ਪੰਜਵੀਂ ਧੀ ਜੰਮਣ ਤੇ ਬੰਦੇ ਵੱਲੋਂ ਰੱਬ ਅਤੇ ਗੁਰਬਾਣੀ ਉਤੇ ਗੁੱਸੇ ‘ਚ ਗੁਟਕਾ ਸਾਿਹਬ ਨੂੰ ਅੱਗ ਲਾੲੀ ..

ਔਰਤਾਂ ਦੇ ਹੱਕਾਂ ਪ੍ਰਤੀ ਸੋਚ ਵਿਚ ਸਵੱਛਤਾ ਨਹੀਂ ਆ ਰਹੀ, ਜਿਸ ਤਰ੍ਹਾਂ ਦੇਸ਼ ਵਿਚ ਸਫ਼ਾਈ ਦੀ ਆਦਤ ਨਹੀਂ ਪੈ ਰਹੀ। ਕਾਰਨ ਤਾਂ ਸਾਫ਼ ਹੀ ਹੈ। ਕੁੱਝ ਤਸਵੀਰਾਂ ਖਿੱਚਣ ਨਾਲ ਜਾਂ ਕੁੱਝ ਇਸ਼ਤਿਹਾਰਾਂ ਨਾਲ ਸੋਚ ਨਹੀਂ ਬਦਲੀ ਜਾ ਸਕਦੀ। ਬਲਾਤਕਾਰ ਲਈ ਜ਼ਿੰਮੇਵਾਰ ਅਜੇ ਤਕ ਵੀ ਪੀੜਤਾ ਨੂੰ ਹੀ ਮੰਨਿਆ ਜਾਂਦਾ ਹੈ ਜਦਕਿ ਇਹ ਘਿਨਾਉਣਾ ਅਪਰਾਧ ਬਲਾਤਕਾਰੀ ਦੀ ਹੈਵਾਨੀ ਸੋਚ ਦਾ ਪ੍ਰਤੀਕ ਹੈ। ਜੀਂਦ ਦੀ ਇਕ ਦਲਿਤ ਕੁੜੀ ਨੇ ਖ਼ੁਦਕੁਸ਼ੀ ਕਰ ਲਈ ਜਦੋਂ ਉਸ ਦੇ ਪ੍ਰਵਾਰ ਨੇ ‘ਉੱਚ ਜਾਤੀ’ ਦੇ ਬਲਾਤਕਾਰੀ ਵਿਰੁਧ ਪਰਚਾ ਲਿਖਵਾਉਣ ਤੋਂ ਇਨਕਾਰ ਕਰ ਦਿਤਾ।
ਇਸ ਡਰ ਤੋਂ ਮੁੰਡਿਆਂ ਦੀ ਹਿੰਮਤ ਹੋਰ ਵੱਧ ਗਈ ਅਤੇ ਉਹ ਕੁੜੀ ਨੂੰ ਲਗਾਤਾਰ ਛੇੜਦੇ ਰਹੇ ਅਤੇ ਗੰਦੀਆਂ ਚਿੱਠੀਆਂ ਲਿਖਦੇ ਰਹੇ ਜਿਸ ਨਾਲ ਉਸ ਕੁੜੀ ਦੀ ਹਿੰਮਤ ਟੁਟ ਗਈ। ਲੁਧਿਆਣਾ ਵਿਚ ਇਕ ਬਾਪ ਨੇ ਅਪਣੀ ਪੰਜਵੀਂ ਧੀ ਜੰਮਣ ਤੇ ਰੱਬ ਨਾਲ ਨਾਰਾਜ਼ਗੀ ਵਿਖਾਉਣ ਵਾਸਤੇ ਗੁਟਕੇ ਨੂੰ ਸਾੜ ਦਿਤਾ। ਦੋਵੇਂ ਮਾਮਲੇ ਆਪਸ ਵਿਚ ਜੁੜੇ ਹੋਏ ਹਨ ਕਿਉਂਕਿ ਕੁੜੀਆਂ ਦੀ ਜ਼ਿੰਦਗੀ ਨੂੰ ਇਸ ਕਦਰ ਔਕੜਾਂ ਨਾਲ ਭਰ ਦਿਤਾ ਜਾਂਦਾ ਹੈ ਕਿ ਮਾਪਿਆਂ ਵਾਸਤੇ ਉਹ ਬੋਝ ਬਣ ਜਾਂਦੀਆਂ ਹਨ। ਪਾਲਣ ਪੋਸਣ ਦਾ ਖ਼ਰਚਾ ਤਾਂ ਹਰ ਬੱਚੇ ਉਤੇ ਆਉਂਦਾ ਹੀ ਹੈ ਪਰ ਕੁੜੀਆਂ ਉਤੇ ‘ਪਰਾਇਆ ਧਨ’ ਦਾ ਠੱਪਾ ਲਾ ਕੇ ਉਨ੍ਹਾਂ ਨੂੰ ਬੋਝ ਵਾਂਗ ਵੇਖਿਆ ਜਾਂਦਾ ਹੈ।
ਉਸ ਤੋਂ ਵੀ ਵੱਧ ਉਨ੍ਹਾਂ ਦੀ ‘ਇੱਜ਼ਤ’ ਨੂੰ ਬਚਾਉਣ ਦਾ ਜ਼ਿੰਮਾ ਵੀ ਮਾਪਿਆਂ ਸਿਰ ਸੁਟਿਆ ਜਾਂਦਾ ਹੈ। ਜੇ ਤਸਵੀਰ ਨੂੰ ਸਹੀ ਤਰ੍ਹਾਂ ਵੇਖਿਆ ਜਾਵੇ ਤਾਂ ਬਲਾਤਕਾਰੀ ਨੂੰ ਜੇਲ ਵਿਚ ਜਾਣ ਤੋਂ ਕੰਬਣਾ ਚਾਹੀਦਾ ਹੈ ਪਰ ਸਮਾਜ ਔਰਤ ਉਤੇ ਹੀ ਬੋਝ ਪਾਉਂਦਾ ਹੈ ਅਤੇ ਮਾਪੇ ਬੱਚੀਆਂ ਨੂੰ ਮਾਰਨਾ ਚਾਹੁੰਦੇ ਹਨ। ਜੇ ਗੁਟਕੇ ਵਿਚ ਦਿਤੀ ਬਰਾਬਰੀ ਦੀ ਸੋਚ ਸਿੱਖ ਕੌਮ ਨੇ ਗੁਰੂ ਦਾ ਹੁਕਮ ਮੰਨ ਕੇ ਲਾਗੂ ਕੀਤੀ ਹੁੰਦੀ ਤਾਂ ਅੱਜ ਪੰਜਾਬ ਵਿਚ ਕੁੜੀਆਂ ਇਕ ਵਸਤੂ ਤਾਂ ਨਾ ਬਣਦੀਆਂ ਅਤੇ ਇਨ੍ਹਾਂ ਦੇ ਜਨਮ ਮੌਕੇ ਖ਼ੁਸ਼ੀਆਂ ਮਨਾਈਆਂ ਜਾਂਦੀਆਂ। ਸੋਚ ਵਿਚ ਏਨੀ ਗੰਦਗੀ ਹੈ ਤਾਂ ਔਰਤ ਦੀ ਜੂਨ ਸੁਧਰੇਗੀ ਕਿਵੇਂ? -ਨਿਮਰਤ ਕੌਰ

error: Content is protected !!