ਕੈਨੇਡਾ ਜਣ ਤੋਂ ਪਹਿਲਾਂ ਮਨੀਕਰਨ ਸਾਹਿਬ ਅਤੇ ਮਨਾਲੀ ਗੲੇ ਪਰ ਓਹ ਵਾਪਸ ਨਾ ਮੁੜ ਸਕਿਆ..

ਜਲੰਧਰ, (ਪ੍ਰੀਤ)- ਹਿਮਾਚਲ ਦੇ ਮਣੀਕਰਨ ਸਾਹਿਬ ਵਿਚ ਮੱਥਾ ਟੇਕਣ ਤੋਂ ਬਾਅਦ ਕੁੱਲੂ ਮਨਾਲੀ ਗਏ ਜਲੰਧਰ ਦੇ 5 ਦੋਸਤ ਹਾਦਸੇ ਦਾ ਸ਼ਿਕਾਰ ਹੋ ਗਏ। ਸਵੇਰੇ ਮਣੀਕਰਨ ਦੇ ਸ਼ਾਂਗਨਾ ਪੁਲ ਦੇ ਨੇੜੇ ਹੋਏ ਦਰਦਨਾਕ ਹਾਦਸੇ ਦੀ ਖਬਰ ਜਦੋਂ ਜਲੰਧਰ ਪਹੁੰਚੀ ਤਾਂ ਪੰਜਾਂ ਪਰਿਵਾਰਾਂ ਵਿਚ ਚੀਕਾਂ ਰੌਲੀ ਪੈ ਗਈ। ਸਾਰੇ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਤੁਰੰਤ ਕੁੱਲੂ ਮਨਾਲੀ ਲਈ ਨਿਕਲ ਗਏ। ਦਰਦਨਾਕ ਹਾਦਸੇ ਵਿਚ ਜਲੰਧਰ ਦੇ ਝੰਡੀਆਂ ਵਾਲਾ ਪੀਰ ਦੇ ਨੇੜੇ ਆਦਰਸ਼ ਨਗਰ ਵਿਚ ਸਥਿਤ ਨਾਰੰਗ ਡਾਇਰੀ ਦੇ ਮਾਲਕ ਅਮਰਜੀਤ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਉਰਫ ਸਰਵ ਦੀ ਮੌਤ ਹੋ ਗਈ ਜਦਕਿ ਨਕੋਦਰ ਚੌਕ ਨੇੜੇ ਬਿਲਡਿੰਗ ਮਟੀਰੀਅਲ ਕਾਰੋਬਾਰੀ ਜਗਦੇਵ ਸਿੰਘ ਉਰਫ ਜੰਗੀ ਦਾ ਬੇਟਾ ਗੁਰਕੀਰਤ ਸਿੰਘ ਪਾਣੀ ਦੇ ਵਹਾਅ ਵਿਚ ਰੁੜ੍ਹ ਗਿਆ। 

ਦੇਰ ਰਾਤ ਤਕ ਗੁਰਕੀਰਤ ਦੀ ਭਾਲ ਕੀਤੀ ਜਾ ਰਹੀ ਸੀ ਜਦਕਿ ਹੋਰ ਕਾਰ ਵਿਚ ਸਵਾਰ 3 ਦੋਸਤ ਰਾਮ ਆਹੂਜਾ ਪੁੱਤਰ ਚੰਦਰ ਮੋਹਨ ਆਹੂਜਾ ਵਾਸੀ ਗੋਪਾਲ ਨਗਰ, ਜਸਬੀਰ ਸਿੰਘ ਬੋਪਾਰਾਏ ਵਾਸੀ ਦਿਓਲ ਨਗਰ, ਸਤਿਅਮ ਕਸ਼ਿਅਪ ਵਾਸੀ ਨਿਜ਼ਾਤਮ ਨਗਰ ਤਿੰਨੋਂ ਗੰਭੀਰ ਜ਼ਖਮੀ ਹਨ। ਹਾਦਸੇ ਨੂੰ ਲੈ ਕੇ ਸਾਰੇ ਨੌਜਵਾਨਾਂ ਦੇ ਪਰਿਵਾਰ ਵਾਲੇ ਦੁਚਿੱਤੀ ਵਿਚ ਹਨ ਕਿਉਂਕਿ ਸਾਰਿਆਂ ਨੂੰ ਹਾਦਸੇ ਬਾਰੇ ਤਾਂ ਪਤਾ ਹੈ ਪਰ ਕੀ ਹੋਇਆ, ਕਿਵੇਂ ਹੋਇਆ ਫਿਲਹਾਲ ਸਾਰੇ ਇਸ ਤੋਂ ਅਣਜਾਣ ਹਨ। ਘਟਨਾ ਦਾ ਪਤਾ ਲਗਦੇ ਹੀ ਜਗ ਬਾਣੀ ਦੀ ਟੀਮ ਸਭ ਤੋਂ ਪਹਿਲਾਂ ਨਾਰੰਗ ਡੇਅਰੀ ਵਾਲਿਆਂ ਦੇ ਬੇਟੇ ਸਰਬਜੋਤ ਉਰਫ ਸਰਵ ਦੇ ਘਰ ਪਹੁੰਚੀ। ਸਰਬਜੋਤ ਦੇ ਘਰ ਵਿਰਲਾਪ ਹੋ ਰਿਹਾ ਸੀ ਕਿਉਂਕਿ ਹਾਦਸੇ ਵਿਚ ਸਰਵ ਦੀ ਮੌਤ ਦੀ ਖਬਰ ਘਰ ਪਹੁੰਚ ਚੁੱਕੀ ਸੀ। ਹਾਲਾਂਕਿ ਹਾਦਸੇ ਦਾ ਪਤਾ ਲੱਗਦੇ ਹੀ ਸਰਵ ਦੇ ਪਿਤਾ ਅਮਰਜੀਤ ਸਿੰਘ, ਵੱਡਾ ਭਰਾ ਤਰਨਜੋਤ ਤੇ ਹੋਰ ਪਰਿਵਾਰਕ ਮੈਂਬਰ ਉਸੇ ਸਮੇਂ ਤੁਰੰਤ ਕੁੱਲੂ ਮਨਾਲੀ ਲਈ ਰਵਾਨਾ ਹੋ ਗਏ।
PunjabKesari

ਦੇਰ ਰਾਤ ਸਰਵ ਦੇ ਘਰ ਵਿਚ ਮਾਹੌਲ ਗਮਗੀਨ ਸੀ। ਹਾਲਾਂਕਿ ਸਰਵ ਦੀ ਮਾਂ ਤੇ ਹੋਰਨਾਂ ਨੂੰ ਫਿਲਹਾਲ ਇਸ ਘਟਨਾ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਸੀ। ਸਿਰਫ ਇੰਨਾ ਹੀ ਦੱਸਿਆ ਗਿਆ ਸੀ ਕਿ ਸਰਵ ਤੇ ਉਸਦੇ ਦੋਸਤਾਂ ਦਾ ਐਕਸੀਡੈਂਟ ਹੋਇਆ ਹੈ। ਸਰਵ ਦੇ ਘਰ ਵਿਚ ਮੌਜੂਦ ਉਸ ਦੇ ਤਾਇਆ ਗੁਰਮੀਤ ਸਿੰਘ ਨੇ ਦੱਸਿਆ ਕਿ ਸਰਵ ਨੇ ਏ. ਪੀ. ਜੇ. ਕਾਲਜ ਤੋਂ 12ਵੀਂ ਪਾਸ ਕੀਤੀ ਸੀ। ਉਹ ਹੁਣ ਕੰਮ ਵਿਚ ਮਦਦ ਵੀ ਕਰਵਾ ਰਿਹਾ ਸੀ। ਦੋ ਦਿਨ ਪਹਿਲਾਂ ਉਹ ਆਪਣੀ ਕਾਰ ਲੈ ਕੇ ਸਾਰੇ ਦੋਸਤਾਂ ਨਾਲ ਮਣੀਕਰਨ ਸਾਹਿਬ ਮੱਥਾ ਟੇਕਣ ਗਏ ਅਤੇ ਉਥੋਂ ਅੱਗੇ ਮਨਾਲੀ ਚਲੇ ਗਏ। ਪਤਾ ਲੱਗਾ ਹੈ ਕਿ ਅੱਜ ਸਾਰਿਆਂ ਨੇ ਵਾਪਸ ਆਉਣਾ ਸੀ ਪਰ ਹਾਦਸੇ ਦਾ ਪਤਾ ਲੱਗਾ। ਗੁਰਮੀਤ ਸਿੰਘ ਮੁਤਾਬਕ ਉਨ੍ਹਾਂ ਨੂੰ ਹਾਦਸੇ ਦਾ ਪਤਾ ਸ਼ਾਮ ਕਰੀਬ 5.30 ਵਜੇ ਉਸ ਸਮੇਂ ਲੱਗਿਆ, ਜਦੋਂ ਸਰਵ ਦੇ ਦੋਸਤ ਗੁਰਕੀਰਤ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਘਰ ਪਹੁੰਚੇ।

ਏ. ਪੀ. ਜੇ. ‘ਚ ਇਕੱਠੇ ਪਾਸ ਕੀਤੀ 12ਵੀਂ

ਪਤਾ ਲੱਗਾ ਹੈ ਕਿ ਗੁਰਕੀਰਤ, ਜਸਵੀਰ ਬੋਪਾਰਾਏ, ਸਰਬਜੋਤ ਸਿੰਘ, ਰਾਮ ਆਹੂਜਾ ਤੇ ਸਤਿਅਮ ਸਾਰੇ ਸਹਿਪਾਠੀ ਹਨ। ਸਾਰਿਆਂ ਨੇ ਏ. ਪੀ. ਜੇ. ਤੋਂ 12ਵੀਂ ਪਾਸ ਕੀਤੀ। ਇਸ ਤੋਂ ਬਾਅਦ ਹੁਣ ਸਰਬਜੋਤ ਸਟੱਡੀ ਵੀਜ਼ਾ ‘ਤੇ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ, ਜਦਕਿ ਗੁਰਕੀਰਤ ਨੇ ਖਾਲਸਾ ਕਾਲਜ ਤੇ ਸਤਿਅਮ, ਜਸਵੀਰ ਤੇ ਰਾਮ ਨੇ ਡੀ. ਏ. ਵੀ. ਕਾਲਜ ‘ਚ ਬੀ. ਐੱਸ. ਸੀ. ਵਿਚ ਐਡਮਿਸ਼ਨ ਲਈ। ਪਤਾ ਲੱਗਾ ਹੈ ਕਿ ਸਰਬਜੋਤ ਦਾ ਬੀਤੇ ਦਿਨ ਕੈਨੇਡਾ ਜਾਣ ਲਈ ਵੀਜ਼ਾ ਲੱਗ ਗਿਆ ਸੀ। ਉਹ ਕੈਨੇਡਾ ਜਾਣ ਤੋਂ ਪਹਿਲਾਂ ਦੋਸਤਾਂ ਨਾਲ ਸ੍ਰੀ ਮਣੀਕਰਨ ਸਾਹਿਬ ਮੱਥਾ ਟੇਕਣ ਗਿਆ ਅਤੇ ਹਾਦਸੇ ਦਾ ਸ਼ਿਕਾਰ ਹੋ ਗਿਆ।

ਰਾਮ ਆਹੂਜਾ, ਸਤਿਅਮ ਕਸ਼ਯਪ ਤੇ ਜਸਵੀਰ ਬੋਪਾਰਾਏ ਦੇ ਘਰਾਂ ਵਿਚ ਚੁੱਪੀ

ਹਾਦਸੇ ‘ਚ ਰਾਮ ਆਹੂਜਾ, ਸਤਿਅਮ ਕਸ਼ਯਪ ਤੇ ਜਸਵੀਰ ਬੋਪਾਰਾਏ ਤਿੰਨਾਂ ਦੇ ਘਰਾਂ ਵਿਚ ਚੁੱਪੀ ਛਾਈ ਹੋਈ ਹੈ। ਰਾਮ ਆਹੂਜਾ ਦੇ ਗੋਪਾਲ ਨਗਰ ਸਥਿਤ ਘਰ ਵਿਚ ਸੰਨਾਟਾ ਸੀ। ਰਾਮ ਦੇ ਪਿਤਾ ਚੰਦਰ ਮੋਹਨ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ। ਰਾਤ ਦੇ ਸਮੇਂ ਰਾਮ ਦੀ ਮਾਂ ਹੀ ਘਰ ਵਿਚ ਇਕੱਲੀ ਸੀ। ਜਦੋਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਤੋਂ ਬੋਲਿਆ ਨਹੀਂ ਗਿਆ। ਬਸ ਜ਼ੋਰ-ਜ਼ੋਰ ਨਾਲ ਰੋਣ ਲੱਗੀ। ਉਸਨੇ ਸਿਰਫ ਇੰਨਾ ਹੀ ਕਿਹਾ ਕਿ ਬੱਚੇ ਤਾਂ ਘੁੰਮਣ ਗਏ ਹਨ। ਅੱਜ ਸ਼ਾਮ ਹਾਦਸਾ ਹੋਣ ਦਾ ਫੋਨ ਆਇਆ। ਰਾਮ ਦੇ ਪਿਤਾ ਵੀ ਉਥੇ ਗਏ ਹਨ। ਪਹੁੰਚਣ ‘ਤੇ ਹੀ ਦੱਸਣਗੇ। ਇਸੇ ਤਰ੍ਹਾਂ ਸਤਿਅਮ ਤੇ ਜਸਵੀਰ ਦੇ ਪਰਿਵਾਰਕ ਮੈਂਬਰ ਵੀ ਪ੍ਰੇਸ਼ਾਨੀ ਵਿਚ ਸਨ।

ਲਾਪਤਾ ਗੁਰਕੀਰਤ ਦੇ ਪਰਿਵਾਰ ‘ਚ ਵੀ ਸੰਨਾਟਾ

ਨਕੋਦਰ ਚੌਕ ਨੇੜੇ ਬਿਲਡਿੰਗ ਮਟੀਰੀਅਲ ਦੇ ਕਾਰੋਬਾਰ ਕਰਨ ਵਾਲੇ ਅਕਾਲੀ ਆਗੂ ਜਗਦੇਵ ਸਿੰਘ ਜੰਗੀ ਦਾ ਬੇਟਾ ਗੁਰਕੀਰਤ ਸਿੰਘ ਵੀ ਨਾਲ ਸੀ। ਹਾਦਸੇ ਦਾ ਪਤਾ ਲੱਗਦੇ ਹੀ ਪਿਤਾ ਜਗਦੇਵ ਸਿੰਘ, ਵੱਡਾ ਭਰਾ ਗੁਰਪ੍ਰੀਤ ਤੁਰੰਤ ਕੁੱਲੂ ਚਲੇ ਗਏ। ਗੁਰਕੀਰਤ ਦੇ ਘਰ ਵਿਚ ਸੰਨਾਟਾ ਸੀ। ਉਨ੍ਹਾਂ ਦੇ ਘਰ ਵਿਚ ਮੌਜੂਦ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਨੂੰ ਤਾਂ ਇਹੀ ਪਤਾ ਲੱਗਾ ਹੈ ਕਿ ਗੁਰਕੀਰਤ ਪਾਣੀ ਵਿਚ ਰੁੜ੍ਹ ਗਿਆ ਹੈ। ਉਸ ਦਾ ਕੋਈ ਪਤਾ ਨਹੀਂ ਚਲ ਰਿਹਾ ਹੈ। ਜੰਗੀ ਭਾਜੀ ਅਤੇ ਦੋਸਤ ਕੁੱਲੂ ਗਏ ਹਨ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।

error: Content is protected !!