ਗੁਰਲਾਲ ਸਿਓਂ ਨੂੰ ਭੋਰਾ ਸ਼ਰਮ ਨੀ ਆਈ, ਧੀ ਦੀ ਉਮਰ ਦੀ ਕੁੜੀ ਨੂੰ ਵਿਆਹ ਲਿਆਇਆ

ਛੋਟੀ ਬੀਬੀ (ਇਕ ਸੱਚੀ ਰੂਹ ਦੀ ਸੱਚ ਕਹਾਣੀਂ)

ਕਹਿੰਦੀ ਕਦੀ ਕਦੀ ਮੈਂ ਨਿਆਣਿਆਂ ਨੂੰ ਹਾਸੇ ਹਾਸੇ ਚ ਆਖ ਦਿੰਦੀ ਹਾਂ, “ਵੇਖ ਲਓ ਭਾਈ ਮੈਂ ਨਿਆਣੀਂ ਜਿਹੀ ਨੇਂ ਹੀ ਤੁਹਾਡੇ ਪਿਓ ਨਾਲ ਵਿਆਹ ਕਰਵਾ ਲਿਆ ਸੀ, ਤੁਹਾਡੇ ਜੁਆਕਾਂ ਨੂੰ ਤਾਂ ਮੈਂ ਮੋਢਿਆਂ ਤੇ ਚੁੱਕ ਕੇ ਭੱਜ ਲੈਂਦੀ ਹਾਂ,ਤੇ ਆਹ ਤੁਹਾਡਾ ਪਿਓ।

ਉਂਗਲੀ ਫੜ ਵੀ ਤੁਰਦਾ ਤੇ ਸਾਹ ਚੜ ਜਾਂਦਾ। ਤੇ ਕਹਿੰਦੀ, “ਪੁੱਤਰ ਮੇਰਾ ਮੈਨੂੰ ਘੁਟਕੇ ਜੱਫੀ ਪਾ ਲੈਦਾਂ,

ਆਖੂ ” ਛੋਟੀ ਬੀਬੀ ਤੂੰ ਤਾਂ ਸ਼ੇਰਨੀਂ ਏ, ਇਹਦਾ ਤੇਰੇ ਨਾਲ ਕੀ ਮੁਕਾਬਲਾ, ਕਹਿੰਦੀ ਏਦਾਂ ਹੀ ਏਨੀਂ ਸੋਹਣੀਂ ਲੰਘ ਰਹੀ ਏ ਵੀ ਪੁੱਛ ਨਾਂ।

“ਫਿਰ ਕਾਹਤੋਂ ਕਰਵਾਇਆ? ਮੈਂ ਪੁੱਛਿਆ,

ਕੁੜੇ ਪਿਓ ਮੇਰੇ ਦਾ ਪਿਛੋਕੜ ਪਾਕਿਸਤਾਨ ਦਾ ਸੀ ਤੇ ਇੱਧਰ ਆਣਕੇ ਬਹੁਤੀ ਰੋਟੀ ਨੀਂ ਸੀ ਸਰਦੀ। ਦੋ ਭੈਣਾਂ ਚੋਂ ਮੈਂ ਛੋਟੀ ਸਾਂ, ਵੱਡੀ ਦਾ ਰਿਸ਼ਤਾ ਤਾਂ ਕੁੜੇ ਮੇਰੀ ਭੂਆ ਲੈ ਗਈ, ਪਰ ਮੈਨੂੰ ਵਿਚਾਰੀ ਨੂੰ ਦੇਣ ਦਿੱਤਿਆਂ ਬਿਨਾਂ ਕੋਈ ਨਾਂ ਢੁੱਕਾ ਵਿਹਾਉਣ।

ਫਿਰ ਥੋੜੀ ਗੰਭੀਰ ਹੋ ਗਈ, ਚਿਹਰੇ ਦੇ ਭਾਵ ਵੀ ਸੰਜੀਦਾ ਹੋ ਗਏ, “ਫਿਰ ਕੁੜੇ ਰਿਸ਼ਤੇਦਾਰੀ ਚੋਂ ਦੱਸ ਪਾਈ ਸੀ ਕਿਸੇ ਨੇਂ ਆਹ ਗੁਰਲਾਲ ਸਿਓਂ ਦੀ। ਪਹਿਲੀ ਬੀਬੀ ਗੁਰਲਾਲ ਸਿਓਂ ਦੀ ਦੋ ਨਿਆਣਿਆਂ ਤੋਂ ਬਾਅਦ ਥੋੜੇ ਜਿਹੇ ਬੁਖਾਰ ਨਾਲ ਹੀ ਦੁਨੀਆਂ ਤੋਂ ਰੁਖ਼ਸਤ ਹੋ ਗਈ। ਆਹ ਬੀਬਾ ਪੁੱਤਰ 15 ਕੁ ਵਰਿਆਂ ਦਾ, ਤੇ ਆਹ ਧੀ 17 ਕੁ ਵਰਿਆਂ ਦੀ ਸੀ। ਮੈਂ ਉਸ ਸਮੇਂ ਧੀਏ ਮਸਾਂ 23 ਕੁ ਵਰਿਆਂ ਦੀ ਸਾਂ।

ਫਿਰ ਐਨਕ ਲਾਹ ਕੇ ਸਾਫ ਕਰਨ ਲੱਗ ਪਈ। ਮੈਂ ਸੋਚ ਰਹੀ ਸਾਂ ਹੁਣ ਕਦ ਬੋਲੇ। ਹੁਣ ਮੇਰੀ ਦਿਲਚਸਪੀ ਉਹਦੇ ਚਿਹਰੇ ਨੂੰ ਪੜ ਰਹੀ ਸੀ।

“ਗੁਰਲਾਲ ਸਿਓਂ ਨੇਂ ਮੈਨੂੰ ਵੇਖਦਿਆਂ ਹੀ ਨਾਂਹ ਕਰ ਦਿੱਤੀ ,ਕਹਿੰਦਾ” ਕੁੜੀ ਉਮਰ ਚ ਮੇਰੇ ਨਾਲੋਂ ਬਹੁਤ ਛੋਟੀ ਏ, ਲੋਕੀ ਮੈਨੂੰ ਕੀ ਕਹਿਣਗੇ? ਦੂਜਾ ਕੁੜੀ ਦੇ ਕੋਈ ਸੁਪਨੇ ਰੀਝਾਂ ਹੋਣਗੀਆਂ, ਮੈਨੂੰ ਜਨਾਨੀ ਦੀ ਜਰੂਰਤ ਨੀਂ, ਜੁਆਕਾਂ ਨੂੰ ਮਾਂ ਦੀ ਜਰੂਰਤ ਏ.

“ਬਸ ਧੀਏ ਇਸੇ ਗੱਲ ਨੇਂ ਗੁਰਲਾਲ ਸਿਓਂ ਦੀ ਉਮਰ ਦਾ ਔਗੁਣ ਲੁਕੋ ਇਕ ਔਰਤ ਲਈ ਉਹਦੇ ਦਿਲ ਚ ਜਿਹੜੀ ਇੱਜਤ ਸੀ ਮੈਨੂੰ ਉਹਦੀ ਕਦਰਦਾਨ ਕਰਤਾ। ਮੈਨੂੰ ਰਿਸ਼ਤਾ ਮਨਜੂਰ ਸੀ, ਇਹ ਮੰਨੇਂ ਨਾਂ ,ਬਸ ਵਿਚਲਿਆਂ ਕਹਿ ਕਹਿਕੇ ਰਿਸ਼ਤਾ ਪੂਰ ਚੜਾ ਦਿੱਤਾ।

ਜਦੋਂ ਵਿਆਹਕੇ ਢੁੱਕੀ ਤਾਂ ਸਾਰਾ ਪਿੰਡ ਗੱਲਾਂ ਕਰਦਾ ਸੀ “ਗੁਰਲਾਲ ਸਿਓਂ ਨੂੰ ਭੋਰਾ ਸ਼ਰਮ ਨੀ ਆਈ, ਧੀ ਦੀ ਉਮਰ ਦੀ ਕੁੜੀ ਨੂੰ ਵਿਆਹ ਲਿਆਇਆ, ਕੁੜੀ ਦੇ ਪਿਓ ਵੀ ਜਾਇਦਾਦ ਹੀ ਵੇਖੀ, ਕੁੜੀ ਵੀ ਵੇਲਿਆਂ ਨੂੰ ਪਛਤਾਉ, ਹੋਰ ਵੀ ਹਜਾਰ ਗੱਲਾਂ ਜੋ ਜੁਬਾਨ ਤੇ ਨਾਂ ਲਿਆਵਾਂ ਤਾਂ ਹੀ ਭਲਾ।

ਕਹਿੰਦੀ,”ਸ਼ਰੀਕੇ ਚੋਂ ਕਈਆਂ ਨੇਂ ਤਾਂ ਗੁਰਲਾਲ ਸਿਓਂ ਨੂੰ ਬਹੁਤ ਤੁਹਮਤਾ ਲਾਈਆਂ, ਕੋਈ ਕੀ ਆਖੇ, ਕੋਈ ਕੁੱਝ ਹੋਰ। ਕਈ ਤਾਂ ਮੈਨੂੰ ਨਵੀਂ ਆਈ ਨੂੰ ਲੱਖ ਲੱਖ ਮੱਤਾਂ ਦਿੰਦੀਆਂ ਸੀ। ਆਪਦਿਆਂ ਸਾਂਈਆਂ ਨੂੰ ਮੇਰੇ ਨੇੜੇ ਤੇੜੇ ਵੀ ਖਲੋਣ ਨੀਂ ਸੀ ਦਿੰਦੀਆਂ, ਖੌਰੇ ਕਾਹਦਾ ਡਰ ਸੀ। ਗੁੱਝੀਆਂ ਜਿਹੀਆਂ ਗੱਲਾਂ ਚ ਆਖਦੀਆਂ ਸੁਣਦੀਆਂ ਸੀ ਕਈ ਵਾਰੀ।

“ਨਵੀਂ ਦੇਹੀ ਤਾਂ ਬੰਦਾ ਮੱਖੀਆਂ ਵਾਂਗ ਤਿਲਕਦਾ, ਬਸ ਇਕ ਤਰਾਂ ਨਾਲ ਉਮਰ ਤੋਂ ਵੱਡੇ ਆਦਮੀ ਨਾਲ ਵਿਆਹ ਕਰਵਾਉਣਾਂ ਗੁਨਾਹ ਜਿਹਾ ਬਣਾ ਦਿੱਤਾ ਲੋਕਾਂ, ਜਿਸਮ ਤੋਂ ਅੱਗੇ ਧੀਏ ਲੋਕੀ ਕੁੱਝ ਸਮਝਦੇ ਹੀ ਨਈਂ।

ਫਿਰ ਵੀ ਗੁਰਲਾਲ ਸਿਓਂ ਮੈਨੂੰ ਦੁਨੀਆਂ ਦਾ ਸਭ ਤੋਂ ਸੋਹਣੇ ਦਿਲ ਦਾ ਮਾਲਕ ਲੱਗਦਾ ਸੀ। ਮੇਰੀ ਧੀ ਤੇ ਪੁੱਤਰ ਜਿਹੜੇ ਉਮਰ ਚ ਬਹੁਤਾ ਫਾਸਲਾ ਨੀਂ ਸੀ ਰੱਖਦੇ ਮੇਰੇ ਤੋਂ,ਉਨਾਂ ਦੀ ਮਾਂ ਇੱਕ ਨੇਕ ਦਿਲ ਤੇ ਨਿਹਾਇਤ ਹੀ ਸਿਆਣੀਂ ਬੀਬੀ ਸੀ, ਦੋਵਾਂ ਮੈਨੂੰ ਖੁੱਲੇ ਦਿਲ ਕਬੂਲਿਆ, ਪਹਿਲਾਂ ਪਹਿਲਾਂ ਝਿਜਕਦੇ ਸੀ ਵੀ ਇਹਨੂੰ ਕੀ ਆਖੀਏ ? ਫਿਰ ਪਿਓ ਇਨਾਂ ਦੇ ਨੇਂ ਆਖਿਆ ਵੀ ਛੋਟੀ ਬੀਬੀ ਆਖ ਲਿਆ ਕਰੋ।

“ਇਨਾਂ ਦੇ ਇਸੇ ਮੋਹ ਨੇਂ ਮਨ ਚ ਨਿਸਚਾ ਕਰਾ ਦਿੱਤਾ ਕਿ ਇਹੋ ਕੁੱਖੋਂ ਜੰਮੇ ਨੇਂ ਮੇਰੇ, ਰਤਾ ਮੋਹ ਨਾਂ ਰਿਹਾ ਕਿ ਕੋਈ ਔਲਾਦ ਮੇਰੇ ਕੁੱਖੋਂ ਵੀ ਹੋਵੇ, ਭੈਣ ਤੇ ਮੇਰੇ ਬਾਪੂ ਬਥੇਰਾ ਆਖਿਆ, “ਕੋਈ ਆਪਣੀ ਠਹਿਰ ਵੀ ਕਰ ਲੈ ਧੀਏ।

ਪਰ ਮੇਰੇ ਮਨ ਮੈਲ ਨੀਂ ਆਇਆ, ਮੈਂ ਤਾਂ ਹਾਸੇ ਹਾਸੇ ਚ ਆਖਦੀ ਸਾਂ, “ਹੁਣ ਜਾਇਦਾਦ ਵੰਡਾਓਂਗੇ ਮੇਰੇ ਪੁੱਤਰ ਦੀ? ਗੁਰਲਾਲ ਸਿਓਂ ਆਖਦਾ। “ਅਗਾਂਹ ਪੜ ਲੈ, ਮੈਂ ਆਖਦੀ, ” ਲੋਕੀ ਕੀ ਕਹਿਣਗੇ। ਕਹਿੰਦਾ “ਲੋਕਾਂ ਤਾਂ ਤੇਰਾ ਡੋਲਾ ਢੁੱਕੇ ਵੀ ਬਥੇਰਾ ਕੁੱਝ ਆਖਿਆ ਸੀ,
“ਹੁਣ ਬੀਬੀ ਮੈਂ ਬੀ ਏ ਪਾਸ ਹਾਂ।

ਸੱਸ ਮੇਰੀ ਨੇਕ ਬੀਬੀ ਸੀ, ਧੀਆਂ ਵਾਂਗ ਰੱਖਿਆ ਮੈਨੂੰ, ਆਖਿਆ ਕਰਦੀ ਸੀ। “ਧੀਏ , ਆਰੀ ਨੂੰ ਇੱਕ ਪਾਸੇ ਤੇ ਲੋਕਾਂ ਨੂੰ ਦੋਵਾਂ ਪਾਸੇ ਦੰਦੇ, ਨਿੱਤ ਤੇਰੇ ਨਵੇਂ ਖਸਮ ਤੇ ਇਹਦੀਆਂ ਰੰਨਾਂ ਬਣਾਉਣਗੇ। ਦਹਾਜੂ ਦੇ ਘਰ ਮੁਕਲਾਵਾ ਜਨਾਨੀਂ ਨੂੰ ਅੱਧੀ ਕਾਣੀਂ ਕਰ ਦਿੰਦਾਂ, ਪਰ ਡਟੀ ਰਹੀਂ ਧੀਏ। ਉਤੋਂ ਆਹ ਔਲਾਦ ਨਾਂ ਹੋਰ ਕਰਨਾਂ ਲੋਕਾਂ ਦੇ ਮੂੰਹ ਜੁਬਾਨ ਪਾ ਗਿਆ, “ਬਾਂਝ ਨੂੰ ਦਹਾਜੂ ਹੀ ਟੱਕਰਨਾਂ ਸੀ,

ਲੋਕਾਂ ਦੀ ਨਜਰੇ ਅਖੀਰ ਅਸੀਂ ਇੱਕੋ ਜਿਹੇ ਸੀ। ਪੁੱਤਰ ਹੁਣ ਵਿਆਹਿਆ ਤੇ ਵਿਦੇਸ਼ ਰਹਿੰਦਾ ਤੇ ਧੀ ਆਪਣੇਂ ਘਰ, ਅਸੀਂ ਕਦੇ ਕਦੇ ਜਾ ਆਉਦੇਂ ਹਾਂ ਪੁੱਤਰ ਕੋਲ, ਧੀ ਨੂੰ ਤਾਂ ਦਸ ਦਿਨ ਨਾਂ ਵੇਖਾਂ ਤਾਂ ਜੀਅ ਨੀਂ ਲੱਗਦਾ, ਦੋਵਾਂ ਦੀ ਜਾਨ ਏ ਛੋਟੀ ਬੀਬੀ ਚ ,ਪੁੱਤਰ ਹਮੇਸ਼ਾ ਆਖੂ, ਛੋਟੀ ਬੀਬੀ ਤੂੰ ਤਾਂ ਸ਼ੇਰਨੀਂ ਏ, ਸ਼ੇਰਨੀਂ।

ਫਿਰ ਹਾਓਕਾਂ ਜਿਹਾ ਲਿਆ,ਤੇ ਪੁੱਤਰ ਧੀ ਪੁੱਤਰ ਨੂੰ ਕਿੰਨੀਆਂ ਦੁਆਵਾਂ ਦਿੱਤੀਆਂ। ਇੰਨੇ ਨੂੰ ਗੁਰਲਾਲ ਸਿਓਂ ਚਾਹ ਬਣਾਕੇ ਆਪ ਲਿਆਇਆ, ਕਹਿੰਦੀ “ਵੇਖ ਲੈ, ਇਹਦਾ ਦਿਲ ਤਾਂ ਸੋਨੇਂ ਚ ਮੜਨ ਵਾਲਾ ਏ।

ਮੈਂ ਤਾਂ ਟਿੱਚਰਾਂ ਕਰ ਲੈਂਦੀ ਹਾਂ ਵੀ “ਸਰਦਾਰ ਜੀ ਤੁਹਾਡੇ ਤਾਂ ਤੁਰ ਜਾਣ ਤੋ ਬਾਅਦ ਵੀ ਇਹ ਦਿਲ ਕੱਢਕੇ ਰੱਖ ਲੈਣਾਂ ,ਕਿਸੇ ਹੋਰ ਛੋਟੀ ਬੀਬੀ ਦੇ ਕੰਮ ਆਊ, ਇਹ ਆਖੂ , “ਤੂੰ ਹੁਣ ਨਾਲ ਹੀ ਚੱਲ ਪਈਂ ਮੇਰੇ।

ਮੈਂ ਤਾਂ ਹਾਸੇ ਕਹਿ ਦਿੰਦੀ ਹਾਂ, ਮੈਂ ਤਾਂ ਹਲੇ ਜਵਾਨੀਂ ਨੀਂ ਵੇਖੀ ਚੰਗੀ ਤਰਾਂ। ਮੈਂ ਦਿਲੋਂ ਸਿਜਦਾ ਕੀਤਾ, ਮੈਂ ਕਿਹਾ ਬੀਬੀ, ” ਦਿਲ ਤਾਂ ਤੇਰਾ ਵੀ ਸੋਨੇ ਚ ਮੜ ਕੇ ਰੱਖਣ ਵਾਲਾ ,ਕੋਈ ਹੋਰ ਗੁਰਲਾਲ ਸਿਓਂ ਵੀ ਉਡੀਕਦਾ ਹੋਣਾਂ ਕਿਸੇ ਛੋਟੀ ਬੀਬੀ ਨੂੰ, ਜਿਹੜੀ ਉਮਰ ਤੇ ਬਿਸਤਰ ਦੀ ਸਾਂਝ ਤੋਂ ਵੀ ਅਗਾਂਹ ਦੇ ਰਾਹਾਂ ਦੀ ਸਾਥਣ ਹੋਵੇ।

ਲੇਖਿਕਾ- ਰੁਪਿੰਦਰ ਕੌਰ ਸੰਧੂ

error: Content is protected !!