ਸੈਮਸੰਗ ਨੇ ਫਲਾਈਟ ਚ 200 ਯਾਤਰੀਆਂ ਨੂੰ ਮੁਫਤ ਵੰਡੇ ਗਲੈਕਸੀ ਨੋਟ 8
ਜੇਕਰ ਤੁਸੀਂ ਕਿਸੇ ਫਲਾਈਟ ‘ਚ ਸਫਰ ਕਰ ਰਹੇ ਹੋਵੋ ਅਤੇ ਅਚਾਨਕ ਹਾਲ ਹੀ ‘ਚ ਲਾਂਚ ਹੋਇਆ ਫਲੈਗਸ਼ਿਪ ਡਿਵਾਈਸ ਤੁਹਾਨੂੰ ਮੁਫਤ ‘ਚ ਦੇ ਦਿੱਤਾ ਜਾਵੇ ਤਾਂ ਤੁਹਾਨੂੰ ਇਸ ਗੱਲ ‘ਤੇ ਯਕੀਨ ਨਹੀਂ ਹੋਵੇਗਾ ਪਰ ਅਜਿਹਾ ਹੋਇਆ ਹੈ। ਸਾਊਥ ਕੋਰੀਆ ਦੀ ਟੈਕਨਾਲੋਜੀ ਕੰਪਨੀ ਸੈਮਸੰਗ ਨੇ ਇਕ ਫਲਾਈਟ ‘ਚ ਯਾਤਰਾ ਕਰ ਰਹੇ ਕਰੀਬ 200 ਯਾਤਰੀਆਂ ਨੂੰ ਆਪਣਾ ਫਲੈਗਸ਼ਿਪ ਫੈਬਲੇਟ ਗਲੈਕਸੀ ਨੋਟ 8 ਮੁਫਤ ‘ਚ ਦਿੱਤਾ ਹੈ।
ਇਸ ਫੈਬਲੇਟ ਨੂੰ ਕੰਪਨੀ ਨੇ ਹਾਲ ਹੀ ‘ਚ ਪੇਸ਼ ਕੀਤਾ ਹੈ। ਜੇਕਰ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਭਾਰਤ ‘ਚ ਇਹ ਫੋਨ 67,000 ਰੁਪਏ ‘ਚ ਵਿਕਰੀ ਲਈ ਉਪਲੱਬਧ ਹੈ। ਦਰਅਸਲ, ਸੈਮਸੰਗ ਨੇ ਆਈਬੇਰੀਆ ਏਅਰਲਾਈਨ ਦੀ ਫਲਾਈਟ ਨੰਬਰ 92 0513 ‘ਚ ਮੌਜੂਦ 200 ਯਾਤਰੀਆਂ ਨੂੰ ਗਲੈਕਸੀ ਨੋਟ 8 ਦੇਣ ਦਾ ਫੈਸਲਾ ਕੀਤਾ। ਜਿਸ ਸਮੇਂ ਫਲਾਈਟ ‘ਚ ਮੌਜੂਦ ਏਅਰਲਾਈਨ ਦੇ ਕਰਮਚਾਰੀਆਂ ਨੇ ਯਾਤਰੀਆਂ ਨੂੰ ਗਲੈਕਸੀ ਨੋਟ 8 ਦਿੱਤਾ ਤਾਂ ਉਨ੍ਹਾਂ ਨੂੰ ਇਕ ਪਲ ਲਈ ਯਕੀਨ ਨਹੀਂ ਹੋਇਆ ਕਿ ਉਨ੍ਹਾਂ ਨੂੰ ਮੁਫਤ ‘ਚ ਲੇਟੈਸਟ ਫਲੈਗਸ਼ਿਪ ਡਿਵਾਈਸ ਦਿੱਤਾ ਜਾ ਰਿਹਾ ਹੈ।
ਸਾਹਮਣੇ ਆਈ ਜਾਣਕਾਰੀ ਮੁਤਾਬਕ ਸੈਮਸੰਗ ਸਪੇਨ ਨੇ ਇਕ Giveaway ਦਾ ਆਯੋਜਨ ਕੀਤਾ, ਜਿਸ ਤਹਿਤ ਡੋਮੈਸਟਿਕ ਫਲਾਈਨ ‘ਚ ਯਾਤਰਾ ਕਰ ਰਹੇ ਲੋਕਾਂ ਨੂੰ ਇਹ ਡਿਵਾਈਸ ਮੁਫਤ ‘ਚ ਦਿੱਤਾ ਗਿਆ। ਇਹ ਗਲੋਬਲ ਕੈਂਪੇਨ ਨਹੀਂ ਹੈ। ਆਈਬੇਰੀਆ ਏਅਰਲਾਈਨਜ਼ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਯਾਤਰੀਆਂ ਨੂੰ ਗਲੈਕਸੀ ਨੋਟ 8 ਮਿਲਿਆ ਤਾਂ ਉਨ੍ਹਾਂ ਦਾ ਕੀ ਰਿਐਕਸ਼ਨ ਰਿਹਾ। ਫੋਨ ਨੂੰ ਇਕ ਟ੍ਰੇਅ ‘ਚ ਰੱਖ ਕੇ ਲੋਕਾਂ ਨੂੰ ਦਿੱਤਾ ਗਿਆ। ਵੀਡੀਓ ਤੋਂ ਇਲਾਵਾ ਆਈਬੇਰੀਆ ਨੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਸ ਵਿਚ ਲੋਕਾਂ ਦੀ ਖੁਸ਼ੀ ਸਾਫ ਦੇਖੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਸੈਮਸੰਗ ਨੇ ਪਿਛਲੇ ਸਾਲ ਗਲੈਕਸੀ ਨੋਟ 7 ਲਾਂਚ ਕੀਤਾ ਸੀ ਜਿਸ ਵਿਚ ਬੈਟਰੀ ਫਟਣ ਦੀ ਸਮੱਸਿਆ ਆਉਣ ਲੱਗੀ ਅਤੇ ਆਖਿਰਕਾਰ ਇਸ ਸਮਾਰਟਫੋਨ ਨੂੰ ਬੰਦ ਕਰ ਦਿੱਤਾ ਗਿਆ। ਇਸ ਸਾਲ ਕੰਪਨੀ ਨੇ ਗਲੈਕਸੀ ਨੋਟ 8 ਲਾਂਚ ਕੀਤਾ ਹੈ। ਕੰਪਨੀ ਨੇ ਲੋਕਾਂ ਦਾ ਆਪਣੇ ਨਾਲ ਬਣੇ ਰਹਿਣ ਲਈ ਉਨ੍ਹਾਂ ਦਾ ਧੰਨਵਾਦ ਕਰਨ ਦਾ ਤਰੀਕਾ ਕੱਢਿਆ ਹੈ। ਕੰਪਨੀ ਦਾ ਮੰਨਣਾ ਹੈ ਕਿ ਗਾਹਕ ਮੁਸ਼ਕਿਲ ਸਮੇਂ ‘ਚ ਵੀ ਨਾਲ ਰਹਿਣ ਅਤੇ ਗਲੈਕਸੀ ਨੋਟ ਸੀਰੀਜ਼ ‘ਤੇ ਇਕ ਵਾਰ ਫਿਰ ਤੋਂ ਭਰੋਸਾ ਜਤਾਇਆ ਹੈ।