ਪੰਜਾਬ ਦੀ ਕਿਸਾਨੀ ਦੀ ਅਸਲੀ ਤਸਵੀਰ ਹੈ ਰਾਜ ਕਾਕੜੇ ਦਾ ਇਹ ਗੀਤ-ਸਕੀਮਾਂ ਸਰਕਾਰ ਦੀਆਂ

ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੇ ਅਧਾਰਿਤ ਰਾਜ ਕਾਕੜਾ ਦੀ ਅਵਾਜ ਵਿੱਚ ਗੀਤ ਬਹੁਤ ਹੀ ਸੋਹਣੀ ਪੇਸ਼ਕਸ਼। ਇਸ ਤਰਾਂ ਦੇ ਗਾਇਕਾਂ ਦੀ ਸਪੋਰਟ ਕਰਿਆ ਕਰੋ ਜੋ ਹੱਕ ਸੱਚ ਦੀ ਗੱਲ ਕਰਦੇ ਨੇ।ਕਾਕੜਾ ਨੇ ਕਿਹਾ ਕਿ ਹਰ ਪੰਜਾਬੀ ਗਾਇਕ ਅਤੇ ਗੀਤਕਾਰ ਨੂੰ ਕਾਲਜਾਂ ਜਾਂ ਯੂਨੀਵਰਸਿਟੀਆਂ ਦੀਆਂ ਰੁਮਾਂਟਿਕ ਫਿਜ਼ਾਵਾਂ ਵਿਚੋਂ ਨਿਕਲ ਕੇ ਪੰਜਾਬ ਦੇ ਲੋਕਾਂ ਨੂੰ ਭਖਵੇਂ ਮੁੱਦਿਆਂ ਬਾਰੇ ਆਵਾਜ਼ ਉਠਾਉਣੀ ਚਾਹੀਦੀ ਹੈ।

ਪੰਜਾਬ ਦਾ ਪਾਣੀ ਖਤਮ ਹੋ ਗਿਆ, ਬਿਜਲੀ ਲੁੱਟੀ ਗਈ ਅਤੇ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ। ਦੇਸ਼ ਦੀ ਆਜ਼ਾਦੀ ਲਈ 75 ਫੀਸਦੀ ਫਾਂਸੀਆਂ ਚੁੰਮਣ ਵਾਲੇ ਪੰਜਾਬੀਆਂ ਦੀ ਇਹ ਦੁਰਦਸ਼ਾ ਦੇਖ ਕੇ ਉਨ੍ਹਾਂ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਇਹ ਸੀ.ਡੀ. ਕੱਢੀ ਹੈ।
ਅੱਜ ਪੰਜਾਬ ਮੁੜ ਅਜਿਹੀ ਦਿਸ਼ਾ ਅਤੇ ਪ੍ਰਸਥਿਤੀ ਵਿੱਚ ਘਿਰਿਆ ਹੋਇਆ ਹੈ ਜਿਸ ਨੂੰ ਮਸ਼ਹੂਰ ਪੰਜਾਬੀ ਕਵਿਤਰੀ ਅਮ੍ਰਿਤਾ ਪ੍ਰੀਤਮ ਵੱਲੋਂ ਦਹਾਕਿਆਂ ਪਹਿਲੇ ਲਿਖੀ ਕਵਿਤਾ ਦੇ ਬੋਲ, ‘ਇੱਕ ਰੋਈ ਸੀ ਪੰਜਾਬੀ ਦੀ’ ਬਾਖੂਬੀ ਬਿਆਨ ਕਰਦੇ ਹਨ। ਅੱਜ ਪੰਜਾਬ ਮੁੜ ਤੋਂ ਇੱਕ ਰਹਿਬਰ ਦੀ ਤਲਾਸ਼ ਵਿੱਚ ਹੈ ਜੋ ਪਿੰਡਾਂ ਦੀਆਂ ਜੂਹਾਂ ਵਿੱਚ ਰੁਲ ਰਹੀ ਕਿਸਾਨੀ ਅਤੇ ਉਸ ਨਾਲ ਜੁੜੇ ਪਰਿਵਾਰ ਤੇ ਖੇਤ ਮਜਦੂਰਾਂ ਦੀ ਸਾਰ ਲੈ ਸਕੇ ਤੇ ਉਨਾਂ ਨੂੰ ਬਾਹੋਂ ਫੜ ਕਰਜੇ ਦੀਆਂ ਪੰਡਾਂ ਥੱਲੇ ਦੱਬਿਆ ਨੂੰ ਸਹਾਰਾ ਦੇ ਸਕੇ।ਪਿਛਲੇ ਚਾਰ ਮਹੀਨਿਆ ਵਿੱਚ ਫਸਲਾਂ ਦੀ ਤਬਾਹੀ ਕਾਰਨ 94 ਤੋਂ ਉੱਪਰ ਕਿਸਾਨ ਅਤੇ ਖੇਤ ਮਜ਼ਦੂਰ ਖੁਦਕਸ਼ੀਆਂ ਕਰ ਚੁੱਕੇ ਹਨ ਅਤੇ ਆਪਣੇ ਪਿੱਛੇ ਵਿਲਕਦੇ ਪਰਿਵਾਰਾਂ ਨੂੰ ਕਰਜ਼ੇ ਦੀ ਪੰਡ ਹੇਠ ਛੱਡ ਗਏ ਹਨ। ਸੰਗਰੂਰ ਜਿਲੇ ਦੇ ਇੱਕ ਪਿੰਡ ਦਾ ਘਰ ਇਸ ਦੁਖਦਾਈ ਦਿਸ਼ਾ ਨੂੰ ਦਰਸਾਉਂਦਾ ਹੈ ਜਿਸ ਘਰ ਨੂੰ ਰੰਡੀਆਂ ਦੇ ਘਰ ਵਜੋਂ ਜਾਣਿਆਂ ਜਾਂਦਾ ਹੈ।

ਇਸ ਘਰ ਵਿੱਚ ਪੰਜ ਔਰਤਾਂ ਹਨ ਜਿਨਾਂ ਵਿੱਚੋਂ ਚਾਰਾਂ ਦੇ ਪਤੀ ਖੁਦਕਸ਼ੀਆਂ ਕਰ ਚੁੱਕੇ ਹਨ ਤੇ ਇੱਕ ਔਰਤ ਦਾ ਪਤੀ ਨਸ਼ੇ ਦੀ ਮਾਰ ਕਾਰਨ ਜਿਉਂਦਾ ਵੀ ਮੋਇਆ ਵਰਗਾ ਹੈ। ਔਰਤ ਦਾ ਪਤੀ ਕਰਜੇ ਦੀ ਆਫਤ ਕਾਰਨ ਜਿਉਂਦਾ ਹੋਇਆ ਵੀ ਨਸ਼ਿਆ ਦੀ ਮਾਰ ਹੇਠ ਆ ਕੇ ਮਰਿਆਂ ਵਰਗਾ ਹੈ।ਪੰਜਾਬ ਦੀ ਸਥਿਤੀ ਦੀ ਹੋਰ ਵੀ ਭਿਆਨਕਤਾ ਇੱਕ ਕਿਸਾਨ ਦੀ ਸਥਿਤੀ ਤੋਂ ਜਾਣੀ ਜਾ ਸਕਦੀ ਹੈ। ਇਹ ਸਮਾਣਾ ਨੇੜੇ ਪਿੰਡ ਗਾਜੀ ਸਲਾਰ ਦੇ ਕਿਸਾਨ ਦੀ ਵਿਥਿਆ ਹੈ ਜਿਸਨੇ ਆਪਣੀ ਧੀ ਦੀ ਡੋਲੀ ਤੋਰਨ ਵਾਲੇ ਦਿਨ ਹੀ ਆਪਣੇ ਆਪ ਤੇ ਮਿੱਟੀ ਦਾ ਤੇਲ ਪਾ ਲਿਆ ਤੇ ਝੋਨੇ ਦੀ ਪਰਾਲੀ ਵਿੱਚ ਸੜ ਕੇ ਸੁਆਹ ਹੋ ਗਿਆ। ਇਸ ਤੇ ਵੀ ਕਰਜੇ ਦੀ ਪੰਡ ਦਾ ਭਾਰ ਸੀ ਅਤੇ ਡੋਲੀ ਵਾਲੇ ਦਿਨ ਉਸ ਨੂੰ ਡਰ ਸੀ ਕਿ ਉਹ ਸਾਹੂਕਾਰ ਜਿਨਾਂ ਤੋਂ ਉਸਨੇ ਕਰਜਾ ਲਿਆ ਸੀ, ਆ ਕੇ ਕਿਧਰੇ ਉਸਦੀ ਧੀ ਦੀ ਡੋਲੀ ਨਾ ਰੋਕ ਦੇਣ। ਇਸੇ ਕਿਸਾਨ ਨੇ ਕਰਜਾ ਲੈ ਕੇ ਫਸਲਾਂ ਨੂੰ ਤੇ ਘਰ ਦੀ ਰੋਟੀ ਨੂੰ ਚਲਾਉਣ ਲਈ ਜੋ ਵੀ ਉਪਰਾਲੇ ਕੀਤੇ ਉਹ ਸਰਕਾਰ ਦੀਆਂ ਕਿਸਾਨਾਂ ਪ੍ਰਤੀ ਮਾੜੀਆਂ ਨੀਤੀਆਂ ਕਾਰਨ ਫੇਲ੍ਹ ਹੁੰਦੇ ਗਏ ਤੇ ਆਖਰਕਾਰ ਇਸ ਕਿਸਾਨ ਨੇ ਵੀ ਹਜ਼ਾਰਾਂ ਕਿਸਾਨਾਂ ਵਾਂਗ ਮੌਤ ਨੂੰ ਗਲੇ ਲਾ ਲਿਆ।

ਆਪਣੇ ਪਿੱਛੇ ਕਰਜੇ ਦੀ ਲਪੇਟ ਵਿੱਚ ਪੂਰੇ ਪਰਿਵਾਰ ਨੂੰ ਰੋਂਦਿਆ ਛੱੱਡ ਗਿਆ।ਇਸ ਸਮੇਂ 75 ਫੀਸਦੀ ਕਿਸਾਨ ਪਰਿਵਾਰ ਪੰਜ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਦੀ ਕਮਾਈ ਹੇਠਾਂ ਆਪਣਾ ਘਰ ਚਲਾ ਰਹੇ ਹਨ। ਜੋ ਕਿ ਪੱਛਮੀ ਮੁਲਕਾਂ ਮੁਤਾਬਕ ਰੋਜ਼ਾਨਾ 2 ਜਾਂ 3 ਡਾਲਰ ਦੀ ਕਮਾਈ ਵਾਂਗ ਹੈ। ਇਹ ਸਥਿਤੀ ਉਸ ਪੰਜਾਬ ਨੂੰ ਦਰਸਾਉਂਦੀ ਹੈ ਜਿਸ ਤੇ ਕਦੇ ਦਸ ਗੁਰੂਆਂ ਤੇ ਪੀਰ ਪਗੰਬਰਾਂ ਦੀ ਛੋਹ ਤੇ ਸਰਪ੍ਰਸਤੀ ਹਾਸਲ ਸੀ। ਸਿੱਖਾਂ ਦੇ ਗੁਰੂਆਂ ਨੇ ਸਮਾਜ ਨੂੰ ਇੱਕ ਮੁਢਲਾ ਸਿਧਾਂਤ ਦਰਸਾਉਂਦਿਆਂ ਕਿਹਾ ਸੀ ਸਭ ਨੇ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸਹਾਈ ਹੋਣਾ ਹੈ ਤੇ ਬਖਸ਼ੇ ਹੋਏ ਸਰਮਾਏ ਨੂੰ ਲੌੜਵੰਦਾਂ ਦੀਆਂ ਜਰੂਰਤਾਂ ਲਈ ਸਾਂਝਾ ਕਰਨਾ ਹੈ। ਇਸ ਸਮੇਂ ਸਿੱਖਾਂ ਦੀ ਵਾਗਡੋਰ ਇੱਕ ਅਜਿਹੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ ਜਿਸਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵੀ ਆਖਿਆ ਜਾਂਦਾ ਹੈ।

ਇਸ ਸੰਸਥਾ ਕੋਲ ਸਲਾਨਾ ਆਮਦਨ ਇੱਕ ਅਰਬ ਰੁਪਏ ਦੇ ਕਰੀਬ ਹੈ ਜੋ ਕਿ ਸਮੁੱਚੇ ਸਿੱਖ ਭਾਈਚਾਰੇ ਦਾ ਸਰਮਾਇਆ ਹੈ। ਜਿਹੜੇ ਕਿਸਾਨ ਖੁਦਕਸ਼ੀਆਂ ਦੀ ਮਾਰ ਹੇਠਾਂ ਆਪਣੀ ਜੀਵਨ ਲੀਲਾ ਮੁੱਕਾ ਚੁੱਕੇ ਹਨ ਉਨਾਂ ਤੇ ਕੁੱਲ ਮਿਲਾ ਕੇ ਦਸ ਤੋਂ ਵੀਹ ਕਰੋੜ ਰੁਪਏ ਤੋਂ ਘੱਟ ਦਾ ਕਰਜਾ ਬੈਕਾਂ ਤੇ ਸ਼ਾਹੂਕਾਰਾਂ ਦਾ ਹੈ ਜੋ ਉਨਾਂ ਦੀਆਂ ਪੀੜੀਆਂ ਨੂੰ ਖਾ ਰਿਹਾ ਹੈ।ਸਿੱੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਅੱਜ ਇੰਨੀ ਬੇਖਬਰ ਅਤੇ ਨਿਰੱਲਜ ਹੋ ਚੁੱਕੀ ਹੈ ਕਿ ਉਹ ਸਿੱਖ ਭਾਈਚਾਰੇ ਦਾ ਸਰਮਾਇਆਂ ਧਾਰਮਿਕ ਗੁਰਪੁਰਬਾਂ ਤੇ ਵੀ ਕਰੋੜਾਂ ਦੇ ਹਿਸਾਬ ਨਾਲ ਰਾਜਨੀਤਿਕ ਜਲਸਿਆਂ ਤੇ ਉਡਾ ਰਹੀ ਹੈ ਤਾਂ ਜੋ ਇੰਨਾ ਦੇ ਰਾਜਨੀਤਿਕ ਖੈਰ-ਖਵਾਹ ਆਪਣੀ ਨਿੱਜ ਦੀ ਭੂਮਿਕਾ ਤੇ ਚੌਧਰ ਨੂੰ ਬਰਕਰਾਰ ਰੱਖ ਸਕਣ, ਭਾਵੇਂ ਪੰਜਾਬ ਦੀ ਕਿਸਾਨੀ ਇੰਨਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਅੱਜ ਖੁਸ਼ਹਾਲੀ ਤੋਂ ਸੱਖਣੀ ਖੁਦਕਸ਼ੀਆਂ ਦੇ ਖੂਹ ਵਿੱਚ ਉੱਤਰ ਚੁੱਕੀ ਹੈ।

 

error: Content is protected !!