ਚੰਡੀਗੜ੍ਹ :ਆਖਿਰਕਾਰ ਪੰਜਾਬ ਸਰਕਾਰ ਨੇ ਕਰਜ਼ਾ ਮੁਆਫੀ ਦਾ ਨੋਟੀਫਿਕੇਸ਼ਨ ਜਾਰੀ ਕਰ ਹੀ ਦਿੱਤਾ। ਇਸ ਲਾਭ ਸੀਮਾਂਤ ਤੇ ਛੋਟੇ ਕਿਸਾਨਾਂ ਨੂੰ ਮਿਲੇਗਾ। ਸਹਿਕਾਰੀ, ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ’ਚ ਕਿਸਾਨਾਂ ਦੇ 31 ਮਾਰਚ, 2017 ਤਕ ਖੜ੍ਹੇ ਕਰਜ਼ੇ ਨੂੰ ਇਸ ਮੁਆਫ਼ੀ ਦਾ ਆਧਾਰ ਬਣਾਇਆ ਜਾਵੇਗਾ। ਜਿਹੜੇ ਕਿਸਾਨ ਨਵੀਂ ਕਿਸ਼ਤ ਭਰ ਵੀ ਦੇਣਗੇ ਉਨ੍ਹਾਂ ਨੂੰ ਵੀ ਇਸ ਦਾ ਲਾਭ ਮਿਲੇਗਾ।

ਬੁੱਧਵਾਰ ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਕਿਸਾਨਾਂ ਦੇ ਖਾਤਿਆਂ ਵਾਲੀਆਂ ਬੈਂਕਾਂ ਸ਼ਾਖਾ ਪੱਧਰ ਉੱਤੇ ਸਾਰੇ ਖਾਤਿਆਂ ਦੀ ਜਾਣਕਾਰੀ ਇੱਕ ਜਗ੍ਹਾ ਇਕੱਠੀ ਕਰਨਗੀਆਂ। ਖਾਤਿਆਂ ਨੂੰ ਆਧਾਰ ਕਾਰਡ ਨਾਲ ਲਗਪਗ ਜੋੜਿਆ ਜਾ ਚੁੱਕਾ ਹੈ। ਸ਼ਾਖਾਵਾਂ ਵੱਲੋਂ ਵੱਖ ਵੱਖ ਖਾਤਿਆਂ ਅਤੇ ਇੱਕ ਕਿਸਾਨ ਦੇ ਕੁੱਲ ਕਰਜ਼ੇ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਅਤੇ ਸਬੰਧਿਤ ਐਸਡੀਐਮ ਨੂੰ ਵੀ ਭੇਜੀ ਜਾਵੇਗੀ।

ਪਹਿਲ ਸਹਿਕਾਰੀ ਖਾਤਾ ਨਿੱਲ ਕਰਨ ਨੂੰ ਦਿੱਤੀ ਜਾਵੇਗੀ। ਦੂਜੇ ਨੰਬਰ ਉੱਤੇ ਕੌਮੀਕ੍ਰਿਤ ਬੈਂਕ ਅਤੇ ਤੀਜੇ ਨੰਬਰ ’ਤੇ ਵਪਾਰਕ ਬੈਂਕਾਂ ਦੀ ਵਾਰੀ ਆਵੇਗੀ। ਬਾਅਦ ਵਿੱਚ ਇਹ ਸੂਚੀਆਂ ਜਨਤਕ ਕੀਤੀਆਂ ਜਾਣਗੀਆਂ। ਜੇਕਰ ਕਿਸੇ ਕਿਸਾਨ ਨੂੰ ਕੋਈ ਇਤਰਾਜ਼ ਹੋਵੇਗਾ ਤਾਂ ਉਹ ਡਿਪਟੀ ਕਮਿਸ਼ਨਰ ਕੋਲ ਪਹੁੰਚ ਕਰ ਸਕੇਗਾ। ਵੱਖ ਵੱਖ ਬੈਂਕਾਂ ਨੂੰ ਸਰਕਾਰੀ ਪੈਸਾ ਖੇਤੀ ਵਿਭਾਗ ਦੇ ਡਾਇਰੈਕਟਰ ਦੇ ਖਾਤੇ ਰਾਹੀਂ ਜਾਵੇਗਾ ਅਤੇ ਕਿਸਾਨਾਂ ਨੂੰ ਕਰਜ਼ਾ ਅਦਾ ਹੋਏ ਦੇ ਪ੍ਰਮਾਣ ਪੱਤਰ ਮਿਲ ਜਾਣਗੇ।
ਜਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 19 ਜੂਨ ਨੂੰ ਪੰਜਾਬ ਦੇ ਢਾਈ ਏਕੜ ਤਕ ਵਾਲੇ ਕਿਸਾਨਾਂ ਦਾ ਦੋ ਲੱਖ ਰੁਪਏ ਅਤੇ ਪੰਜ ਏਕੜ ਜ਼ਮੀਨ ਵਾਲੇ ਉਨ੍ਹਾਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਸੀ ਜਿਨ੍ਹਾਂ ਸਿਰ ਦੋ ਲੱਖ ਰੁਪਏ ਕਰਜ਼ਾ ਹੈ।
ਖ਼ੁਦਕੁਸ਼ੀ ਪੀੜਤ ਕਿਸਾਨ ਅਤੇ ਮਜ਼ਦੂਰ ਪਰਿਵਾਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਦਾ ਵੀ ਐਲਾਨ ਹੋਇਆ ਸੀ।
ਇਹ ਐਲਾਨ ਕਰਜ਼ਾ ਮੁਆਫ਼ੀ ਦੀ ਕਾਰਜਯੋਜਨਾ ਬਣਾਉਣ ਵਾਲੀ ਟੀ.ਹੱਕ ਕਮੇਟੀ ਦੀ ਅੰਤ੍ਰਿਮ ਸਿਫ਼ਾਰਸ਼ ਮੁਤਾਬਕ ਕੀਤਾ ਸੀ। ਇਸ ਨਾਲ ਕਿਸਾਨਾਂ ਦੇ ਲਗਪਗ 9500 ਕਰੋੜ ਰੁਪਏ ਮੁਆਫ਼ ਹੋਣੇ ਹਨ ਅਤੇ ਤਕਰੀਬਨ 10.22 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ।
Sikh Website Dedicated Website For Sikh In World