ਮੇਰਾ ਪਰਿਵਾਰ ਅਤੇ ਪਿਤਾ ਚਰਨਜੀਤ ਸਿੰਘ ਚੱਢਾ ਨੂੰ ਮੇਰੇ ਭਰਾ ਹਰਜੀਤ ਸਿੰਘ ਚੱਢਾ ਤੋਂ ਬਚਾਇਆ ਜਾਵੇ, ਜੋ ਉਨ੍ਹਾਂ ਦੇ ਪਰਿਵਾਰ ਵਿਰੁੱਧ ਸਾਜ਼ਿਸ਼ ਰਚ ਰਿਹਾ ਹੈ। ਮਰਨ ਤੋਂ ਪਹਿਲਾਂ ਇਹ ਆਖਰੀ ਸ਼ਬਦ ਇੰਦਰਪ੍ਰੀਤ ਸਿੰਘ ਚੱਢਾ ਨੇ ਲੰਡਨ ‘ਚ ਬੈਠੇ ਆਪਣੇ ਜਿਗਰੀ ਦੋਸਤ ਪੀਟਰ ਸਿੰਘ ਵਿਰਦੀ ਨੂੰ ਲਿਖੇ ਪੱਤਰ ਵਿਚ ਕਹੇ। ਇੰਦਰਪ੍ਰੀਤ ਨੇ ਪੀਟਰ ਨੂੰ ਇਥੋਂ ਤੱਕ ਲਿਖ ਦਿੱਤਾ ਕਿ ਉਹ ਦੁਨੀਆ ਨੂੰ ਅਲਵਿਦਾ ਕਹਿਣ ਜਾ ਰਿਹਾ ਹੈ ਅਤੇ ਹੁਣ ਉਨ੍ਹਾਂ ਦੇ ਪਰਿਵਾਰ ਨੂੰ ਹਰਜੀਤ ਸਿੰਘ ਤੋਂ ਬਚਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ।
ਇਹ ਜਾਣਕਾਰੀ ਅੱਜ ਆਪ ਪੀਟਰ ਵਿਰਦੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋਸਤ ਨੇ ਉਨ੍ਹਾਂ ਨੂੰ 2 ਪੇਜ ਦੀ ਚਿੱਠੀ ਭੇਜੀ ਸੀ, ਜਿਸ ਵਿਚ ਸਾਜ਼ਿਸ਼ ‘ਚ ਸ਼ਾਮਲ ਹੋਰ ਮੁਲਜ਼ਮਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ। ਪੱਤਰ ਵਿਚ ਇੰਦਰਪ੍ਰੀਤ ਨੇ ਸੁਰਜੀਤ ਸਿੰਘ ਅਤੇ ਇੰਦਰਪ੍ਰੀਤ ਸਿੰਘ ਆਨੰਦ ਵੱਲੋਂ ਉਸ ਨੂੰ ਲਗਾਤਾਰ ਪ੍ਰੇਸ਼ਾਨ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਸੀ। ਨਮ ਅੱਖਾਂ ਨਾਲ ਪੀਟਰ ਵਿਰਦੀ ਨੇ ਦੱਸਿਆ ਕਿ ਇੰਦਰਪ੍ਰੀਤ ਉਸ ਦਾ ਦੋਸਤ ਹੀ ਨਹੀਂ ਸਗੋਂ ਭਰਾ ਤੋਂ ਵੀ ਵੱਧ ਕੇ ਸੀ।

ਜਿਸ ਨੇ ਉਸ ਨੂੰ ਆਪਣੇ ਪੂਰੇ ਪਰਿਵਾਰ ਨੂੰ ਆਪਣੇ ਹੀ ਭਰਾ ਹਰਜੀਤ ਸਿੰਘ ਤੋਂ ਬਚਾਉਣ ਦੀ ਅਪੀਲ ਕੀਤੀ ਸੀ। ਉਸ ਦੇ ਦੋਸਤ ਨੇ ਉਸ ਨੂੰ ਇਥੋਂ ਤੱਕ ਲਿਖਿਆ ਸੀ ਕਿ ਉਸ ਦਾ ਨਾਂ ਐੱਫ. ਆਈ. ਆਰ. ਵਿਚ ਪਵਾਉਣ ਦੇ ਪਿੱਛੇ ਵੀ ਉਸ ਦੇ ਭਰਾ ਹਰਜੀਤ ਸਿੰਘ ਦਾ ਹੀ ਹੱਥ ਹੈ। ਅੱਜ ਇੰਦਰਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਹੋਇਆ, ਜਿਸ ਨੂੰ ਮੁੱਖ ਅਗਨੀ ਅਨਮੋਲਦੀਪ ਸਿੰਘ ਜੋ ਉਨ੍ਹਾਂ ਦਾ ਵੱਡਾ ਪੁੱਤਰ ਹੈ, ਨੇ ਦਿੱਤੀ। ਇੰਦਰਪ੍ਰੀਤ ਦੀ ਅਰਥੀ ਯਾਤਰਾ ਵਿਚ ਅੱਜ ਸੈਂਕੜਿਆਂ ਦੀ ਸੰਖਿਆ ਵਿਚ ਲੋਕ ਸ਼ਾਮਲ ਹੋਏ, ਜਿਨ੍ਹਾਂ ‘ਚ ਕਾਂਗਰਸੀ ਵਿਧਾਇਕ ਓਮ ਪ੍ਰਕਾਸ਼ ਸੋਨੀ ਵੀ ਸ਼ਾਮਲ ਸਨ।
ਇੰਦਰਪ੍ਰੀਤ ਵੱਲੋਂ ਆਤਮਹੱਤਿਆ ਕੀਤੇ ਜਾਣ ਤੋਂ ਪਹਿਲਾਂ ਜਿੰਨੇ ਵੀ ਪੱਤਰ ਲਿਖੇ ਗਏ ਉਨ੍ਹਾਂ ‘ਚ ਆਪਣੇ ਭਰਾ ਹਰਜੀਤ ਸਿੰਘ ਨੂੰ ਹੀ ਮੁੱਖ ਸਾਜ਼ਿਸ਼ਕਰਤਾ ਠਹਿਰਾਇਆ ਗਿਆ ਹੈ। ਮਰਨ ਤੋਂ ਪਹਿਲਾਂ ਇੰਦਰਪ੍ਰੀਤ ਸਿੰਘ ਆਪਣੀ ਮਾਂ ਹਰਬੰਸ ਕੌਰ ਦੇ ਨਾਂ ਵੀ ਆਖਰੀ ਚਿੱਠੀ ਲਿਖ ਗਿਆ, ਜਿਸ ਵਿਚ ਕੁਝ ਯਾਦਾਂ ਦੇ ਨਾਲ-ਨਾਲ ਮਾਂ-ਬੇਟੇ ਵਿਚ ਦੀਆਂ ਭਾਵਨਾਵਾਂ ਨੂੰ ਕਲਮਬੱਧ ਕੀਤਾ ਗਿਆ ਸੀ। ਅਖੀਰ ‘ਚ ਇੰਦਰਪ੍ਰੀਤ ਨੇ ਲਿਖਿਆ ਸੀ ਕਿ ਉਹ ਆਪਣੀ ਮਾਂ ਨਾਲ ਬਹੁਤ ਪਿਆਰ ਕਰਦਾ ਹੈ ਪਰ ਹਾਲਾਤ ਕਾਰਨ ਉਹ ਆਪਣੀ ਮਾਂ ਅਤੇ ਦੁਨੀਆ ਨੂੰ ਛੱਡ ਕੇ ਜਾ ਰਿਹਾ ਹੈ।

ਡੀ. ਜੀ. ਪੀ. ਨੇ ਚੰਡੀਗੜ੍ਹ ਮੰਗਵਾਈ ਕੇਸ ਦੀ ਫਾਈਲ
ਮਰਨ ਤੋਂ ਪਹਿਲਾਂ ਇੰਦਰਪ੍ਰੀਤ ਸਿੰਘ ਵੱਲੋਂ ਸੁਸਾਈਡ ਨੋਟ ਵਿਚ ਆਪਣੇ ਭਰਾ ਹਰਜੀਤ ਸਿੰਘ ਦੇ ਪੁਲਸ ਅਧਿਕਾਰੀਆਂ ‘ਚ ਚੰਗੇ ਸਬੰਧਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਦਾ ਨੋਟਿਸ ਲੈਂਦੇ ਹੋਏ ਡੀ. ਜੀ. ਪੀ. ਪੰਜਾਬ ਨੇ ਪੂਰੇ ਮਾਮਲੇ ਦੀ ਫਾਈਲ ਆਪਣੇ ਕੋਲ ਮੰਗਵਾ ਲਈ ਹੈ ਅਤੇ ਇਸ ਕੇਸ ਦੀ ਜਾਂਚ ਨੂੰ ਆਈ. ਜੀ. ਕ੍ਰਾਈਮ ਐੱਲ. ਕੇ. ਯਾਦਵ ਦੇ ਹਵਾਲੇ ਕਰ ਦਿੱਤਾ ਗਿਆ ਹੈ। ਆਈ. ਜੀ. ਕ੍ਰਾਈਮ ਦਾ ਕਹਿਣਾ ਹੈ ਕਿ ਜਾਂਚ ਵਿਚ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਮੁਲਜ਼ਮਾਂ ‘ਤੇ ਅਜੇ ਤੱਕ ਨਹੀਂ ਹੋਈ ਕੋਈ ਕਾਰਵਾਈ
ਇੰਦਰਪ੍ਰੀਤ ਸਿੰਘ ਦੀ ਆਤਮਹੱਤਿਆ ਦੇ ਮਾਮਲੇ ਵਿਚ ਜ਼ਿਲਾ ਪੁਲਸ ਵੱਲੋਂ 11 ਵਿਅਕਤੀਆਂ ਵਿਰੁੱਧ ਦਰਜ ਕੀਤੇ ਕੇਸ ‘ਚ ਅਜੇ ਤੱਕ ਕਿਸੇ ਵੀ ਮੁਲਜ਼ਮ ਵਿਰੁੱਧ ਕੋਈ ਕਾਰਵਾਈ ਨਹੀਂ ਹੋ ਸਕੀ। ਸਾਰੇ ਦੋਸ਼ੀ ਸ਼ਹਿਰ ਵਿਚ ਹੋਣ ਦੇ ਬਾਵਜੂਦ ਜਾਂ ਤਾਂ ਚੰਗੀ-ਖਾਸੀ ਪਹੁੰਚ ਰੱਖਦੇ ਹਨ, ਜਿਸ ਕਾਰਨ ਪੁਲਸ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਅਤੇ ਜਾਂ ਫਿਰ ਉਨ੍ਹਾਂ ਦੇ ਰਾਜਨੀਤਕ ਆਕਾ ਉਨ੍ਹਾਂ ਅੱਗੇ ਢਾਲ ਬਣੇ ਬੈਠੇ ਹਨ।
 Sikh Website Dedicated Website For Sikh In World
Sikh Website Dedicated Website For Sikh In World