ਫੇਸਬੁੱਕ ‘ਤੇ ਲਾਈਵ ਹੋ ਮਾਰੀ ਹਿੱਕ ‘ਚ ਗੋਲ਼ੀ (Video)..
ਸ੍ਰੀ ਮੁਕਤਸਰ ਸਾਹਿਬ: ਜ਼ਮੀਨੀ ਵਿਵਾਦ ਤੋਂ ਅੱਕੇ ਨੌਜਵਾਨ ਨੇ ਅੱਜ ਫੇਸਬੁੱਕ ‘ਤੇ ਲਾਈਵ ਹੋ ਕੇ ਖ਼ੁਦ ਨੂੰ ਗੋਲ਼ੀ ਮਾਰ ਲਈ। ਘਟਨਾ ਪਿੰਡ ਭੱਟੀਵਾਲਾ ਦੀ ਹੈ ਜਿੱਥੇ ਨੌਜਵਾਨ ਗੁਰਤੇਜ ਸਿੰਘ ਢਿੱਲੋਂ ਨੇ ਆਪਣੇ ਤਾਏ ਨਾਲ ਚੱਲ ਰਹੇ ਜ਼ਮੀਨੀ ਵਿਵਾਦ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਫਿਲਹਾਲ ਨੌਜਵਾਨ ਹਸਪਤਾਲ ਵਿੱਚ ਇਲਾਜ ਅਧੀਨ ਹੈ।
ਅੱਜ ਦੁਪਹਿਰ ਗੁਰਤੇਜ ਨੇ ਆਪਣੇ ਘਰ ਦੇ ਬਾਹਰ ਖੇਤ ਵਿੱਚ ਜਾ ਕੇ ਫੇਸਬੁੱਕ ਲਾਈਵ ਸ਼ੁਰੂ ਕੀਤਾ, ਪਰ ਕਿਸੇ ਦੋਸਤ ਨੂੰ ਆਨਲਾਈਨ ਨਾ ਦੇਖ ਇੰਤਜ਼ਾਰ ਕਰਨ ਲੱਗਾ। ਜਦੋਂ ਹੀ ਉਸ ਦਾ ਪਹਿਲਾ ਦੋਸਤ ਆਨਲਾਈਨ ਹੋਇਆ ਤਾਂ ਉਸ ਨੇ ਆਪਣੇ ਤਾਏ ਨਾਲ ਜਾਰੀ ਵਿਵਾਦ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ। ਕੁੱਲ 38 ਮਿੰਟ ਦੀ ਇਸ ਵੀਡੀਓ ਵਿੱਚ ਉਸ ਨੇ ਕਿਹਾ ਕਿ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ,
ਇਸ ਲਈ ਮੈਂ ਖ਼ੁਦਕੁਸ਼ੀ ਕਰ ਰਿਹਾ ਹਾਂ। ਮੈਂ ਚਾਹੇ ਰਹਾਂ ਜਾਂ ਨਾ ਪਰ ਮੈਨੂੰ ਨਿਆਂਪਾਲਿਕਾ ‘ਤੇ ਪੂਰਾ ਭਰੋਸਾ ਹੈ ਕਿ ਪਰਿਵਾਰ ਨੂੰ ਇਨਸਾਫ ਮਿਲੇਗਾ। ਚੰਗਾ ਰੱਬ ਰਾਖਾ ਕਹਿ ਕੇ ਉਸ ਨੇ ਆਪਣੇ ਲਾਈਸੰਸੀ ਰਿਵਾਲਵਰ ਵਿੱਚੋਂ ਖ਼ੁਦ ਨੂੰ ਗੋਲ਼ੀ ਮਾਰ ਲਈ।
ਗੋਲ਼ੀ ਦੀ ਆਵਾਜ਼ ਸੁਣ ਕੇ ਪਰਿਵਾਰ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਗੁਰਤੇਜ ਦੇ ਭਾਈ ਗੁਰਭੇਜ ਸਿੰਘ ਨੇ ਦੱਸਿਆ ਕਿ ਭੈਣ ਦੇ ਵਿਆਹ ਸਮੇਂ ਕਰਜ਼ ਬਦਲੇ ਉਨ੍ਹਾਂ ਦੇ ਤਾਇਆ ਨੇ ਉਨ੍ਹਾਂ ਦੇ ਪਿਤਾ ਤੋਂ ਜ਼ਮੀਨ ਸਬੰਧੀ ਕਾਗਜ਼ਾਤਾਂ ‘ਤੇ ਦਸਤਖ਼ਤ ਕਰਵਾ ਲਏ ਸੀ। ਉਸ ਨੇ ਦੱਸਿਆ ਕਿ ਤਾਏ ਨੇ ਆਪਣੇ ਅਸਰ ਰਸੂਖ ਦੀ ਵਰਤੋਂ ਕਰ ਕੇ ਉਨ੍ਹਾਂ ਦੀ ਜ਼ਮੀਨ ਆਪਣੇ ਨਾਂਅ ਲਵਾ ਲਈ ਸੀ। ਇਸ ਗੱਲ ਤੋਂ ਉਸ ਦਾ ਪਰਿਵਾਰ ਦੁਖੀ ਹੈ।
Sikh Website Dedicated Website For Sikh In World



