ਮਾਨਸਾ: ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਖੁਰਦ ਦੀ ਪੰਚਾਇਤ ਸ਼ਰਾਬ ਦਾ ਠੇਕਾ ਬੰਦ ਕਰਾਉਣਾ ਚਾਹੁੰਦੀ ਸੀ ਪਰ ਸਰਕਾਰ ਨੇ ਪਿੰਡ ਦਾ ਪ੍ਰਾਇਮਰੀ ਸਕੂਲ ਬੰਦ ਕਰਨ ਦਾ ਫ਼ਰਮਾਨ ਭੇਜ ਦਿੱਤਾ। ਪਿੰਡ ਦੇ ਸਰਪੰਚ ਜਗਰੂਪ ਸਿੰਘ ਨੇ ਦੱਸਿਆ ਕਿ ਪੰਚਾਇਤ ਨੇ ਠੇਕਾ ਬੰਦ ਕਰਾਉਣ ਲਈ ਮਤਾ ਪਾਸ ਕੀਤਾ ਸੀ, ਜੋ ਸਰਕਾਰ ਨੇ ਪ੍ਰਵਾਨ ਨਹੀਂ ਕੀਤਾ ਪਰ ਸਕੂਲ ਨੂੰ ਬੰਦ ਕਰਨ ਦੇ ਹੁਕਮ ਆ ਗਏ ਹਨ। ਸਰਪੰਚ ਨੇ ਕਿਹਾ ਕਿ ਉਹ ਹੁਣ ਪਿੰਡ ‘ਚ ਸ਼ਰਾਬ ਦਾ ਠੇਕਾ ਵੀ ਨਹੀਂ ਰਹਿਣ ਦੇਣਗੇ।

ਬਠਿੰਡਾ ਦੇ ਪਿੰਡ ਮਹਿਰਾਜ ਦੇ ਕੋਠੇ ਟੱਲਵਾਲੀ ਤੇ ਪਿੰਡ ਪਿਪਲੀ ਦੇ ਸਰਪੰਚਾਂ ਨੇ ਸ਼ਰਾਬ ਦੇ ਠੇਕੇ ਨੂੰ ਚੁੱਕਣ ਦੀ ਮੰਗ ਕੀਤੀ ਹੈ। ਪਰ ਇਨ੍ਹਾਂ ਦੋਵੇਂ ਪਿੰਡਾਂ ਦੇ ਪ੍ਰਾਇਮਰੀ ਸਕੂਲ ਬੰਦ ਕਰਨ ਦਾ ਫੈਸਲਾ ਹੋਇਆ ਹੈ। ਕੋਠੇ ਟੱਲਵਾਲੀ ਦੇ ਸਰਪੰਚ ਸੁਖਮੰਦਰ ਸਿੰਘ ਤੇ ਪਿਪਲੀ ਦੇ ਸਰਪੰਚ ਮੇਜਰ ਸਿੰਘ ਨੇ ਕਿਹਾ ਕਿ ਉਹ ਸਕੂਲ ਤਾਂ ਨਹੀਂ ਚੁੱਕਣ ਦੇਣਗੇ ਪਰ ਸ਼ਰਾਬ ਦਾ ਠੇਕਾ ਜ਼ਰੂਰ ਚੁਕਾਉਣਗੇ। ਮਾਨਸਾ ਦੇ ਪਿੰਡ ਲੁਹਾਰ ਖੇੜਾ ਦੇ ਬੱਚਿਆਂ ਨਾਲ ਤਾਂ ਜੱਗੋਂ ਤੇਰ੍ਹਵੀਂ ਹੋ ਗਈ ਹੈ। ਸਰਪੰਚ ਜਗਵਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਲਈ ਕਿਸੇ ਦੂਜੇ ਸਕੂਲ ਵਿੱਚ ਜਾਣਾ ਮੁਸ਼ਕਲ ਹੈ, ਜਿਸ ਕਾਰਨ ਬੱਚਿਆਂ ਦੇ ਘਰਾਂ ਵਿੱਚ ਬੈਠਣ ਦਾ ਖ਼ਦਸ਼ਾ ਹੈ।

ਜ਼ਿਲ੍ਹਾ ਮੋਗਾ ਦੇ ਪਿੰਡ ਨੱਥੂਵਾਲਾ ਗਰਬੀ ਦਾ ਪ੍ਰਾਇਮਰੀ ਸਕੂਲ ਵੀ ਬੰਦ ਹੋਵੇਗਾ। ਇਸ ਪਿੰਡ ਦੀ ਮਹਿਲਾ ਸਰਪੰਚ ਮਨਜੀਤ ਕੌਰ ਨੇ ਦੱਸਿਆ ਕਿ ਦੋ ਵਰ੍ਹੇ ਪਹਿਲਾਂ ਠੇਕਾ ਬੰਦ ਕਰਾਉਣਾ ਚਾਹਿਆ ਸੀ ਪਰ ਸਰਕਾਰ ਨਹੀਂ ਮੰਨੀ ਪਰ ਹੁਣ ਸਕੂਲ ਬੰਦ ਕਰਨ ਦਾ ਹੁਕਮ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਹੁਣ ਠੇਕਾ ਵੀ ਚੁਕਾਏਗੀ। ਪਿੰਡ ਅਸਪਾਲ (ਮਾਨਸਾ) ਦਾ ਪ੍ਰਾਇਮਰੀ ਸਕੂਲ ਬੰਦ ਹੋਇਆ ਤਾਂ ਸਕੂਲ ਦੇ ਬੱਚਿਆਂ ਨੂੰ ਪੌਣੇ ਚਾਰ ਕਿਲੋਮੀਟਰ ਦੂਰ ਪੜ੍ਹਨ ਜਾਣਾ ਪਵੇਗਾ।

ਸਾਬਕਾ ਸਰਪੰਚ ਬਿੱਕਰ ਸਿੰਘ ਨੇ ਕਿਹਾ ਕਿ ਬੱਚਿਆਂ ਲਈ ਤੁਰ ਕੇ ਜਾਣਾ ਮੁਸ਼ਕਲ ਹੋਵੇਗਾ। ਸੰਗਰੂਰ ਦੇ ਪਿੰਡ ਦੌਲੋਵਾਲ ਦੇ ਸਰਪੰਚ ਜਸਪਾਲ ਸਿੰਘ ਨੇ ਕਿਹਾ ਕਿ ਪੰਚਾਇਤ ਪਿੰਡ ਦੇ ਸਕੂਲ ਨੂੰ ਬੰਦ ਨਹੀਂ ਹੋਣ ਦੇਵੇਗੀ। ਇਸੇ ਜ਼ਿਲ੍ਹੇ ਦੇ ਪਿੰਡ ਬੱਲਮਗੜ੍ਹ ਦੇ ਸਾਬਕਾ ਸਰਪੰਚ ਜਰਨੈਲ ਸਿੰਘ ਨੇ ਵੀ ਇਹੋ ਗੱਲ ਆਖੀ ਹੈ।
Sikh Website Dedicated Website For Sikh In World