‘ਧੰਨ ਹੈ ਉਹ ਦੇਸ਼, ਜਿਥੇ ਗੁਰੂ ਗੋਬਿੰਦ ਸਿੰਘ ਜੀ ਪੈਦਾ ਹੋਏ ਸਨ। ਉਹ ਮਹਾਨ ਸੰਤ ਅਤੇ ਮਹਾਨ ਯੋਧਾ ਸਨ। ਉਨ੍ਹਾਂ ਨੇ ਇਸ ਦੇਸ਼ ਦੀ ਜਨਤਾ ਦੀ ਅਪਾਰ ਸ਼ਕਤੀ ਦਾ ਉਦਘਾਟਨ ਕੀਤਾ ਸੀ। ਉਨ੍ਹਾਂ ਨੂੰ ਯਾਦ ਕਰਕੇ ਅਸੀਂ ਅੱਜ ਵੀ ਨਵੀਂ ਪ੍ਰੇਰਨਾ ਅਤੇ ਸ਼ਕਤੀ ਹਾਸਲ ਕਰ ਸਕਦੇ ਹਾਂ, ਹਾਸਲ ਕਰ ਵੀ ਰਹੇ ਹਾਂ। ਗੁਰੂ ਜੀ ਮਹਾਨ ਸੰਤ ਸਨ। ਪ੍ਰਸਥਿਤੀਆਂ ਨੇ ਉਨ੍ਹਾਂ ਨੂੰ ਸ਼ਸਤਰ ਧਾਰਨ ਕਰਨ ਦੀ ਚੁਣੌਤੀ ਦਿੱਤੀ ਸੀ। ਉਨ੍ਹਾਂ ਨੇ ਉਸ ਨੂੰ ਸਵੀਕਾਰ ਕੀਤਾ ਸੀ। ਇਤਿਹਾਸ ਦੇ ਪੰਡਿਤਾਂ ਨੇ ਬੜੇ ਅਸਚਰਜ ਨਾਲ ਦੇਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅਦਭੁੱਤ ਚਮਤਕਾਰ ਕਰ ਦਿਖਾਇਆ। ਜਨਤਾ ਨਿਰਾਸ਼ ਸੀ, ਉਸ ਵਿਚ ਕਿਸੇ ਕਿਸਮ ਦਾ ਆਤਮ-ਸਨਮਾਨ ਨਹੀਂ ਸੀ ਰਹਿ ਗਿਆ। ਅੱਤਿਆਚਾਰ ਅਤੇ ਅਨਾਚਾਰ ਨੂੰ ਕਿਸਮਤ ਦਾ ਦੋਸ਼ ਕਹਿ ਕੇ ਸਵੀਕਾਰ ਕਰ ਲਿਆ ਸੀ। ਐਸੇ ਹੀ ਲੋਗਾਂ ਵਿਚ ਉਨ੍ਹਾਂ ਨੇ ਮਹਾਨ ਸੂਰਬੀਰ ਪੈਦਾ ਕਰ ਦਿੱਤੇ। ਮੌਤ ਦੇ ਡਰ ਨੂੰ ਮੰਨੋ, ਮੰਤਰ ਦੀ ਸ਼ਕਤੀ ਨਾਲ ਉੜਾ ਦਿੱਤਾ। ਸਿਰ ਹਥੇਲੀ ਉੱਤੇ ਰੱਖ ਕੇ ਇਨ੍ਹਾਂ ਯੋਧਿਆਂ ਨੇ ਅਨਿਆਂ ਨੂੰ ਲਲਕਾਰਿਆ ਅਤੇ ਦੇਖਦਿਆਂ-ਦੇਖਦਿਆਂ ਇਤਿਹਾਸ ਪਲਟ ਦਿੱਤਾ। ਇਤਿਹਾਸ ਵਿਚ ਇਹੋ ਜਿਹੀ ਕੋਈ ਹੋਰ ਘਟਨਾ ਘੱਟ ਹੀ ਵੇਖੀ ਗਈ ਹੈ। ਕਾਲ ਦੇ ਰਥ-ਚੱਕਰ ਨੂੰ ਇਸ ਤਰ੍ਹਾਂ ਮੋੜ ਦੇਣਾ, ਗੁਰੂ ਜੀ ਦੀ ਹੀ ਕਰਾਮਾਤ ਸੀ।’
ਭਾਈ ਵੀਰ ਸਿੰਘ ਦੀ ਇਕ ਲਿਖਤ ਦਾ ਜ਼ਿਕਰ ਵੀ ਮੈਂ ਇਥੇ ਕਰਨਾ ਚਾਹੁੰਦਾ ਹਾਂ। ਭਾਈ ਸਾਹਿਬ ਨੇ ਬੜੇ ਨਿਵੇਕਲੇ ਅੰਦਾਜ਼ ਵਿਚ ਭਾਰਤੀ ਇਤਿਹਾਸ ਦੀ ਸਚਾਈ ਬਿਆਨ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਨੂੰ ਕਲਮਬੰਦ ਕੀਤਾ ਹੈ। ਉਨ੍ਹਾਂ ਦੀ ਲਿਖਤ ਇਸ ਤਰ੍ਹਾਂ ਹੈ : ‘ਅਸੀਂ ਉਨ੍ਹਾਂ ਵਿਚੋਂ ਹੀ ਨਿਕਲੇ ਹਾਂ, ਜਿਨ੍ਹਾਂ ਦੀਆਂ ਸਦੀਆਂ ਦੀਆਂ ਬੇਵੱਸ ਮੌਤਾਂ ਦੇ ਕਾਰਨ ਇਕ ਪਹਾੜ ਦਾ ਨਾਮ ਹੀ ‘ਹਿੰਦੂ ਕੁਸ਼’ ਰੱਖ ਦਿੱਤਾ ਗਿਆ ਹੈ। ਜਿਥੋਂ ਲੰਘਦੇ ਹਿੰਦੂ ਕੈਦੀ ਸਰਦੀ ਨਾ ਝੱਲ ਸਕਣ ਕਰਕੇ ਮਰ ਜਾਂਦੇ ਹਨ ਤੇ ਜਰਵਾਣਿਆਂ ਨੇ ਉਸ ਪਹਾੜ ਦਾ ਨਾਮ ਹਿੰਦੂ ਕੁਸ਼ ਧਰ ਦਿੱਤਾ ਹੈ। ਵਾਹ ਉਇ ਸਾਹਿਬਾ! ਸੁਹਣੇ ਕੁੰਡਿਆਲੇ ਕੇਸਾਂ ਵਾਲੇ ਕਲਗੀਧਰ! ਧੰਨ ਤੇਰੀ ਜਿੰਦ! ਤੇ ਜਿੰਦ ਪਾਣ ਦੀ ਰੱਬੀ ਤਾਕਤ! ਇਨ੍ਹਾਂ ਮਰ ਮਿਟਿਆਂ ਹਿੰਦੀਆਂ ਵਿਚ ਤੂੰ ਕਿਹੜੀ ਅਮਰ, ਅਝੁਕ, ਸਦਾ ਬਲਦੀ ਜ਼ਿੰਦਗੀ ਫੂਕ ਦਿੱਤੀ ਹੈ ਕਿ ਜਿਸ ਦੇ ਬੱਚੇ ਵੀ, ਤੇਰੇ ਆਪਣੇ ਬੱਚਿਆਂ ਵਾਲੀ, ਬੀਰਤਾ ਦਿਖਾਉਂਦੇ ਹਨ। ਹਾਂ, ਸੁਹਣੇ ਕੇਸਾਂ ਵਾਲਿਆ! ਤੂੰ ਹੀ ਆਪਣੇ ਜਾਏ, ਸਾਡੇ ਪਾਪਾਂ ਦੀ ਜਗਵੇਦੀ ਤੇ ਬਲੀ ਦੇ ਕੇ ਆਖਿਆ ਸੀ ਕਿ ਇਹ ਮੇਰੇ ਚਾਰ ਪੁੱਤਰ ਸ਼ਹੀਦ ਹੋਏ ਹਨ, ਪਰ ਮੇਰੇ ਲੱਖਾਂ ਪੁੱਤਰ ਹੋਰ ਹਨ-ਜੋ ਖਾਲਸਾ ਕਹੀਦੇ ਹਨ ਤੇ ਏਹ ਮੇਰੇ ਖਾਲਸਾ ਜੀ ਇਕ ‘ਪੁੱਤਰ-ਸੋਮਾ’ ਹੈ। ਮੇਰਾ ਇਹ ਪੁੱਤਰ-ਅਮਰ ਪੁੱਤਰ ਹੈ, ਸਦਾ ਜੀਏਗਾ। ‘ਖਾਲਸਾ’ ਅਮਰ ਹੈ। ਹਾਂ, ਤੂੰ ਸਾਨੂੰ ਪੁੱਤਰ ਬਨਾਇਆ ਸੀ, ਤੇ ਅਮਰ ਪੁੱਤਰ ਬਨਾਇਆ ਸੀ। ਫੇਰ ਤੇਰੇ ਇਹ ਅਮਰ ਬੱਚੇ ਕੀਕੂੰ ਨਾ, ਤੇਰੇ ਆਪਣੇ ਜਾਏ ਬੱਚਿਆਂ ਵਾਲੀ ਅਹਿੱਲ, ਅਝੁੱਕ, ਅਬੁਝ ਅੱਗ ਦਾ ਅਲਾਂਬਾ ਹੋਣ।’