ਜੈਪੁਰ : ਮੌਜੂਦਾ ਸਮੇਂ ਆਬੋ-ਹਵਾ ਇਸ ਕਦਰ ਖ਼ਰਾਬ ਹੋ ਚੁੱਕੀ ਹੈ ਕਿ ਨਵੀਂ ਤੋਂ ਨਵੀਂ ਬਿਮਾਰੀ ਸਾਹਮਣੇ ਆ ਰਹੀ ਹੈ। ਕਈ ਵਿਦੇਸ਼ੀ ਬਿਮਾਰੀਆਂ ਦੇਸ਼ ਵਿੱਚ ਹੜਕੰਪ ਮਚਾ ਚੁੱਕੀਆਂ ਹਨ। ਸਵਾਈਨ ਫਲੂ, ਬਰਡ ਫਲੂ ਅਤੇ ਹੋਰ ਕਈ ਤਰ੍ਹਾਂ ਦੀਆਂ ਵਾਇਰਲ ਬਿਮਾਰੀਆਂ ਵਿਦੇਸ਼ਾਂ ਦੀ ਦੇਣ ਹਨ। ਹੁਣ ਇੱਕ ਨਵੀਂ ਬਿਮਾਰੀ ਗਲੈਂਡਰਜ਼ ਸਾਹਮਣੇ ਆ ਰਹੀ ਹੈ, ਜੋ ਘੋੜਿਆਂ ਤੋਂ ਹੁੰਦੀ ਹੈ।
ਇਸ ਬਿਮਾਰੀ ਨੂੰ ਲੈ ਕੇ ਲੋਕਾਂ ਵਿਚ ਕਾਫ਼ੀ ਦਹਿਸ਼ਤ ਪਾਈ ਜਾ ਰਹੀ ਹੈ। ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ, ਜਿਸ ਕਰਕੇ ਵਿਆਹਾਂ ਲਾੜਿਆਂ ਨੇ ਘੋੜੀ ਚੜ੍ਹਨਾ ਹੁੰਦਾ ਹੈ ਪਰ ਇਸ ਭਿਆਨਕ ਬਿਮਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਵਿਆਹਾਂ ਵਿਚ ਘੋੜੇ-ਘੋੜੀਆਂ ਦੀ ਵਰਤੋਂ ਰੋਕ ਦਿੱਤੀ ਗਈ ਹੈ, ਜਿਸ ਕਰਕੇ ਲਾੜਿਆਂ ਨੂੰ ਬਿਨਾਂ ਘੋੜੀ ਚੜ੍ਹਿਆਂ ਹੀ ਵਿਆਹ ਸੰਪੰਨ ਕਰਵਾਉਣਾ ਪੈ ਰਿਹਾ ਹੈ।
ਘੋੜੇ-ਘੋੜੀਆਂ ਤੋਂ ਇਨਸਾਨਾਂ ਨੂੰ ਗਲੈਂਡਰਜ਼ ਰੋਗ ਹੋਣ ਦੀ ਚਿਤਾਵਨੀ ਦਾ ਅਸਰ ਮੰਗਲਵਾਰ ਨੂੰ ਬਰਾਤਾਂ ਵਿਚ ਨਜ਼ਰ ਆਇਆ। ਖ਼ਤਰਾ ਭਾਂਪਦੇ ਹੋਏ ਕਈ ਲਾੜੇ ਘੋੜੀ ਦੀ ਬਜਾਏ ਕਾਰ, ਹਾਥੀ, ਬਾਈਕ ‘ਤੇ ਪਹੁੰਚੇ। ਹਾਲਾਂਕਿ ਕਈ ਵਿਆਹਾਂ ਵਿਚ ਚਿਤਾਵਨੀ, ਬੇਨਤੀ ਅਤੇ ਅਤੇ ਅਪੀਲ ਨੂੰ ਨਕਾਰਦੇ ਹੋਏ ਘੋੜੀ ‘ਤੇ ਬੈਠਣ ਦੀ ਪ੍ਰੰਪਰਾ ਨੂੰ ਬਾਦਸਤੂਰ ਨਿਭਾਇਆ ਗਿਆ।
ਦਰਅਸਲ ਪਸ਼ੂ ਪਾਲਣ ਵਿਭਾਗ ਅਤੇ ਰਾਜਸਥਾਨ ਟੈਂਟ ਡੀਲਰਜ਼ ਕਿਰਾਇਆ ਕਾਰੋਬਾਰੀ ਕਮੇਟੀ ਨੇ ਨਿਕਾਸੀ ਅਤੇ ਬਰਾਤ ਵਿਚ ਲਾੜਿਆਂ ਦੇ ਲਈ ਘੋੜੀ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਸੀ। ਇਸ ਨੂੰ ਦੇਖਦੇ ਹੋਏ ਬਹੁਤ ਸਾਰੇ ਲਾੜੇ ਘੋੜੀ ‘ਤੇ ਨਹੀਂ ਬੈਠੇ।
ਨਵੰਬਰ 2016 ਵਿਚ ਧੌਲਪੁਰ ਤੋਂ ਫੈਲਿਆ ਇਹ ਰੋਗ ਹੁਣ ਤੱਕ ਉਦੈਪੁਰ, ਰਾਜਸਮੰਦ, ਅਜਮੇਰ ਸਮੇਤ ਹੋਰ ਜ਼ਿਲ੍ਹਿਆਂ ਵਿਚ 27 ਘੋੜੇ-ਘੋੜੀਆਂ, ਖੱਚਰਾਂ ਦੀ ਜਾਨ ਲੈ ਚੁੱਕਿਆ ਹੈ। ਇਹ ਰੋਗ ਮਨੁੱਖਾਂ ਵਿਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਦੇਸ਼-ਵਿਦੇਸ਼ ਵਿਚ ਅਜੇ ਤੱਕ ਗਲੈਂਡਰਜ਼ ਰੋਗ ਦਾ ਇਲਾਜ ਉਪਲਬਧ ਨਹੀਂ ਹੈ। ਅਜਿਹੇ ਵਿਚ ਇਸ ਸਮੇਂ ਵਿਆਹਾਂ ਵਿਚ ਘੋੜੇ-ਘੋੜੀਆਂ ਦੀ ਵਰਤੋਂ ਨਾ ਕੀਤੀ ਜਾਵੇ।
ਇਸ ਨੂੰ ਲੈ ਕੇ ਟੈਂਟ ਡੀਲਰਜ਼ ਐਸੋਸੀਏਸ਼ਨ ਨੇ ਵੀ ਅਹੁਦੇਦਾਰਾਂ ਨੂੰ ਪੱਤਰ ਭੇਜੇ ਹਨ। ਘੋੜੀਆਂ ਤੋਂ ਇਨਸਾਨਾਂ ਨੂੰ ਰੋਗ ਹੋਣ ਦਾ ਖ਼ਤਰਾ ਹੋਣ ਨਾਲ ਰਾਜਸਥਾਨ ਟੈਂਟ ਡੀਲਰਜ਼ ਕਿਰਾਇਆ ਕਮੇਟੀ ਨੇ ਪੂਰੇ ਰਾਜਸਥਾਨ ਵਿਚ ਬਰਾਤਾਂ ਵਿਚ ਘੋੜੇ-ਘੋੜੀਆਂ ਸਪਲਾਈ ਕਰਨ ‘ਤੇ ਰੋਕ ਲਗਾ ਦਿੱਤੀ ਹੈ।
ਸੂਬਾ ਪ੍ਰਧਾਨ ਰਵੀ ਜਿੰਦਲ ਨੇ ਦੱਸਿਆ ਕਿ ਸਾਰੇ ਜ਼ਿਲ੍ਹਾ ਪ੍ਰਧਾਨਾਂ ਅਤੇ ਸਕੱਤਰਾਂ ਨੂੰ ਅਪੀਲ ਹੈ ਕਿ ਵਿਆਹਾਂ ਵਿਚ ਘੋੜੇ-ਘੋੜੀਆਂ ਦੀ ਵਰਤੋਂ ਨਾ ਕਰਨ ਦੇ ਯਤਨ ਕੀਤੇ ਜਾਣ। ਨਾਲ ਹੀ ਇਸ ਰੋਗ ਦੇ ਬਾਰੇ ਵਿਚ ਆਪਣੇ ਗਾਹਕਾਂ ਨੂੰ ਜਾਣੂ ਕਰਵਾਉਣ ਅਤੇ ਬਰਾਤ ਵਿਚ ਘੋੜੇ-ਘੋੜੀ ਦੀ ਵਰਤੋਂ ਨਾ ਕਰਨ ਦੀ ਸਲਾਹ ਦੇਣ।