ਪੰਜਾਬ ਚ ਹੋਇਆ ਦਿਲ ਦਹਿਲਾ ਦੇਣ ਵਾਲਾ ਵੱਡਾ ਹਾਦਸਾ ….

ਜੈਤੋ, 13 ਅਕਤੂਬਰ (ਭੂਰਾ ਸਿੰਘ ਰਮਨ, ਜਸਵਿੰਦਰ ਸਿੰਘ ਜੱਸਾ) : ਜੈਤੋ-ਕੋਟਕਪੂਰਾ ਰੋਡ ‘ਤੇ ਨੇੜਲੇ ਪਿੰਡ ਗੁਰੂ ਕੀ ਢਾਬ ਵਿਖੇ ਅੱਜ ਸ਼ਾਮ ਕਰੀਬ ਪੰਜ ਵਜੇ ਭਿਆਨਕ ਸੜਕ ਹਾਦਸੇ ਦੌਰਾਨ ਨੌਜਵਾਨ ਪਤੀ-ਪਤਨੀ ਤੇ ਉਨ੍ਹਾਂ ਦੀ ਦੋ ਮਹੀਨਿਆਂ ਦੀ ਮਾਸੂਮ ਬੱਚੀ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਜਗਮੀਤ ਸਿੰਘ ਲਾਡੀ (28) ਵਾਸੀ ਪਿੰਡ ਧੂੜਕੋਟ ਜ਼ਿਲ੍ਹਾ ਮੋਗਾ ਅਪਣੀ ਪਤਨੀ ਜਸਕਰਨ ਕੌਰ (26) ਅਤੇ ਦੋ ਮਹੀਨੇ ਦੀ ਬੱਚੀ ਜਸਮੀਤ ਕੌਰ ਸਮੇਤ ਪਿੰਡ ਧੂੜਕੋਟ ਤੋਂ ਪਿੰਡ ਅਜਿੱਤ ਗਿੱਲ ਵਿਖੇ ਅਪਣੇ ਰਿਸ਼ਤੇਦਾਰ ਨੂੰ ਦੀਵਾਲੀ ਦੇਣ ਉਪਰੰਤ ਜਦ ਵਾਪਸ ਮੁੜੇ ਤਾਂ ਕੋਟਕਪੂਰਾ ਵੱਲ ਜਾਣ ਸਮੇਂ ਪਿੰਡ ਗੁਰੂ ਕੀ ਢਾਬ ਕੋਲ ਹਾਂਡਾ ਸਿਟੀ ਕਾਰ (ਨੰਬਰ ਪੀ ਬੀ 65 ਏ ਐਚ 3809) ਅਚਾਨਕ ਬੇਕਾਬੂ ਹੋ ਕੇ ਦਰੱਖਤ ‘ਚ ਜਾ ਵੱਜੀ।

ਟੱਕਰ ਐਨੀ ਭਿਆਨਕ ਸੀ ਕਿ ਕਾਰ ਚਕਨਾਚੂਰ ਹੋ ਗਈ ਅਤੇ ਕਾਰ ‘ਚ ਸਵਾਰ ਤਿੰਨੋਂ ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕ ਲਾਡੀ ਦੀ ਭੈਣ ਪਿੰਡ ਅਜਿੱਤਗਿੱਲ ਵਿਆਹੀ ਸੀ ਅਤੇ ਉਹ ਅਪਣੇ ਪਰਵਾਰ ਸਮੇਤ ਭੈਣ ਨੂੰ ਮਿਲਣ ਆਏ ਸਨ। ਹਾਦਸਾ ਉਦੋਂ ਹੋਇਆ ਜਦੋਂ ਉਹ ਵਾਪਸ ਅਪਣੇ ਪਿੰਡ ਧੂੜਕੋਟ ਪਰਤ ਰਿਹਾ ਸੀ।

ਹਾਦਸੇ ਤੋਂ ਤੁਰਤ ਬਾਅਦ ਜੈਤੋ ਤੋਂ ਐਂਬੂਲੈਂਸਾਂ ਸਮੇਤ ਮੌਕੇ ‘ਤੇ ਪੁੱਜੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੀ ਟੀਮ ਅਤੇ ਡੀ.ਐਸ.ਪੀ ਬਲਜਿੰਦਰ ਸਿੰਘ ਸੰਧੂ ਤੇ ਥਾਣਾ ਜੈਤੋ ਦੇ ਮੁਖੀ ਰਾਜੇਸ਼ ਕੁਮਾਰ,  ਏਐਸਆਈ ਰਣਜੀਤ ਸਿੰਘ ਨੇ ਕਾਰ ਵਿਚ ਫਸੀਆਂ ਲਾਸ਼ਾਂ ਨੂੰ ਸਖ਼ਤ ਜਦੋ-ਜਹਿਦ ਤੋਂ ਬਾਅਦ ਬਾਹਰ ਕੱਢ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਵਾਸਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਤੇ ਹਸਪਤਾਲ ਫਰੀਦਕੋਟ ਵਿਖੇ ਭੇਜ ਕੇ ਅਗਲੇਰੀ ਕਾਰਵਾਈ ਆਰੰਭ ਦਿਤੀ।

error: Content is protected !!