ਅੰਮ੍ਰਿਤਸਰ (ਬਿਊਰੋ)— ”ਉਹ ਸਾਰਿਆ ਨੂੰ ਰਵਾ ਗਿਆ। ਮੈਨੂੰ ਤਨਹਾ (ਇੱਕਲਾ) ਛੱਡ ਗਿਆ। ਪਿਆਰੇ ਬਿਨਾਂ ਕੁਝ ਚੰਗਾ ਨਹੀਂ ਲੱਗਦਾ। ਇੱਕਠੇ ਰਹਿੰਦੇ ਸੀ, ਇੱਕਠੇ ਗਾਉਂਦੇ ਸੀ। ਉਸ ਨੂੰ ਸਾਰੀ ਦੁਨੀਆ ਪਿਆਰ ਕਰਦੀ ਸੀ…”। ਅੱਖਾਂ ‘ਚ ਵਿਛੋੜੇ ਦਾ ਦੁੱਖ ਜ਼ਾਹਰ ਕਰਦੇ ਹੋਏ ਪੂਰਨ ਚੰਦ ਵਡਾਲੀ ਨੇ ਛੋਟੇ ਭਰਾ ਪਿਆਰੇਲਾਲ ਵਡਾਲੀ ਦੇ ਦਿਹਾਂਤ ਦੇ ਤਿੰਨ ਦਿਨ ਬਾਅਦ ਆਪਣੀ ਚੁੱਪੀ ਤੋੜੀ। ਕਿਹਾ ਕਿ ਪਿਆਰੇ ਬਿਨਾਂ ਮੈਂ ਟੁੱਟ ਗਿਆ ਹਾਂ। ਜਦੋਂ ਅਸੀਂ ਗਾਉਂਦੇ ਸੀ, ਤਾਂ ਉਹ ਅੱਖਾਂ ਦਾ ਇਸ਼ਾਰਾ ਸਮਝਦਾ ਸੀ। ਸੂਫੀ ਬੋਲਾਂ ਨੂੰ ਕਦੋਂ ਤੇ ਕਿਵੇਂ ਉਤਾਅ-ਚੜਾਅ ਦੇਣਾ ਹੈ, ਉਸ ਨੂੰ ਪਤਾ ਸੀ।
ਭੁੱਖ ਲੱਗੀ ਹੋਵੇ ਤਾਂ ਨਮਕ ਵੀ ਚੰਗਾ ਲੱਗਦਾ ਹੈ… ਨੀਂਦ ਲੱਗੀ ਹੋਵੇ ਤਾਂ ਬਿਸਤਰ ਦੀ ਕੀ ਲੋੜ ਹੈ… ਭਰਾ ਨੂੰ ਯਾਦ ਕਰਦੇ ਹੋਏ ਪੂਰਨ ਚੰਦ ਵਡਾਲੀ ਵਿੱਚ-ਵਿੱਚ ਸੂਫੀ ਕਲਾਮ ਦੀਆਂ ਲਾਈਨਾਂ ਬੋਲ ਕੇ ਆਪਣਾ ਦਰਦ ਜ਼ਾਹਰ ਕਰਦੇ ਰਹੇ। ਉਨ੍ਹਾਂ ਨੇ ਕਿਹਾ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਪਿਆਰੇ ਨੂੰ ਬਚਾਉਣ ਲਈ ਪਰ ਰਬ ਦੀ ਮਰਜ਼ੀ ਅੱਗੇ ਮਜਬੂਰ ਹੋ ਗਏ। ਮੈਨੂੰ ਯਾਦ ਹੈ ਕਿ ਇਕ ਵਾਰ ਅਸੀਂ ਅਮਰੀਕਾ ਤੋਂ ਵਾਪਸ ਆ ਰਹੇ ਸੀ। ਘਰ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਸਿਹਤ ਵਿਗੜ ਗਈ। ਅਸੀਂ ਉਸ ਨੂੰ ਤਤਕਾਲ ਰਾਨੀ ਕਾ ਬਾਗ ਸਥਿਤ ਉੱਪਲ ਹਸਪਤਾਲ ਲੈ ਗਏ। ਪਿਆਰੇ ਮੇਰੀ ਤਾਕਤ ਸੀ, ਹੁਣ ਮੈਂ ਇੱਕਲਾ ਹੋ ਗਿਆ ਹਾਂ।
ਦੁਨੀਆਭਰ ‘ਚ ਹਨ ਪਿਆਰੇ ਲਾਲ ਵਡਾਲੀ ਨੂੰ ਚਾਹੁਣ ਵਾਲੇ
ਪਿਆਰੇ ਲਾਲ ਵਡਾਲੀ ਦੀ ਆਵਾਜ਼ ਦੀ ਪੂਰੀ ਦੁਨੀਆ ਕਾਇਲ ਸੀ। ਇਹੀ ਵਜ੍ਹਾ ਹੈ ਕਿ ਭਾਰਤ ਸਮੇਤ ਅਮਰੀਕਾ, ਕੈਨੇਡਾ, ਪਾਕਿਸਤਾਨ ਤੋਂ ਲੋਕਾਂ ਨੇ ਦੁੱਖ ਪ੍ਰਗਟ ਕੀਤਾ। ਪੂਰਨ ਚੰਦ ਵਡਾਲੀ ਨੇ ਅੱਗੇ ਕਿਹਾ, ”ਸਰਕਾਰ ਨੇ ਮੇਰਾ ਨਾਂ ‘ਪਦਮਸ਼੍ਰੀ’ ਲਈ ਐਲਾਨ ਕੀਤਾ ਸੀ। ਮੈਂ ਚਾਹੁੰਦਾ ਸੀ ਕਿ ਪਿਆਰੇ ਨੂੰ ਵੀ ਇਹ ਐਵਾਰਡ ਮਿਲੇ। ਇਸ ਕਾਰਨ ਮੈਂ ਪਦਮਸ਼੍ਰੀ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ‘ਚ ਪਿਆਰੇ ਤੇ ਰਿਸ਼ਤੇਦਾਰਾਂ ਦੇ ਕਹਿਣ ‘ਤੇ ਮੈਂ ਇਹ ਐਵਾਰਡ ਲਿਆ ਸੀ।