ਪੋਤੇ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਸੰਦੂਕ ‘ਚ ਬੰਦ ਕਰਕੇ ਰੱਖਣ ਵਾਲੀ ਦਾਦੀ ਨੇ ਧਮਕੀ ਦਿੱਤੀ ਹੈ ਕਿ ਜਦੋਂ ਤੱਕ ਉਸ ਦੇ ਪੋਤੇ ਦੇ ਕਾਤਲ ਸਲਾਖਾਂ ਪਿੱਛੇ ਨਹੀਂ ਪੁੱਜ ਜਾਂਦੇ, ਉਸ ਸਮੇਂ ਤੱਕ ਉਹ ਪੋਤੇ ਦਾ ਅੰਤਿਮ ਸਸਕਾਰ ਨਹੀਂ ਕਰੇਗੀ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਪੋਤੇ ਦੀ ਲਾਸ਼ ਨਾਲ ਪੁਲਿਸ ਥਾਣੇ ਦੇ ਬਾਹਰ ਧਰਨੇ ‘ਤੇ ਬੈਠ ਜਾਵੇਗੀ।
ਅਸਲ ‘ਚ ਜਗਰਾਓਂ ਤੋਂ 25 ਕਿਲੋਮੀਟਰ ਦੂਰ ਪਿੰਡ ਹਥਤੂਰ ਦੀ ਰਹਿਣ ਵਾਲੀ ਗੁਰਦਿਆਲ ਕੌਰ ਦੇ ਪੋਤੇ ਗੁਰਪ੍ਰੀਤ ਸਿੰਘ (26) ਦੀ ਮੌਤ ਹੋ ਚੁੱਕੀ ਹੈ। ਦਾਦੀ ਨੇ ਇਸ ਮਾਮਲੇ ‘ਚ ਪੁਲਿਸ ‘ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਹਨ। ਮ੍ਰਿਤਕ ਗੁਰਪ੍ਰੀਤ ਦੇ ਪਿਤਾ ਜਸਵੀਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਬੇਟਾ ਗੁਰਪ੍ਰੀਤ 30 ਦਸੰਬਰ ਨੂੰ ਚੰਡੀਗੜ੍ਹ ‘ਚ ਇਮੀਗ੍ਰੇਸ਼ਨ ਕੇਂਦਰ ਗਿਆ ਸੀ ਪਰ ਵਾਪਸ ਘਰ ਨਹੀਂ ਆਇਆ।
ਪਰਿਵਾਰ ਨੇ ਹਥਤੂਰ ਪੁਲਿਸ ਥਾਣੇ ‘ਚ ਬੇਟੇ ਦੇ ਲਾਪਤਾ ਹੋਣ ਦੀ ਰਿਪੋਰਟ ਵੀ ਦਰਜ ਕਰਾਈ ਸੀ। ਫਿਰ ਪੁਲਸ ਜਾਂਚ ‘ਚ ਸਾਹਮਣੇ ਆਇਆ ਕਿ ਗੁਰਪ੍ਰੀਤ ਦਾ ਫੇਸਬੁੱਕ ‘ਤੇ ਜਲੰਧਰ ਦੀ ਰਹਿਣ ਵਾਲੀ ਲੜਕੀ ਨਾਲ ਅਫੇਅਰ ਚੱਲ ਰਿਹਾ ਸੀ। ਸਿਰਫ ਇੰਨਾ ਹੀ ਨਹੀਂ ਗੁਰਪ੍ਰੀਤ ‘ਤੇ ਲੜਕੀ ਦੀਆਂ ਅਸ਼ਲੀਲ ਤਸਵੀਰਾਂ ਅਪਲੋਡ ਕਰਨ ਦਾ ਵੀ ਦੋਸ਼ ਸੀ।
ਜਿਸ ਕਾਰਨ ਲੜਕੀ ਦੇ ਭਰਾ ਲਵਦੀਸ਼ ਨੇ ਆਪਣੇ ਦੋਸਤ ਨਾਲ ਮਿਲ ਕੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਮ੍ਰਿਤਕ ਗੁਰਪ੍ਰੀਤ ਘਰ ਵਾਲਿਆਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਬੇਟਾ ਅਜਿਹਾ ਨਹੀਂ ਕਰ ਸਕਦਾ। ਉਨ੍ਹਾਂ ਦਾ ਕਹਿਣਾ ਹੈ ਕਿ ਬੇਟੇ ਦਾ ਬਿਨਾਂ ਕਾਰਨ ਹੀ ਕਤਲ ਕੀਤਾ ਗਿਆ ਹੈ ਅਤੇ ਹੁਣ ਪੁਲਿਸ ਕਾਤਲਾਂ ਨੂੰ ਜੇਲ ‘ਚ ਬੰਦ ਨਹੀਂ ਕਰ ਰਹੀ।
ਇਸ ਮਾਮਲੇ ਸਬੰਧੀ ਲੁਧਿਆਣਾ ਦਿਹਾਤੀ ਪੁਲਿਸ ਦੇ ਸੀਨੀਅਰ ਸੁਪਰੀਡੈਂਟ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮੰਗਲਵਾਰ ਸ਼ਾਮ ਨੂੰ ਮ੍ਰਿਤਕ ਦੀ ਦਾਦੀ ਨੂੰ ਬਣਦੀ ਕਾਰਵਾਈ ਕਰਨ ਦਾ ਭਰੋਸਾ ਦੁਆਇਆ ਹੈ, ਜਿਸ ਤੋਂ ਬਾਅਦ ਉਹ ਗੁਰਪ੍ਰੀਤ ਦੇ ਅੰਤਿਮ ਸਸਕਾਰ ਲਈ ਮੰਨ ਗਈ ਹੈ।
Sikh Website Dedicated Website For Sikh In World