ਦੁਲਹਨ ਦੇ ਹੱਥਾਂ ‘ਤੇ ਲੱਗੀ ਰਹਿ ਗਈ ਮਹਿੰਦੀ, ਮੇਲ ਵਾਲੇ ਦਿਨ ਸਹੁਰਿਆਂ ਤੋਂ ਆਏ ਫੋਨ ਨੇ ਖਿਸਕਾ ਛੱਡੀ ਪੈਰਾਂ ਹੇਠੋਂ ਜ਼ਮੀਨ

ਖਰੜ (ਅਮਰਦੀਪ) : ਮਾਰਚ ਮਹੀਨੇ ‘ਚ ਰੋਕਾ ਹੋਣ ਤੋਂ ਬਾਅਦ 5 ਨਵੰਬਰ ਨੂੰ ਵਿਆਹ ਦੀ ਤਰੀਕ ਤੈਅ ਹੋਈ, ਸਭ ਤਿਆਰੀਆਂ ਹੋ ਗਈਆਂ, ਪੈਲਸ ਬੁੱਕ ਹੋ ਗਿਆ ਅਤੇ ਦੁਲਹਨ ਦੇ ਹੱਥਾਂ ਦੇ ਮਹਿੰਦੀ ਵੀ ਸਜ ਗਈ ਪਰ ਇਹ ਮਹਿੰਦੀ ਉਸ ਸਮੇਂ ਧਰੀ ਦੀ ਧਰੀ ਰਹਿ ਗਈ, ਜਦੋਂ ਮੇਲ ਵਾਲੇ ਦਿਨ ਸਹੁਰੇ ਪਰਿਵਾਰ ਨੂੰ ਫੋਨ ਆਇਆ। ਫੋਨ ‘ਤੇ ਲੜਕੇ ਦੇ ਪਿਤਾ ਨੇ ਬਰਾਤ ਲੈ ਕੇ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦਾ ਬੇਟਾ ਬਿਨਾਂ ਦੱਸੇ ਅਮਰੀਕਾ ਚਲਾ ਗਿਆ ਹੈ। ਫੋਨ ਸੁਣਨ ਤੋਂ ਬਾਅਦ ਕੁੜੀ ਦੇ ਸਭ ਰਿਸ਼ਤੇਦਾਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਮਾਪਿਆਂ ਦੇ ਧੀ ਨੂੰ ਤੋਰਨ ਦੇ ਸਭ ਚਾਅ ਅਧੂਰੇ ਹੀ ਰਹਿ ਗਏ।

ਜਾਣਕਾਰੀ ਮੁਤਾਬਕ ਲੜਕੀ ਦੇ ਪਿਤਾ ਗੁਰਚਰਨ ਸਿੰਘ ਤੇ ਮਾਤਾ ਮਲਕੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਮਾਰਚ ਮਹੀਨੇ ਵਿਚ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਆਲਮਪੁਰ ਦੇ ਲੜਕੇ, ਜੋ ਕਿ ਅਮਰੀਕਾ ਦੇ ਸ਼ਹਿਰ ਨਿਊਯਾਰਕ ਦਾ ਪੱਕਾ ਵਸਨੀਕ ਹੈ, ਨਾਲ ਆਪਣੀ ਲੜਕੀ ਦਾ ਰੋਕਾ ਕੀਤਾ ਸੀ ਤੇ ਵਿਆਹ ਦੀ ਤਰੀਕ 5 ਨਵੰਬਰ ਤੈਅ ਕੀਤੀ ਸੀ। ਉਨ੍ਹਾਂ ਦੱਸਿਆ ਕਿ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ ਤੇ ਉਨ੍ਹਾਂ ਖਰੜ ਵਿਖੇ ਪੈਲੇਸ ਵੀ ਬੁੱਕ ਕਰਵਾਇਆ ਹੋਇਆ ਸੀ ਅਤੇ ਕੁੜੀ ਹੱਥਾਂ ‘ਤੇ ਮਹਿੰਦੀ ਲਾ ਕੇ ਪਤੀ ਦੇ ਘਰ ਜਾਣ ਦੀ ਤਿਆਰੀ ‘ਚ ਹੀ ਸੀ ਪਰ ਲੜਕੇ ਦੇ ਪਿਤਾ ਨੇ ਮੇਲ ਵਾਲੇ ਦਿਨ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਕਿ ਉਹ ਆਪਣੇ ਲੜਕੇ ਦੀ ਬਰਾਤ ਨਹੀਂ ਲੈ ਕੇ ਆਵੇਗਾ।

ਇਹ ਸੁਣ ਕੇ ਉਹ ਹੱਕੇ-ਬੱਕੇ ਰਹਿ ਗਏ। ਉਨ੍ਹਾਂ ਦੱਸਿਆ ਕਿ ਲੜਕਾ ਉਨ੍ਹਾਂ ਨੂੰ ਬਿਨਾਂ ਦੱਸਿਆਂ ਹੀ ਅਮਰੀਕਾ ਰਵਾਨਾ ਹੋ ਗਿਆ। ਇਹ ਮਾਮਲਾ ਥਾਣਾ ਸਿਟੀ ਖਰੜ ਵਿਖੇ ਪਹੁੰਚ ਗਿਆ। ਇਸ ਸਬੰਧੀ ਸੰਪਰਕ ਕਰਨ ‘ਤੇ ਥਾਣਾ ਸਿਟੀ ਦੇ ਏ. ਐੱਸ. ਆਈ. ਨਿਧਾਨ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦਾ ਆਪਸੀ ਸਮਝੌਤਾ ਹੋਣ ਕਾਰਨ ਕੋਈ ਕਾਨੂੰਨੀ ਕਾਰਵਾਈ ਲੜਕੇ ਦੇ ਪਰਿਵਾਰ ‘ਤੇ ਨਹੀਂ ਕੀਤੀ ਗਈ।

ਜ਼ਿਕਰਯੋਗ ਹੈ ਕਿ ਅੱਜ-ਕਲ ਮਾਪਿਆਂ ‘ਚ ਆਪਣੀਆਂ ਧੀਆਂ ਦੇ ਵਿਆਹ ਐੱਨ. ਆਰ. ਆਈਜ਼ ਲੜਕਿਆਂ ਨਾਲ ਕਰਨ ਦੀ ਹੋੜ ਲੱਗੀ ਹੋਈ ਹੈ ਪਰ ਐੱਨ. ਆਰ. ਆਈਜ਼ ਲੜਕੇ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਨੂੰ ਪਾਸੇ ਛੱਡ ਕੇ ਲੜਕੀਆਂ ਨਾਲ ਖਿਲਵਾੜ ਕਰ ਰਹੇ ਹਨ ਤੇ ਉਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ।

error: Content is protected !!