆ। ਮਲਕੀਤ ਸਿੰਘ ਨੇ ਭੇਦ ਖੋਲ ਦਿੱਤਾ। ਕੋਈ ਨਾ ਪੇਹੈ ਤੇਨੂੰ ਦੇ ਕੇ ਤੋਰੁ ਪਰ ਇਕ ਗੱਲ ਆ ਕਿਸ਼ਤ ਤੁਸੀਂ ਬੰਨ ਲਈ 10000 ਦੀ, ਸੌਹਰੇ ਜਾਣਾ 6 ਮਹੀਨੇ ਤੋਂ। ਬਾਕੀ ਟਾਇਮ ਇਹਦਾ ਕਿ ਕਰੋਂਗੇ ਅਚਾਰ ਪਉਗੇ?” ਮਲਕੀਤ ਸਿੰਘ ਕੋਲ ਜਵਾਬ ਨਹੀ ਸੀ ਕੋਈ ਦੱਸਣ ਨੂੰ ਕਿ ਓਹ ਕਿ ਕੰਮ ਆਊਗੀ।

ਪੜਿਆ ਕਿੰਨਾ ਮੁੰਡਾ ? ਪਤਾ ਨੀ ਕਾਲਜ ਤਾਂ ਹਜੇ ਵੀ ਤੁਰਿਆ ਫਿਰਦਾ ਕਰਦਾ ਪਤਾ ਨਈਂ ਕੀ ਆ? ਸੌਹਰੇ ਜਾਣ ਲਈ ਗੱਡੀ ਕਿਰਾਏ ਤੇ ਵੀ ਜਾ ਸਕਦੀ ਨਾਲ ਜਾਉ ਡਰਾਈਵਰ। ਮੇਰਾ ਏਨਾ ਕੰਮ ਆ, ਹਜੇ ਤੱਕ ਆਵਦੀ ਗੱਡੀ ਨੀ ਲਈ। ਪੱਕੀ ਕਰੀ ਹੋਇ ਗੱਡੀ, ਇਕ ਕਾਲ ਤੇ ਗੇਟ ਚ ਆ ਖੜ੍ਹਦੀ। ਤੁਸੀਂ ਬੇਵਜ੍ਹਾ ਫਜ਼ੂਲ ਖਰਚਦੇ ਆ ਬਿਨਾਂ ਮਤਲਬ ਤੋਂ ਘਰ ਭਰਨ ਲਈ ਚੀਜ਼ਾਂ ਖਰੀਦ ਦੇ ਓੰ, ਫੇਰ ਓਹਨਾ ਨੂ ਸਾਂਭਣ ਲਈ ਘਰ ਵੱਡੇ ਕਰੀ ਜਾਨੈ ਓ। ਉੱਤੋਂ ਵੇਹਲੜ ਮੁੰਡਿਆਂ ਨੂੰ ਪੁੱਛਦੇ ਰਤਾ ਨੀ ਕੇ ਫਿਰਦੇ ਕਿੱਥੇ ਨੇ। ਫੇਰ ਕਮਾਈ ਥੋਡੀ ਓਹਨੀ ਆ। ਉਹ ਤਾਂ ਵਧੀ ਨਾਂ, ਹਾਂ ਓਸੇ ਖੇਤ ਚ ਬੰਦੇ ਜਰੂਰ ਵੱਧ ਗਏ ਓ। ਫ਼ੇਰ ਹੱਥੀਂ ਕੋਈ ਕੱਮ ਨੀ ਕਰਦੇ। ਬਈਏ ਸੈੱਟ ਕਰਤੇ ਤੁਹਾਡੀ ਚੌਧਰ ਨੇਂ ਤਾਂ।

ਮਲਕੀਤ ਸਿੰਘ ਦੇ ਬਾਣੀਏ ਦੀਆਂ ਗੱਲਾਂ ਚਪੇੜਾਂ ਵਾਂਗ ਵੱਜ ਰਹੀਆਂ ਸੀ। ਪਰ ਓਹ ਕੌੜੇ ਕੌੜੇ ਘੁੱਟ ਲੰਗਾਈ ਜਾ ਰਿਹਾ ਸੀ। ਜ਼ਿਹਨੀ ਚਾਦਰ ਓਹਨੇ ਕੂ ਪੈਰ ਪਸਾਰੀਏ ਮਲਕੀਤ ਸੀਆਂ। ਕੀ ਭੁਚਾਲ ਆਇਆ ਸੀ ਮੁੰਡਾ ਵਿਹਾਉਣ ਨੂੰ? 20-21 ਸਾਲਾਂ ਦਾ ਹਗਾ, ਅਕਲ਼ ਓਹਨੂੰ ਰਾਈ ਦੀ ਨੀ। ਡੱਕਾ ਉਹ ਤੋੜਦਾ ਨਹੀਂ, ਉੱਤੋਂ ਗੱਡੀ ਲੈ ਤੀ। ਤੇਲ ਨੇ ਪੇਹੈ ਫੂਕਣ ਲਾ ਦਿੱਤਾ, ਫੇਰ ਖਾਣ ਪੀਣ ਵੀ ਲੱਗ ਜਾਉ। ਦੇਈ ਜਾਈੰ, ਗੂਠਾ ਲਾਈ ਜਾਈ। ਕੰਡੇ ਆਪੇ ਬੀਜਦੇ ਓ ਤੁਸੀਂ ਫੁਕਰਪੁਣੇ ਚ, ਤੇ ਵੱਢਣੇ ਵੀ ਆਪ ਨੂੰ ਹੀ ਪੈਣੇ। ਸਿਆਣਿਆਂ ਕਿਹਾ ਭਾਈ ਭੁੱਖ ਇਕ ਰੋਟੀ ਦੀ ਹੋਵੇ ਨਾਂ ਮਲਕੀਤ ਸੀਆਂ, ਇਕੋ ਪਕਾਈਏ, 4 ਪੱਕਾ ਕੇ ਸੁੱਟੋਗੇ ਤਾਂ ਕਣਕ ਮੁਕਦੀ ਟਾਈਮ ਨੀ ਲਾਉਂਦੀ। ਮਲਕੀਤ ਸਿੰਘ ਨੂੰ ਬਾਣੀਏ ਦੀਆਂ ਗੱਲਾਂ ਸੁਣ ਕੇ ਤਾਪ ਚੜ ਗਿਆ।

ਬਾਣੀਏ ਨੇਂ ਬਹੀ ਅੱਗੇ ਕਰਤੀ। ਮਲਕੀਤ ਸਿੰਘ ਦਾ ਗੂਠਾ ਜੋ ਪਹਿਲਾ ਕਦੇ ਗੌਲਿਆ ਨੀ ਸੀ ਅੱਜ ਚੱਕ ਨਾ ਹੋਇਆ। ਛੱਡ ਰਹਿਣ ਦੇ ਯਾਰ ਕਹਿ ਕੇ ਖੜਾ ਹੋ ਗਿਆ। ਬਾਹਰ ਮੁੰਡੇ ਨੇ ਗੱਡੀ ਦਾ ਹਾਰਨ ਫੇਰ ਮਾਰਿਆ ਤਾਂ ਮਲਕੀਤ ਸਿੰਘ ਭਾਰੇ ਹੋਏ ਪੈਰਾਂ ਤੇ ਤੁਰ ਪਿਆ। ਬਾਣੀਆਂ ਵੀ ਨਾਲੇ ਬਾਹਰ ਆ ਗਿਆ ਮੁੰਡੇ ਕੋਲ ਆ ਕੇ ਕਹਿੰਦਾ, ਪੁੱਤ ਅਪਣੀ ਮਾਂ (ਜਮੀਨ) ਗਹਿਣੇ ਕਰਕੇ ਆਸ਼ੀਕੀ ਨੀ ਕਰੀ ਦੀ। ਧੀਆਂ ਭੈਣਾਂ ਸਬ ਦਿਆਂ ਸਾਂਝੀਆਂ ਹੁੰਦੀਆਂ। ਮਲਕੀਤ ਸੀਆਂ ਸਮਝਾਈ ਘਰੇ ਜਾ ਕੇ ਮੁੰਡੇ ਨੂੰ। ਮਲਕੀਤ ਸਿੰਘ ਦੀ ਝੁਕੀ ਹੋਈ ਗਰਦਣ ਉਸਦੀ ਹਾਲਤ ਦੱਸ ਰਹੀ ਸੀ।

ਲੇਖਕ: ਲਵ ਰਾਜ

error: Content is protected !!