ਨਵੀਂ ਦਿੱਲੀ: ਸਾਈਬਰ ਸੁਰੱਖਿਆ ਖੇਤਰ ਨਾਲ ਸਬੰਧਤ ਕੰਪਨੀ ਮਾਲਵੇਅਰ ਹੰਟਰ ਨੂੰ ਐਨਰੈਂਸਵੇਅਰ ਵਾਇਰਸ ਦਾ ਪਤਾ ਲੱਗਿਆ ਹੈ। ਇਹ ਵਾਇਰਸ ਰੈਂਸਮਵੇਅਰ ਕੰਪਿਊਟਰ ਵਾਂਗ ਹੀ ਕੰਮ ਕਰਦਾ ਹੈ। ਹਾਲਾਂਕਿ, ਰੈਂਸਮਵੇਅਰ ਤੁਹਾਡਾ ਕੰਪਿਊਟਰ ਛੱਡਣ ਬਦਲੇ ਫਿਰੌਤੀ ਦੀ ਮੰਗ ਕਰਦਾ ਹੈ, ਉਸ ਦੇ ਉਲਟ ਇਹ ਵਾਇਰਸ ਨੰਗੀਆਂ ਤਸਵੀਰਾਂ ਦੀ ਮੰਗ ਕਰਦਾ ਹੈ।
ਕਿਵੇਂ ਹਮਲਾ ਕਰਦਾ ਇਹ ਵਾਇਰਸ?
ਖੋਜਕਰਤਾਵਾਂ ਮੁਤਾਬਕ, ਇਸ ਵਾਇਰਸ ਦੇ ਹਮਲੇ ਤੋਂ ਬਾਅਦ ਕੰਪਿਊਟਰ ਵਿੱਚ ਦਾਖ਼ਲ ਹੋਣਾ ਬੰਦ ਹੋ ਜਾਂਦਾ ਹੈ। ਅਜਿਹੇ ਵਿੱਚ ਜਦੋਂ ਤੁਸੀਂ ਕੰਪਿਊਟਰ ਖੋਲ੍ਹੋਗੇ ਤਾਂ ਤੁਹਾਨੂੰ ਹੈਕਰਜ਼ ਦਾ ਸੰਦੇਸ਼ ਵਿਖਾਈ ਦੇਵੇਗਾ। ਇਹ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ, “ਤੁਹਾਡਾ ਕੰਪਿਊਟਰ ਲੌਕ ਕੀਤਾ ਗਿਆ ਹੈ, ਜਿਸ ਨੂੰ ਤੁਸੀਂ ਖ਼ਾਸ ਕੋਡ ਨਾਲ ਹੀ ਖੋਲ੍ਹ ਸਕਦੇ ਹੋ।” ਸਕ੍ਰੀਨ ‘ਤੇ ਜਾਰੀ ਮੈਸੇਜ ਵਿੱਚ ਇੱਕ ਈ-ਮੇਲ ਵੀ ਸ਼ਾਮਲ ਹੁੰਦੀ ਹੈ।
ਇਸ ਤੋਂ ਬਾਅਦ ਕੀ ?
ਇਸ ਤੋਂ ਬਾਅਦ ਸਕ੍ਰੀਨ ‘ਤੇ ਇਹ ਲਿਖਿਆ ਆਉਂਦਾ ਹੈ,”ਅਸੀਂ ਤੁਰੰਤ ਜਵਾਬ ਨਹੀਂ ਦੇ ਸਕਦੇ, ਜਦੋਂ ਅਸੀਂ ਜਵਾਬ ਦੇਵਾਂਗੇ ਤਾਂ ਤੁਹਾਨੂੰ ਆਪਣੀਆਂ 10 ਨਿਊਡ (ਨੰਗੀਆਂ) ਫ਼ੋਟੋਆਂ ਭੇਜਣੀਆਂ ਹੋਣਗੀਆਂ। ਇਸ ਤੋਂ ਬਾਅਦ ਤੁਹਾਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਇਹ ਤਸਵੀਰਾਂ ਤੁਹਾਡੀਆਂ ਹੀ ਹਨ। ਫਿਰ ਅਸੀਂ ਤੁਹਾਨੂੰ ਅਨਲੌਕਿੰਗ ਕੋਡ ਦੇ ਦਿਆਂਗੇ।” ਐਨਰੈਂਸਵੇਅਰ ਇੱਥੋਂ ਤੱਕ ਹੀ ਸੀਮਿਤ ਨਹੀਂ। ਹੈਕਰਜ਼ ਨੇ ਆਪਣੇ ਮੈਸੈਜ ਵਿੱਚ ਇਹ ਵੀ ਲਿਖਿਆ ਹੈ ਕਿ ਅਨਲੌਕ ਕੋਡ ਭੇਜਣ ਤੋਂ ਬਾਅਦ ਉਹ ਤੁਹਾਡੀਆਂ ਨਿਊਡ ਤਸਵੀਰਾਂ ਨੂੰ ਡੀਪ ਵੈੱਬ ‘ਤੇ ਵੇਚ ਦੇਣਗੇ।
ਸਾਈਬਰ ਹਮਲੇ ਤੋਂ ਬਚਾਅ ਕਿਵੇਂ ਕਰੀਏ?
ਸਾਈਬਰ ਸੁਰੱਖਿਆ ਮਾਹਰ ਜਾਨ ਸਨੋਅ ਦੱਸਦੇ ਹਨ ਕਿ ਇਹ ਵਾਇਰਸ ਤੁਹਾਡੇ ਕੰਪਿਊਟਰ ਦੀਆਂ ਫ਼ਾਈਲਾਂ ਨੂੰ ਲੌਕ ਨਹੀਂ ਕਰਦਾ ਬਲਕਿ ਕੰਪਿਊਟਰ ਵਿੱਚ ਦਾਖ਼ਲਾ ਹੀ ਬੰਦ ਕਰ ਦਿੰਦਾ ਹੈ। ਇੱਕ ਰੂਸੀ ਫ਼ਰਮ ਮੁਤਾਬਕ, ਇਸ ਸਮੇਂ ਇਹ ਵਾਇਰਸ ਵਿੰਡੋਜ਼ ਯੂਜ਼ਰਸ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸਨੋਅ ਨੇ ਦੱਸਿਆ ਕਿ ਇਸ ਸਮੇਂ ਨਿਊਡ ਤਸਵੀਰਾਂ ਬਾਰੇ ਹੈਕਰਾਂ ਦੇ ਪਲਾਨ ਸਬੰਧੀ ਸਿਰਫ ਅੰਦਾਜ਼ਾ ਲਾਇਆ ਜਾਂਦਾ ਹੈ ਪਰ ਸ਼ਾਇਦ ਉਹ ਆਪਣੇ ਸ਼ਿਕਾਰਾਂ ਨੂੰ ਸ਼ਰਮਿੰਦਾ ਕਰਨ ਤੇ ਪੈਸੇ ਬਟੋਰਨ ਵਾਲੇ ਕੰਮ ਕਰਨਗੇ।
ਬਲੈਕਮੇਲ ਕਰਨ ਮਗਰੋਂ ਕੀ ਕਰ ਸਕਦੇ ਹੈਕਰ?
ਸਨੋਅ ਮੁਤਾਬਕ, ਸਾਈਬਰ ਅਟੈਕ ਹੋਣ ‘ਤੇ ਵੀ ਤੁਹਾਨੂੰ ਹੈਕਰ ਨੂੰ ਕਿਸੇ ਤਰ੍ਹਾਂ ਦੀ ਫਿਰੌਤੀ ਨਹੀਂ ਦੇਣੀ ਚਾਹੀਦੀ ਤੇ ਨਾ ਹੀ ਤੁਹਾਡੀਆਂ ਨਿੱਜੀ ਤਸਵੀਰਾਂ ਭੇਜਣੀਆਂ ਚਾਹੀਦੀਆਂ ਹਨ। ਕੈਸਪਰਸਕਾਈ ਕੰਪਨੀ ਦੀ ਵੈਬਸਾਈਟ ਦੱਸਦੀ ਹੈ ਕਿ ਫਿਰੌਤੀ ਦੇਣ ਤੋਂ ਬਾਅਦ ਵੀ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਤੁਹਾਡਾ ਸਿਸਟਮ ਤੁਹਾਨੂੰ ਵਾਪਸ ਮਿਲ ਜਾਵੇਗਾ।
ਸਾਈਬਰ ਹਮਲੇ ਤੋਂ ਕਿਵੇਂ ਬਚਿਆ ਜਾਵੇ
ਮਾਹਰਾਂ ਨੇ ਦੱਸਿਆ ਕਿ ਤੁਹਾਨੂੰ ਤੁਹਾਡੇ ਸਿਸਟਮ ਤੋਂ Ctrl+Alt+Shift+F4 ਕਮਾਂਡ ਨੂੰ ਲਗਾਤਾਰ ਵਰਤੋਂ ਕਰਕੇ ਅਨਲੌਕ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਆਪਣੇ ਆਈ.ਪੀ. ਐਡਰੈੱਸ ਨੂੰ ਗੁਪਤ ਰੱਖਣਾ ਚਾਹੀਦਾ ਹੈ ਤੇ ਕਿਸੇ ਵੀ ਅਨਜਾਣ ਲਿੰਕ ਨੂੰ ਖੋਲ੍ਹਣਾ ਨਹੀਂ ਚਾਹੀਦਾ। ਜੇਕਰ ਤੁਹਾਡਾ ਕੰਪਿਊਟਰ ਵਾਇਰਸ ਨਾਲ ਪ੍ਰਭਾਵਿਤ ਹੈ ਤਾਂ ਇਸ ਨੂੰ ਨੈੱਟਵਰਕ ਤੋਂ ਹਟਾ ਕੇ ਬੰਦ ਕਰ ਦਿਓ।