ਇੱਕ ਸੱਚ ਜੋ ਉਸਨੇ ਆਪਣੇ ਸਹੁਰੇ ਪਰਿਵਾਰ ਤੋਂ ਛੁਪਾਇਆ ਸੀ, ਜਿਸਨੂੰ ਯਾਦ ਕਰ ਉਸਦਾ ਦਿਲ ਜ਼ੋਰ ਜ਼ੋਰ ਦੀ ਧੜਕਨ ਲੱਗ ਜਾਂਦਾ

ਕਹਾਣੀ ★ਮਣੀ ਕਰਨ★

ਮਣੀ ਨੂੰ ਕਿਸੇ ਸਵਰਗ ਤੋਂ ਘੱਟ ਨਹੀਂ ਸੀ ਲੱਗ ਰਿਹਾ ਆਪਣਾ ਸਹੁਰੇ ਘਰ। ਪਤੰਗ ਵਾਂਗ ਉੱਡੀ ਫਿਰਦੀ ਸੀ। ਸਕੇ ਮਾਂ ਪਿਉ ਤੋਂ ਵਧਕੇ ਪਿਆਰ ਕਰਨ ਵਾਲੇ ਸਹੁਰਾ ਸੱਸ। ਜਵਾਨੀ ਦੀ ਦਹਿਲੀਜ਼ ਤੇ ਪੈਰ੍ਹ ਰੱਖਦੀ ਉਸਦੀ ਛੋਟੀ ਨਨਾਣ,ਜੋ ਭਾਬੀ ਭਾਬੀ ਕਰਦੀ ਉਸ ਮਗਰ ਮਗਰ ਫਿਰਦੀ ਰਹਿੰਦੀ, ਮਣੀ ਵੀ ਉਸਨੂੰ ਆਪਣੀ ਧੀ ਵਾਂਗ ਪਿਆਰ ਕਰਦੀ। ਅਤੇ ਕਰਨ ਉਸਦਾ ਪਤੀ, ਜੋ ਆਪਣੇ ਮਾਂ, ਪਿਉ,ਭੈਣ ਦੇ ਨਾਲ ਨਾਲ ਮਣੀ ਦੇ ਵੀ ਸਾਹ ਵਿੱਚ ਸਾਹ ਲੈਂਦਾ।

ਛੋਟੇ ਜਿਹੇ ਪਰਿਵਾਰ ਦਾ ਆਪਸ ਵਿੱਚ ਐਨਾ ਮੋਹ ਵੇਖ ਮਣੀ ਨੂੰ ਸੱਚ ਨਾ ਆਉਂਦਾ, ਕਦੇ ਕਦੇ ਉਸਨੂੰ ਇੰਜ ਲਗਦਾ ਜਿਵੇਂ ਉਹ ਕੋਈ ਸੁਪਨਾ ਵੇਖ ਰਹੀ ਹੋਵੇ,ਜਦ ਉਹ ਆਪਣੀ ਉਂਗਲੀ ਤੇ ਦੰਦੀ ਵੱਢਕੇ ਵੇਖਦੀ ਤਾਂ ਉਸਦੀ ਚੀਕ ਨਿਕਲ ਜਾਂਦੀ, ਇਸ ਹਕੀਕਤ ਨੂੰ ਸਵਿਕਾਰ ਕਰਦੀ ਉਹ ਆਪ ਮੁਹਾਰੇ ਹੀ ਖਿੜ੍ਹ ਖਿੜ੍ਹ ਕਰ ਹੱਸ ਪੈਂਦੀ।

ਬਸ ਇੱਕ ਸੱਚ ਜੋ ਉਸਨੇ ਆਪਣੇ ਸਹੁਰੇ ਪਰਿਵਾਰ ਤੋਂ ਛੁਪਾਇਆ ਸੀ, ਜਦ ਚੇਤੇ ਆ ਜਾਂਦਾ ਤਾਂ ਉਹ ਤ੍ਰਿਪਕ ਜਾਂਦੀ, ਦਿਲ ਜ਼ੋਰ ਜ਼ੋਰ ਦੀ ਧੜਕਨ ਲੱਗ ਜਾਂਦਾ,ਕਸ਼ਮੀਰੀ ਸੇਬ ਵਾਂਗ ਚਿਹਰਾ ਲਾਲ ਸੁਰਖ਼ ਹੋ ਜਾਂਦਾ ਤੇ ਅੱਖਾਂ ਵਿੱਚੋਂ ਹੰਝੂ ਗੱਲ੍ਹਾਂ ਉੱਤੋਂ ਦੀ ਲੀਹ ਪਾਉਂਦੇ ਉਸਦੀ ਕੁੜਤੀ ਭਿਉ ਦਿੰਦੇ। ਸਭ ਤੋਂ ਜ਼ਿਆਦਾ ਡਰ ਉਸ ਨੂੰ ਕਰਨ ਤੋਂ ਲਗਦਾ। ਉਹ ਕਿਸੇ ਵੀ ਹਾਲਤ ਉਸ ਤੋਂ ਵੱਖ ਨਹੀਂ ਸੀ ਹੋਣਾ ਚਾਹੁੰਦੀ,ਬਹੁਤ ਪਿਆਰ ਕਰਦੀ ਸੀ ਉਸਨੂੰ।

ਕਰਨ ਭਾਵੇਂ ਉਹਨੂੰ ਕਿਸੇ ਦੇਵਤੇ ਤੋਂ ਘੱਟ ਨਾ ਲਗਦਾ, ਕਿਉਂਕਿ ਉਹ ਵੀ ਉਸਨੂੰ ਬੇ ਪਨਾਹ ਮਹੁੱਬਤ ਕਰਦਾ ਜੀ, ਕਦੇ ਵੀ ਉਸਨੇ ਮਣੀ ਨੂੰ ਨਾ ਤਾਂ ਕਿਸੇ ਕੰਮ ਤੋਂ ਬਹੁਤਾ ਵਰਜਿਆ ਸੀ ਤੇ ਨਾ ਹੀ ਕਦੇ ਉਹਦੇ ਨਾਲ ਬਹੁਤੀ ਉੱਚੀ ਆਵਾਜ਼ ਵਿੱਚ ਗੱਲ ਕੀਤੀ ਸੀ।ਕਰਨ ਨੇ ਤਾਂ ਉਸਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਮੇਰੇ ਨਾਮ ਦੀ ਮਹਿੰਦੀ ਲਾਉਣ, ਚੂੜਾ, ਸੰਧੂਰ ਪਾਉਣ ਦੀ ਵੀ ਕੋਈ ਜ਼ਰੂਰਤ ਨਹੀਂ, ਇਹ ਗੁਲਾਮੀਂ ਦੀਆਂ ਨਿਸ਼ਾਨੀਆਂ ਹਨ, ਤੂੰ ਅਜ਼ਾਦ ਏ ਮੇਰੀ ਗ਼ੁਲਾਮ ਨਹੀਂ। ਸਾਡਾ ਦੋਹਾਂ ਦਾ ਇੱਕ ਦੂਜੇ ਪ੍ਰਤੀ ਪਿਆਰ ਤੇ ਸਤਿਕਾਰ ਚਾਹੀਦਾ, ਜੇ ਏਹੋ ਨਹੀਂ ਤਾਂ ਬਾਕੀ ਇਹ ਸਭ ਲੋਕ ਦਿਖਾਵਾ ਕੁਝ ਮਾਇਨੇ ਨਹੀਂ ਰੱਖਦਾ। ਕਰਨ ਜਿੰਨ੍ਹੀ ਮਣੀ ਨੂੰ ਖੁੱਲ੍ਹ ਦਿੰਦਾ ਉਹ ਓਨੀ ਹੀ ਉਹਦੇ ਪਿਆਰ ਦੀ ਮੁਦੱਈ ਹੁੰਦੀ ਜਾਂਦੀ।

ਵਿਆਹ ਕਰਵਾ ਕੇ ਕਰਨ ਦੇ ਘਰ ਪੰਜਾਬ ਆਉਣ ਤੋਂ ਪਹਿਲਾਂ ਮਣੀ ਦਾ ਘਰ ਕਸ਼ਮੀਰ ਦੀਆਂ ਖ਼ੂਬਸੂਰਤ ਵਾਦੀਆਂ ਵਿੱਚ ਸੀ।ਜਿੱਥੇ ਉਹ ਆਪਣੇ ਮਾਂ,ਪਿਉ ਤੇ ਵੱਡੇ ਭਰਾ ਨਾਲ ਰਹਿੰਦੀ ਸੀ।ਭੀੜੇ ਜਿਹੇ ਚਹਿਲ ਪਹਿਲ ਵਾਲੇ ਬਜ਼ਾਰ ਵਿੱਚ ਉਹਨਾਂ ਦੀ ਖਾਸੀ ਵੱਡੀ ਖਡੌਣਿਆਂ ਦੀ ਦੁਕਾਨ ਸੀ, ਜਿਹਦੇ ਵਿੱਚ ਕਸ਼ਮੀਰੀ ਕਾਰੀਗਰਾਂ ਦੁਆਰਾ ਬਣਾਇਆ ਹੋਰ ਵੀ ਬਹੁਤ ਸੁੰਦਰ ਲੱਕੜ ਦਾ ਸਮਾਨ ਸੀ। ਜਦ ਦੁਕਾਨ ਉੱਤੇ ਉਹਦੇ ਮੰਮੀ, ਡੈਡੀ ਜਾਂ ਭਰਾ ਵਾਰੀ ਵਾਰੀ ਬੈਠਦੇ ਤਾਂ ਉਹਨਾਂ ਨੂੰ ਮੁਨਾਫ਼ਾ ਆਮ ਦੁਕਾਨਾਂ ਵਾਲਿਆਂ ਵਾਂਗ ਹੀ ਹੁੰਦਾ,

ਪਰ ਜਦ ਮਣੀ ਬੈਠਦੀ ਤਾਂ ਉਹ ਕਾਫ਼ੀ ਵਧ ਜਾਂਦਾ।ਗਾਹਕ ਬਾਕੀ ਦੀਆਂ ਦੁਕਾਨਾਂ ਛੱਡਕੇ ਉਹਦੀ ਦੁਕਾਨ ਤੇ ਵੱਧ ਆਉਂਦੇ, ਜਿਹਨੇ ਕੁਝ ਨਾ ਵੀ ਲੈਣਾ ਹੁੰਦਾ ਉਹ ਵੀ ਇੱਥੋਂ ਕੁਝ ਨਾ ਕੁਝ ਲੈਕੇ ਜਾਂਦਾ।ਮਣੀ ਦੀ ਖ਼ੂਬਸੂਰਤੀ ਗਾਹਕਾਂ ਨੂੰ ਆਪਣੇ ਵੱਲ ਖਿੱਚਦੀ ਸੀ। ਇਸ ਗੱਲ ਦਾ ਪਤਾ ਮਣੀ ਨੂੰ ਵੀ ਸੀ, ਇਸ ਦਾ ਲਾਹਾ ਉਹ ਅਕਸਰ ਜਦ ਗਾਹਕ ਹੱਦ ਤੋਂ ਵੱਧ ਆਉਂਦੇ ਤਾਂ ਉਹਨਾਂ ਨੂੰ ਪੰਜ ਦਸ ਰੁਪਾਏ ਚੀਜਾਂ ਦਾ ਵੱਧ ਮੁੱਲ ਲਾ ਕੇ ਲੈਂਦੀ। ਇਹ ਸਭ ਜਾਣਦੇ ਹੋਏ ਵੀ ਗਾਹਕ ਮੁੜ ਉਹਦੀ ਦੁਕਾਨ ਤੇ ਹੀ ਆਉਂਦੇ। ਮਣੀ ਪੰਦਰਾਂ ਵੀਹਾਂ ਦਿਨ ਬਾਅਦ ਇਹਨਾਂ ਰੁਪਿਆਂ ਚੋ ਕੁਝ ਰੁਪਾਏ ਚਿੱਠੀ ਵਾਲੇ ਲਿਫ਼ਾਫ਼ੇ ਵਿੱਚ ਪਾ ਕੇ ਕਿਸੇ ਲੋੜਬੰਦ ਪਰਿਵਾਰ ਦੇ ਘਰ ਦਰਵਾਜ਼ੇ ਥਾਣੀ ਚੁੱਪ ਚੁਪੀਤੇ ਸੁੱਟ ਆਉਂਦੀ।

ਮਣੀ ਦਾ ਭਰਾ ਭਾਂਵੇ ਉਸ ਤੋਂ ਸਾਲ ਵੱਡਾ ਹੋ ਕੇ ਵੀ ਹਾਲੇ ਕੁਆਰਾ ਹੀ ਸੀ ਪਰ ਮਣੀ ਦੇ ਮਾਪਿਆਂ ਨੂੰ ਮਣੀ ਦੇ ਵਿਆਹ ਦੀ ਚਿੰਤਾ ਵੱਢ ਵੱਢ ਖਾਂਦੀ, ਉਮਰ ਦੇ ਵਾਧੇ ਨਾਲ ਇਹ ਹੋਰ ਵੀ ਵਧਦੀ ਜਾਂਦੀ। ਮਣੀ ਨੂੰ ਨਾ ਤਾਂ ਰਿਸ਼ਤਿਆਂ ਦੀ ਘਾਟ ਸੀ, ਨਾ ਹੀ ਉਸਨੂੰ ਚਾਹੁਣ ਵਾਲਿਆਂ ਦੀ ਕੋਈ ਕਮੀਂ। ਪਰ ਮਣੀ ਦੇ ਪਰਿਵਾਰ ਵਾਲੇ ਮਣੀ ਨਾਲ ਵਾਪਰੀ ਘਟਨਾ ਮੁੰਡੇ ਵਾਲਿਆਂ ਨੂੰ ਦੱਸਦੇ ਤਾਂ ਉਹ ਰਿਸ਼ਤੇ ਤੋਂ ਇਨਕਾਰ ਕਰ ਦਿੰਦੇ, ਜਿੰਨ੍ਹਾਂ ਨੂੰ ਨਾ ਦੱਸਦੇ, ਉਹਨਾਂ ਨੂੰ ਜਦ ਆਪ ਨੂੰ ਪਤਾ ਚਲਦਾ ਤਾਂ ਉਹ ਰਿਸ਼ਤਾ ਤੋੜ ਦਿੰਦੇ। ਇਸ ਤਰ੍ਹਾਂ ਮਣੀ ਦਾ ਵਿਆਹ ਹੁੰਦਿਆਂ ਹੁੰਦਿਆਂ ਛੇ ਸੱਤ ਵਾਰ ਟੁੱਟਿਆ ਸੀ, ਇੱਕ ਦੋ ਰਿਸ਼ਤੇ ਤਾਂ ਵਿਆਹ ਤੋਂ ਦੋ ਤਿੰਨ ਦਿਨ ਰਹਿੰਦੇ ਪਹਿਲਾਂ ਹੀ ਟੁੱਟੇ ਸਨ। ਜਿਸਦਾ ਮਣੀ ਉੱਪਰ ਕਾਫ਼ੀ ਅਸਰ ਪਿਆ, ਆਪਣਾ ਸਰੀਰ ਉਸਨੂੰ ਲੋਥ ਲਗਦਾ, ਭਾਰਾ, ਬਹੁਤ ਹੀ ਜ਼ਿਆਦਾ ਭਾਰਾ।

ਇਸ ਤੋਂ ਛੁਟਕਾਰਾ ਪਾਉਣ ਲਈ ਉਹ ਉੱਚੀ ਪਹਾੜੀ ਤੇ ਖੜ੍ਹ ਜਾਂਦੀ, ਉੱਪਰੋਂ ਛਾਲ ਮਾਰ ਕੇ ਸੱਪਣੀ ਦੀ ਕੁੰਜ ਵਾਂਗ ਆਤਮਾਂ ਤੋਂ ਇਸ ਨੂੰ ਵੱਖ ਕਰ ਦੇਣਾਂ ਚਾਹੁੰਦੀ। ਉਹ ਧਿਆਨ ਨਾਲ ਗਹਿਰਾਈ ਨੂੰ ਵੇਖਦੀ ਤਾਂ ਉਹ ਉਸਨੂੰ ਆਪਣੇ ਕਲਾਵੇਂ ਵਿੱਚ ਲੈਣ ਲਈ ਬਾਹਾਂ ਕੱਢੀ ਦਿਖਾਈ ਦਿੰਦੀ, ਜਦ ਆਲੇ ਦੁਆਲੇ ਦੇਖਦੀ ਤਾਂ ਕੋਈ ਉਹਨੂੰ ਧੱਕਾ ਦੇਣ ਦੀ ਕੋਸ਼ਿਸ਼ ਕਰਦਾ ਦਿਖਾਈ ਦਿੰਦਾ ਤੇ ਕੋਈ ਹੱਥ ਫੜ੍ਹਕੇ ਬਚਾਉਣ ਦੀ।

ਜਦ ਅਸਮਾਨ ਵੱਲ ਵੇਖਦੀ ਤਾਂ ਬਾਕੀ ਸਭ ਭੁੱਲ ਜਾਂਦਾ, ਗਰਦਿਸ਼ ਕਰਦੀਆਂ ਬੱਦਲੀਆਂ ਉਹਨੂੰ ਛੂਹਣ ਸਲਾਕੀ ਖੇਡਦੀਆਂ ਜਾਪਦੀਆਂ, ਜਿੰਨ੍ਹਾਂ ਨੂੰ ਉਹ ਫੜ੍ਹਨ ਨੂੰ ਲੋਚਦੀ,ਆਸੇ ਪਾਸੇ ਚਹਿਕਦੇ ਪੰਛੀ ਆਪਣੇ ਨਾਲ ਗੱਲਾਂ ਕਰਦੇ ਪ੍ਰਤੀਤ ਹੁੰਦੇ, ਬਰਸਾਤ ਦੀ ਉਡੀਕ ਵਿੱਚ ਪੀਲਾ ਪਿਆ ਪਹਾੜਾਂ ਦਾ ਘਾਹ ਹਵਾ ਨਾਲ ਝਗੜਦਾ ਦਿਖਾਈ ਦਿੰਦਾ, ਜ਼ਿੰਦਗੀ ਬੜੀ ਹੀ ਖ਼ੂਬਸੂਰਤ ਲੱਗਦੀ, ਦਿਲ ਉੱਡਣ ਨੂੰ ਕਰਦਾ। ਉਹ ਕਈ ਘੰਟੇ ਉੱਪਰ ਮੂੰਹ ਕਰਕੇ ਪਹਾੜੀ ਉੱਤੇ ਪਈ ਰਹਿੰਦੀ, ਜਦ ਦਿਲ ਹਲਕਾ ਹੀ ਨਹੀਂ, ਮਜ਼ਬੂਤ ਵੀ ਹੋ ਜਾਂਦਾ ਤਾਂ ਉਹ ਆਉਣ ਵਾਲੇ ਕੱਲ੍ਹ ਦੇ ਇੰਤਜ਼ਾਰ ਵਿੱਚ ਉੱਥੋਂ ਤੁਰ ਆਉਂਦੀ।

ਕਰਨ ਕਾਲਜ ਟੂਰ ਤੇ ਆਇਆ ਸੀ, ਜਦ ਉਸਨੇ ਮਣੀ ਨੂੰ ਪਹਿਲੀ ਵਾਰ ਵੇਖਿਆ। ਖਿੱਚਿਆ ਤਾਂ ਉਹ ਵੀ ਮਣੀ ਵੱਲ ਪਹਿਲੀ ਨਜ਼ਰੇ ਹੀ ਗਿਆ ਸੀ ਪਰ ਉਹ ਨਜ਼ਰ ਅੰਦਾਜ਼ ਕਰ ਉਸਦੀ ਦੁਕਾਨ ਅੱਗੋਂ ਲੰਘ ਗਿਆ। ਕਰਨ ਦੀ ਜਮਾਤਣ ਉਸਨੂੰ ਇਹ ਆਖ, ਕਿ ਆਜਾ ਤੈਨੂੰ ਕੁਝ ਦਿਖਾਵਾਂ, ਖਿੱਚਕੇ ਵਾਪਸ ਮਣੀ ਦੀ ਦੁਕਾਨ ਤੇ ਲੈ ਗਈ, ਅੰਦਰ ਜਾਣ ਸਾਰ ਹੀ ਉਹ ਕਰਨ ਨੂੰ ਕਹਿੰਦੀ,`ਵੇਖੀਂ ਕਿੰਨੀ ਪਿਆਰੀ ਕੁੜੀ ਆ।ਹਾਂ, ਕਹਿਕੇ ਕਰਨ ਫਿਰ ਉਸਨੂੰ ਅਣ ਦੇਖਿਆ ਕਰ ਦੁਕਾਨ ਵਿੱਚ ਪਏ ਸਮਾਨ ਵੱਲ ਵੇਖਣ ਲੱਗ ਪਿਆ। ਉਸਦਾ ਧਿਆਨ ਨਾ ਚਾਹੁੰਦਿਆਂ ਹੋਇਆਂ ਵੀ ਮਣੀ ਵੱਲ ਹੋ ਗਿਆ, ਜਦ ਉਸਨੇ ਇੱਕ ਅੱਧਖੜ੍ਹ ਉਮਰ ਦੇ ਇੱਕ ਠਰਕੀ ਗਾਹਕ ਦੇ ਬੇਤੁਕੇ ਜਿਹੇ ਸਵਾਲਾਂ ਦਾ ਜਵਾਬ ਬੜੇ ਸੰਜਮ ਤੇ ਪਿਆਰ ਨਾਲ ਦੇਂਦੇ ਸੁਣਿਆਂ।

ਐਨਾਂ ਕਰਨ ਨੂੰ ਮਣੀ ਦੀ ਖ਼ੂਬਸੂਰਤੀ ਨੇ ਨਹੀਂ ਖਿੱਚਿਆ ਸੀ ਜਿੰਨ੍ਹਾਂ ਉਸਦੀ ਲਿਆਕਤ, ਸਹਿਣਸ਼ੀਲਤਾ, ਹਲਕੀ ਜਿਹੀ ਸੰਗ ਤੇ ਇਕੱਲੇ ਐਨੇ ਗਾਹਕਾਂ ਨੂੰ ਡੀਲ ਕਰਦੇ ਸਮੇਂ ਬਿਨਾਂ ਕਿਸੇ ਖਿੱਝ ਤੋਂ ਚਿਹਰੇ ਉੱਪਰ ਰਹਿੰਦੀ ਸਦਾ ਮੁਸਕਾਨ ਨੇ ਖਿੱਚ ਲਿਆ ਸੀ। ਕਰਨ ਦਾ ਵੀ ਦਿਲ ਕਰ ਆਇਆ ਕਿ ਉਹ ਕਿਸੇ ਚੀਜ਼ ਲੈਣ ਬਹਾਨੇ ਉਹਦੇ ਨਾਲ ਗੱਲ ਕਰੇ ਪਰ ਉਸਦਾ ਦਿਲ ਨਾ ਵਗਿਆ। ਉਹ ਕਿੰਨਾਂ ਹੀ ਚਿਰ ਉਸਨੂੰ ਵੇਖਦਾ ਰਿਹਾ। ਉਹਦੇ ਖਿਆਲਾਂ ਦੀ ਲੜੀ ਉਸ ਵਕਤ ਟੁੱਟੀ ਜਦ ਉਸਦੀ ਜਮਾਤਣ ਨੇ ਉਸਨੂੰ ਕੂਹਣੀ ਮਾਰ ਕੇ ਪੁੱਛਿਆ, `ਚੱਲੀਏ ਜਨਾਬ…, ਜਾਂ ਫਿਰ ਇੱਥੇ ਹੀ ਰਹਿਣ ਦਾ ਇਰਾਦਾ ? ਇਹ ਕਹਿਕੇ ਉਹ ਹੱਸ ਪਈ ਤੇ ਕਰਨ ਦਾ ਵੀ ਅੰਦਰੋਂ ਅੰਦਰੀ ਹਾਸਾ ਨਿਕਲ ਗਿਆ।ਉਹ ਦੋਵੇਂ ਹੱਸਦੇ ਹੋਏ ਭਾਵੇਂ ਦੁਕਾਨ ਤੋਂ ਕਾਫ਼ੀ ਅੱਗੇ ਨਿਕਲ ਆਏ ਪਰ ਕਰਨ ਦੀ ਸੁਰਤ ਹਾਲੇ ਵੀ ਉੱਥੇ ਹੀ ਚੌਕੀਦਾਰ ਬਣੀ ਖੜ੍ਹੀ ਸੀ।

ਪਿੰਡ ਦੇ ਵਿਚਾਲੇ ਠੋਕਵੀਂ ਤਿੰਨ ਮੰਜ਼ਲੀ ਕੋਠੀ, ਵਧੀਆ ਜ਼ਾਇਦਾਦ,ਉੱਚਾ ਘਰਾਣਾ,ਕਰਨ ਦੀ ਚੰਗੀ ਪੜ੍ਹਾਈ ਤੇ ਗੁਣਵਾਨ ਹੋਣ ਕਾਰਨ ਉਸਨੂੰ ਬਹੁਤ ਸੁੰਦਰ ਪੜ੍ਹੀਆਂ ਲਿਖੀਆਂ ਕੁੜੀਆਂ ਦੇ ਰਿਸ਼ਤੇ ਆਉਂਦੇ, ਪਰ ਉਹ ਸਾਫ਼ ਮਨ੍ਹਾਂ ਕਰ ਦਿੰਦਾ। ਕਿਉਂਕਿ ਉਹਦੇ ਦਿਲ ਦੀਆਂ ਤਾਰਾਂ ਤਾਂ ਕਿਤੇ ਹੋਰ ਹੀ ਜੁੜੀਆਂ ਹੋਈਆਂ ਸਨ। ਜਦੋਂ ਦਾ ਉਹ ਕਾਲਜ ਟੂਰ ਕਸ਼ਮੀਰ ਤੋਂ ਆਇਆ ਸੀ, ਉਹਦਾ ਕਿਤੇ ਵੀ ਮਨ ਨਾ ਲੱਗਦਾ, ਦਿਲ ਕੱਚਾ ਜਿਹਾ ਹੁੰਦਾ ਰਹਿੰਦਾ, ਖੋ ਪੈਂਦੀ, ਆਪਣਿਆਂ ਤੋਂ ਦੂਰ ਕਈ ਘੰਟੇ ਚੁੱਪ ਚੁਪੀਤੇ ਬੈਠਾ ਖ਼ਿਆਲਾਂ ਵਿੱਚ ਡੁੱਬਿਆ ਰਹਿੰਦਾ।ਜਦ ਉਸਦਾ ਸਬਰ ਬਿਲਕੁਲ ਹੀ ਜਵਾਬ ਦੇ ਗਿਆ ਤਾਂ ਉਸਨੇ ਕਸ਼ਮੀਰ ਰਹਿੰਦੇ ਆਪਣੇ ਮਿੱਤਰ ਨੂੰ ਘੰਟੀ ਖੜਕਾ ਦਿੱਤੀ। ਜੋ ਕੁਝ ਸਾਲ ਪਹਿਲਾਂ ਪੰਜਾਬ ਰਹਿੰਦੇ ਆਪਣੇ ਮਾਸੀ ਦੇ ਮੁੰਡੇ ਦੀ ਬਰਾਤ ਕਰਨ ਦੇ ਗੁਆਂਢ ਵਿੱਚ ਆਇਆ ਸੀ। ਜਿੱਥੇ ਉਹਨਾਂ ਦੀ ਦੋਸਤੀ ਹੋ ਗਈ ਸੀ। ਇਸ ਪ੍ਰਕਾਰ ਉਹ ਚੰਗੀ ਤਰ੍ਹਾਂ ਇੱਕ ਦੂਜਾ ਦੇ ਸਪੰਰਕ ਵਿੱਚ ਸਨ।

ਜਦ ਕਰਨ ਨੇ ਉਸ ਨੂੰ ਆਪਣੀ ਕਹਾਣੀ ਦੱਸੀ ਤਾਂ ਉਹ ਵਿਚੋਲਾ ਬਣਨ ਲਈ ਪੱਬਾਂ ਭਾਰ ਹੋ ਗਿਆ।ਮਣੀ ਦਾ ਸ਼ਹਿਰ ਭਾਵੇਂ ਉਹਦੇ ਸ਼ਹਿਰ ਤੋਂ ਸੌ ਕਿਲੋਮੀਟਰ ਦੂਰ ਸੀ,ਪਰ ਉਸਨੇ ਕੋਈ ਪ੍ਰਵਾਹ ਨਾ ਕੀਤੀ ਤੇ ਉਹਦੇ ਸ਼ਹਿਰ ਜਾ ਡੇਰੇ ਲਾ ਲਏ। ਹੌਲੀ ਹੌਲੀ ਉਹ ਮਣੀ ਦੇ ਪਰਿਵਾਰ ਦੇ ਨੇੜੇ ਹੋ ਗਿਆ ਤੇ ਕਰਨ ਤੇ ਮਣੀ ਦੇ ਰਿਸ਼ਤੇ ਬਾਰੇ ਗੱਲ ਚਲਾ ਦਿੱਤੀ। ਕਰਨ ਦੀ ਫ਼ੋਟੋ ਦਿਖਾ ਕੇ ਉਸਦਾ ਪੂਰਾ ਐਡਰੈੱਸ ਮਣੀ ਦੇ ਪਰਿਵਾਰ ਨੂੰ ਦੇ ਦਿੱਤਾ।ਉਹਨਾਂ ਨੇ ਹਫ਼ਤੇ ਵਿੱਚ ਜਾਂਚ ਪੜਤਾਲ ਕਰ ਰਿਸ਼ਤੇ ਲਈ ਹਾਂ ਕਰ ਦਿੱਤੀ। ਇੱਧਰ ਕਰਨ ਨੇ ਵੀ ਆਪਣੇ ਪਰਿਵਾਰ ਨੂੰ ਸਭ ਕੁਝ ਦੱਸ ਦਿੱਤਾ। ਇੱਕ ਦੋ ਵਾਰ ਦੋਹਾਂ ਪਰਿਵਾਰਾਂ ਦੀ ਮਿਲਣੀ ਤੋਂ ਬਾਅਦ ਕਰਨ ਗੱਜ ਵੱਜ ਕੇ ਮਲਵਾਈ ਗਿੱਧੇ ਵਾਲਿਆਂ ਦੀ ਸ਼ਮੂਲੀਅਤ ਵਿੱਚ ਗ਼ੁਲਮਾਰਗ ਦੇ ਗ਼ੁਲ ਨੂੰ ਪੰਜਾਬ ਲੈ ਆਇਆ।

ਛੇ ਮਹੀਨੇ ਬੀਤ ਗਏ ਸਨ ਮਣੀ ਨੂੰ ਵਿਆਹ ਕੇ ਆਈ ਨੂੰ।ਉਸਨੂੰ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ,ਬਸ ਇੱਕ ਰਾਜ ਹੀ ਜੋ ਉਸਨੇ ਛੁਪਾਇਆ ਸੀ, ਉਹਨੂੰ ਟਿਕਣ ਨਹੀਂ ਸੀ ਦਿੰਦਾ। ਰਾਤ ਦੇ ਦੋ ਵੱਜ ਗਏ ਸਨ, ਮਣੀ ਜ਼ਾਗਦੀ ਪਈ ਸੀ। ਰਾਤ ਬਿਲਕੁੱਲ ਸ਼ਾਂਤ ਸੀ, ਜਿਵੇ ਸੰਸਾਰ ‘ਚ ਕੋਈ ਵਸਦਾ ਹੀ ਨਾ ਹੋਵੇ। ਮਣੀ ਨੂੰ ਆਪਣੇ ਤੋਂ ਵੀਹ ਫੁੱਟ ਦੂਰ ਕੰਧ ਤੇ ਲੱਗੇ ਟਾਇਮ ਪੀਸ ਦੀ ਆਵਾਜ਼ ਟੱਲ ਵਾਂਗ ਸੁਣਾਈ ਦੇ ਰਹੀ ਸੀ।ਉਸ ਤੋਂ ਦਿਨ ਚੜ੍ਹਣ ਦਾ ਵੀ ਇੰਤਜ਼ਾਰ ਨਹੀਂ ਸੀ ਹੋ ਰਿਹਾ,ਉਹ ਸਭ ਕੁਝ ਹੁਣੇ ਹੀ ਨਾਲ ਸੁੱਤੇ ਪਏ ਕਰਨ ਨੂੰ ਜਗਾ ਕੇ ਦੱਸਣਾ ਚਾਹੁੰਦੀ ਸੀ।

ਜਦ ਬੀਤੇ ਸਮੇਂ ਨੂੰ ਯਾਦ ਕਰ ਉਸਨੇ ਕਰਨ ਨੂੰ ਕੁੱਝ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਹਿੰਮਤ ਨਾ ਪਈ, ਉਹਦੀ ਧਾਹ ਨਿਕਲ ਗਈ ।ਆਪਣੇ ਆਪ ਤੇ ਜਦ ਉਸ ਤੋਂ ਕੰਟਰੋਲ ਨਾ ਹੋਇਆ ਤਾਂ ਉਹਨੇ ਆਪਣਾ ਮੂੰਹ ਹੱਥਾਂ ਨਾਲ ਢੱਕ ਲਿਆ। ਪਰ ਫੇਰ ਵੀ ਉਹਦੇ ਰੋਣ ਦੀ ਆਵਾਜ਼ ਅੱਧ ਸੁੱਤੇ ਕਰਨ ਦੇ ਕੰਨਾਂ ਵਿੱਚ ਪਈ ਤਾਂ ਉਹ ਉਹਨੂੰ ਝਿੜਕ ਕੇ ਕਹਿੰਦਾ, “ਸੌ ਜਾ ਮਣੇ..,ਕਿਉ ਐਵੇਂ ਡੁਸਕੀ ਜਾਨੀ ਏ ? ਇਹ ਫਿਲਮਾਂ ਕਿਹੜੀਆਂ ਸੱਚੀਆਂ ਹੁੰਦੀਆਂ। ਕਰਨ ਨੇ ਉਸਦਾ ਦਿਲ ਰੱਖਣ ਲਈ ਕਿਹਾ। ਕਿਉਂ ਜੋ ਉਸ ਨੂੰ ਲੱਗ ਰਿਹਾ ਸੀ ਕਿ ਮਣੀ ਸੌਣ ਤੋਂ ਪਹਿਲਾਂ ਵੇਖੀ ਇਮੋਸ਼ਨਲ ਫਿਲਮ ਨੂੰ ਯਾਦ ਕਰਕੇ ਰੋ ਰਹੀ ਹੈ। ਉਹ ਅਕਸਰ ਪਹਿਲਾਂ ਵੀ ਅਜਿਹੀਆਂ ਫਿਲਮਾਂ, ਸੀਰੀਅਲ ਵੇਖਕੇ ਰੋਣ ਲੱਗ ਜਾਂਦੀ ਸੀ। ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਮਣੀ ਦੇ ਜ਼ਿਹਨ ਵਿੱਚ ਕੋਈ ਹੋਰ ਹੀ ਰੀਲ ਘੁੰਮ ਰਹੀ ਏ।

ਇਕ ਵਾਰ ਤਾਂ ਮਣੀ ਨੇ ਸਾਹ ਘੁੱਟ ਲਿਆ, ਜਦ ਕਰਨ ਦੀ ਅੱਖ ਲੱਗ ਗਈ ਤਾਂ ਉਹ ਫਿਰ ਆਪੇ ਵਿੱਚੋਂ ਬਾਹਰ ਹੋ ਗਈ। ਉੱਥੋਂ ਉੱਠ ਇੱਕ ਖੂੰਜੇ ਵਿੱਚ ਬੈਠ ਫੇਰ ਰੋਣ ਲੱਗ ਪਈ। ਉਹਦੇ ਹੌਕਿਆਂ ਦੀ ਆਵਾਜ਼ ਸੁਣ ਜਦ ਕਰਨ ਨੇ ਲਾਇਟ ਔਨ ਕੀਤੀ ਤਾਂ ਉਹ ਗੋਡਿਆਂ ਵਿੱਚ ਸਿਰ ਦੇਈ ਬੈਠੀ ਸੀ। ਕਰਨ ਦੁਆਰਾ ਉਹਨੂੰ ਬਾਂਹ ਫੜ੍ਹ ਕੇ ਖੜ੍ਹੀ ਕਰਨ ਦੀ ਦੇਰ ਹੀ ਸੀ ਉਹ ਕਰਨ ਨੂੰ ਜੱਫੀ ਪਾ ਪਹਿਲਾਂ ਨਾਲੋਂ ਵੀ ਵਧਕੇ ਰੋਣ ਲੱਗ ਪਈ।ਆਪਣੇ ਭਰੋਸੇ ਵਿੱਚ ਲੈ ਕੇ ਕਰਨ ਨੇ ਮਣੀ ਤੋਂ ਪੁੱਛਿਆ।

`ਕੀ ਗੱਲ ਹੋ ਗਈ,ਦੱਸ ਮਣੇ ?

ਪਰ ਉਹ ਨਿਰੰਤਰ ਰੋ ਜਾਈ ਰਹੀ ਸੀ।

ਹੁਣ ਦੱਸੇਂਗੀ ਕੁਝ ਕੁ ਨਹੀਂ ? ਕਰਨ ਨੇ ਇੱਕ ਵਾਰ ਫੇਰ ਪੁੱਛਿਆ।

ਮੈਂ ਤੇਰੇ ਕੋਲੋਂ ਇੱਕ ਗੱਲ ਛੁਪਾਈ ਆ,ਜੋ ਨਹੀਂ ਛੁਪਾਉਣੀ ਚਾਹੀਦੀ ਸੀ, ਮਣੀ ਨੇ ਤਕੜਾ ਜ਼ੇਰਾ ਕਰਕੇ ਕਿਹਾ।

“ਬੋਲ… ਕਿਹੜੀ ਗੱਲ,ਕਰਨ ਨੇ ਨਾਲ ਦੀ ਨਾਲ ਉਸ ਨੂੰ ਪੁੱਛਿਆ।

ਜਦ ਮੈਂ ਸੱਤ ਕੁ ਸਾਲ ਦੀ ਸੀ ਤਾਂ..ਮੇਰੇ ਨਾਲ,….ਮੇਰੇ ਨਾਲ…ਰੇਪ…..। ਇਹ ਕਹਿਕੇ ਉਹ ਕਰਨ ਨਾਲ ਚਿੰਬੜ ਉੱਚੀ ਉੱਚੀ ਰੋਣ ਲੱਗ ਪਈ। ਥੋੜ੍ਹਾ ਚਿਰ ਚੁੱਪ ਰਹਿਣ ਤੋਂ ਬਾਅਦ ਉਹ ਕਰਨ ਨੂੰ ਆਪ ਬੀਤੀ ਸੁਣਾਉਣ ਲੱਗ ਪਈ। ਉਸ ਦਿਨ ਜਦ ਮੈਂ ਸਕੂਲ ਤੋਂ ਆ ਰਹੀ ਸੀ ਤਾਂ ਉਸ ਮਲਾਹ ਦੀ ਸ਼ਿਕਾਰ ਹੋ ਗਈ ਜੋ ਹਰ ਰੋਜ਼ ਮੈਨੂੰ ਸਕੂਲ ਤੇ ਘਰ ਵਿਚਕਾਰ ਪੈਂਦੀ ਨਦੀ ਪਾਰ ਕਰਾਉਂਦਾ ਸੀ। ਮਣੀ ਹੌਂਕੇ ਲੈਂਦੀ ਲਗਤਾਰ ਬੋਲੀ ਜਾ ਰਹੀ ਸੀ, ਆਪਣੇ ਜਾਣੀ ਤਾਂ ਉਹ ਮੈਨੂੰ ਮਾਰ ਕੇ ਹੀ ਸੁੱਟ ਗਿਆ ਸੀ, ਪਰ ਮੈਂ ਬਚ ਗਈ। ਉਸ ਨੂੰ ਕਨੂੰਨ ਮੁਤਾਬਕ ਭਾਂਵੇ ਸਜ਼ਾ ਮਿਲ ਗਈ ਪਰ ਮੈਂ ਪੂਰੀ ਤਰ੍ਹਾਂ ਟੁੱਟ ਗਈ, ਮਨ ਵਿੱਚ ਡਰ ਐਨਾ ਜ਼ਿਆਦਾ ਬੈਠ ਗਿਆ ਹਰ ਮਰਦ ਨੂੰ ਵੇਖਕੇ ਚੀਕਾਂ ਨਿਕਲ ਜਾਂਦੀਆਂ, ਹਰੇਕ ਵਿੱਚੋਂ ਉਹਦਾ ਹੀ ਚੇਹਰਾ ਦਿਖਾਈ ਦਿੰਦਾ ਸੀ। ਦੋ ਸਾਲ ਬਿਲਕੁਲ ਹੀ ਗੁੰਮਸ਼ੁੰਮ ਰਹੀ, ਹਾਂ ਜੇ ਮੇਰਾ ਉਹ ਅਧਿਆਪਕ ____!

ਬੋਲ ਰਹੀ ਮਣੀ ਦੇ ਹੋਟਾਂ ਉੱਤੇ ਕਰਨ ਉਂਗਲ ਰੱਖ ਦਿੰਦਾ। ਉਹ ਘਬਰਾ ਕੇ ਇਕ ਦਮ ਚੁੱਪ ਹੋ ਜਾਂਦੀ ਏ।
ਜਿੱਥੋਂ ਮਣੀ ਨੇ ਗੱਲ ਛੱਡੀ, ਕਰਨ ਉੱਥੋਂ ਸ਼ੁਰੂ ਕਰਕੇ ਬੋਲਣ ਲੱਗ ਜਾਂਦਾ,`ਹਾਂ ਜੇ ਮੇਰਾ ਉਹ ਅਧਿਆਪਕ ਨਾ ਹੁੰਦਾ ਤਾਂ ਅੱਜ ਜੇਕਰ ਮੈਂ ਜਿਉਂਦੀ ਵੀ ਹੁੰਦੀ ਤਾਂ ਸਦਮੇਂ ਕਾਰਨ ਇਕ ਲਾਸ਼ ਹੀ ਹੁੰਦੀ। ਉਹ ਆਪਣੀ ਡਿਉਟੀਂ ਮੁਤੱਲਕ ਕੇਵਲ ਸਿਲੇਬਸ ਪੜ੍ਹਾਉਣ ਵਾਲਾ ਅਧਿਆਪਕ ਹੀ ਨਹੀਂ, ਸਗੋਂ ਗੁਰੂ, ਫਰਿਸ਼ਤਾ, ਖੁਦਾ ਸੀ ਜਿਸਨੇ ਮੇਰੇ ਵਿੱਚ ਦੁਬਾਰਾ ਜਾਨ ਪਾ ਦਿੱਤੀ।

ਪਿਉ ਬਣ ਮੈਨੂੰ ਗਲ ਲਾਇਆ,ਮਾਂ ਬਣ ਮੇਰੇ ਅੰਦਰਲਾਂ ਡਰ ਕੱਢਿਆ,ਅੰਗ ਰੱਖਿਅਕ ਬਣ ਖ਼ੁਦ ਮੈਨੂੰ ਸਕੂਲ ਲੈ ਕੇ ਆਉਂਦਾ ਜਾਂਦਾ ਰਿਹਾ।ਉਹਨਾਂ ਦੇ ਇਸ ਹਿੰਮਤ, ਹੌਸਲੇ, ਦ੍ਰਿੜ੍ਹ ਇਰਾਦੇ ਸਦਕਾ ਮੈਂ ਮੌਨ ਦੇ ਖੂਹ ਵਿੱਚੋਂ ਹੀ ਬਾਹਰ ਨਹੀਂ ਨਿੱਕਲੀ ਸਗੋਂ ਉੱਚ ਪੱਧਰ ਦੀ ਸਿੱਖਿਆ ਵੀ ਹਾਸਿਲ ਕੀਤੀ। ਉਸ ਨੇ ਮੈਨੂੰ ਜਿਉਣ ਦਾ ਢੰਗ ਸਿਖਾਇਆ, ਚਣੌਤੀ ਤੇ ਸਘੰਰਸ਼ ਭਰੀ ਜ਼ਿੰਦਗੀ ਦਾ ਸਾਹਮਣਾ ਕਰਨ ਲਈ ਮਾਨਸਿਕ ਤੌਰ ਤੇ ਮਜ਼ਬੂਤ ਕੀਤਾ।

ਕਰਨ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਮਣੀ ਹੈਰਾਨ ਰਹਿ ਗਈ, ਕਿਉਂਕਿ ਇਹ ਸਭ ਕੁਝ ਤਾਂ ਹਾਲੇ ਉਸ ਨੇ ਕਰਨ ਨੂੰ ਦੱਸਣਾ ਸੀ। ਮਣੀ ਦੇ ਜ਼ੁਬਾਨ ਤੋਂ ਬਸ ਐਨਾ ਹੀ ਨਿਕਲਿਆ,..“ਪਰ ਇਹ… ਸਭ ਕੁਝ.. ਤੈਨੂੰ ਕਿਵੇਂ……

ਵਿਆਹ ਤੋਂ ਹਫ਼ਤਾ ਪਹਿਲਾਂ ਹੀ ਸਾਨੂੰ ਇਸ ਬਾਰੇ ਪਤਾ ਚੱਲਿਆ। ਕੁਝ ਮੇਰੇ ਨਜ਼ਦੀਕੀਆਂ ਨੇ ਮੈਨੂੰ ਸੋਚ ਵਿਚਾਰ ਕੇ ਫੈਸਲਾ ਕਰਨ ਲਈ ਕਿਹਾ।“ਇਹਦੇ ਵਿੱਚ ਸੋਚਣ ਵਾਲੀ ਕਹਿੜੀ ਗੱਲ ਏ ? ਜਦ ਮੈਂ ਇਹ ਕਿਹਾ ਤਾਂ ਇਸ ਤੋਂ ਬਾਅਦ ਕਿਸੇ ਦੇ ਵੀ ਜ਼ੁਬਾਨ ਤੇ ਇਹ ਗੱਲ ਮੁੜ ਨਹੀਂ ਆਈ। ਨਾਲੇ ਮਣੇ ਇਹਦਾ ਵਿੱਚ ਤੇਰਾ ਕੀ ਕਸੂਰ ਏ, ਇਹ ਹਾਦਸਾ ਤਾ ਕਦੋਂ ਵੀ ਕਿਸੇ ਦੀ ਵੀ ਧੀ, ਭੈਣ ਨਾਲ ਹੋ ਸਕਦਾ ਏ।

ਮੇਰੀ ਤਾਂ ਤੈਨੂੰ ਪਾਉਣ ਦੀ ਹੋਰ ਵੀ ਉਤਸੁਕਤਾ ਵਧ ਗਈ ਸੀ,ਕਿਉਂਕਿ ਤੂੰ ਉਹਨਾਂ ਸਭ ਔਰਤਾਂ ਲਈ ਮਿਸਾਲ ਏ ਜੋ ਜਬਰ ਜਿਨਾਹ ਤੋਂ ਬਾਅਦ ਟੁੱਟ ਜਾਂਦੀਆ ਨੇ, ਜਿਉਣਾ ਭੁੱਲ ਜਾਂਦੀਆਂ ਨੇ, ਜਾਂ ਫਿਰ ਮੌਤ ਨੂੰ ਗਲੇ ਲਗਾ ਲੈਦੀਆਂ ਹਨ। ਇਸ ਲਈ ਮੈਂ ਕਸ਼ਮੀਰ ਆਇਆ, ਇਹ ਜਾਣਨ ਲਈ ਕਿ ਤੂੰ ਇਸ ਰਿਸ਼ਤੇ ਤੋਂ ਖੁਸ਼ ਵੀ ਹੈਂ ਜਾਂ ਨਹੀਂ, ਤੈਨੂੰ ਇਹ ਪੁੱਛਣ ਲਈ ਕਿ ਮੈਂ ਤੈਨੂੰ ਪਸੰਦ, ਤੇਰੇ ਯੋਗ ਹਾਂ ਕੁ ਨਹੀਂ, ਕਿਤੇ ਤੂੰ ਕਿਸੇ ਮਜ਼ਬੂਰੀ ਕਾਰਨ, ਨਾ ਚਾਹੁੰਦਿਆਂ ਹੋਇਆ ਮੈਨੂੰ ਆਪਣਾ ਹਮਸਫਰ ਪਰਵਾਨ ਤਾਂ ਨਹੀਂ ਕਰ ਲਿਆ।

ਮੈਂ ਤੈਨੂੰ ਤਾਂ ਨਹੀਂ ਮਿਲ ਸਕਿਆ। ਹਾਂ,ਉਸ ਅਧਿਆਪਕ ਦੀ ਸੰਗਤ ਜਰੂਰ ਮਾਣੀ। ਆਪਣੇ ਰਿਸ਼ਤੇ ਬਾਰੇ ਜਦ ਮੈਂ ਉਹਨਾਂ ਤੋਂ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਮਣੀ ਬੇਹੱਦ ਖੁਸ਼ ਏ ਤਾਂ ਮੇਰੇ ਮਨ ਨੂੰ ਤਸੱਲੀ ਹੋਈ। ਮੈਂ ਉਸਦੇ ਪੈਰ੍ਹ ਚੁੰਮੇਂ, ਸ਼ੁਕਰਾਨਾ ਕੀਤਾ, ਜਿਸਨੇ ਮੇਰੀ ਜਾਨ ਨੂੰ ਨਵੀਂ ਜ਼ਿੰਦਗੀ ਦਿੱਤੀ। ਸੱਚਮੁੱਚ ਉਹ ਮਹਾਂਪੁਰਖ ਹਨ, ਜਿਸਦੀ ਛਤਰ ਛਾਇਆ ਹੇਠ ਕਿੰਨ੍ਹੇ ਹੀ ਬੱਚਿਆਂ ਨੇ ਆਪਣੀ ਪੜ੍ਹਾਈ ਨਾਲ ਸਬੰਧਿਤ ਇਕ ਸੀਮਿਤ ਜਿਹੀ ਸਿੱਖਿਆ ਹੀ ਨਹੀਂ ਸਗੋਂ ਇਨਸਾਨੀਅਤ, ਸਦਭਾਵਨਾ, ਦੁਨੀਆਂਦਾਰੀ ਦਾ ਵਡਮੁੱਲਾ ਗਿਆਨ ਪ੍ਰਾਪਤ ਕੀਤਾ ਹੋਵੇਗਾ।

ਕਰਨ ਮੂੰਹੋਂ ਇਹ ਸ਼ਬਦ ਸੁਣਕੇ ਮਣੀ ਝੂਮ ਉੱਠੀ, ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮਣੀ ਨੂੰ ਪੂਰੀ ਉਮੀਦ ਸੀ ਕਿ ਸੱਚ ਪਤਾ ਲੱਗਣ ਤੇ ਕਰਨ ਉਸਦਾ ਸਾਥ ਨਹੀਂ ਛੱਡੇਗਾ, ਉਹ ਉਸਦਾ ਵਿਸ਼ਵਾਸ ਨਹੀਂ ਤੋੜੇਗੇ। ਹੋਇਆ ਵੀ ਇਸੇ ਤਰ੍ਹਾਂ ਹੀ। ਮਣੀ ਦੇ ਦਿਲ ਤੇ ਪਿਆ ਚਿਰਾਂ ਦਾ ਬੋਝ ਲੱਥ ਗਿਆ, ਜਿਹੜਾ ਇਸ ਚਿੰਤਾ ਕਾਰਨ ਚਿਹਰਾ ਮੁਰਝਾ ਗਿਆ ਸੀ ਉਹ ਫੇਰ ਖੁਸ਼ੀ ਨਾਲ ਖਿੜ ਉੱਠਿਆ।

ਉਸਦਾ ਕਰਨ ਪ੍ਰਤੀ ਪਿਆਰ ਤੇ ਸਤਿਕਾਰ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਵਧ ਗਿਆ। ਮਣੀ ਕਾਫ਼ੀ ਸਮਾਂ ਕਰਨ ਨੂੰ ਆਪਣੀ ਗਲਵਕੜੀ ਵਿੱਚ ਘੁੱਟੀ ਰੱਖਦੀ ਏ, ਫਿਰ ਅੱਖਾਂ ਵਿੱਚ ਅੱਖਾਂ ਪਾ ਕੇ ਜਦ ਅੱਡੀਆਂ ਚੁੱਕ ਉਹ ਪਿਆਰ ਨਾਲ ਕਰਨ ਦਾ ਮੱਥਾ ਚੁੰਮਣ ਲਗਦੀ ਹੈ ਤਾਂ ਕਰਨ ਅੱਖਾਂ ਝੁਕਾ ਲੈਂਦਾ ਹੈ,ਪਰ ਉਹ ਸ਼ਰਾਰਤ ਨਾਲ ਉਹਦੇ ਕੰਨ ਤੇ ਦੰਦੀ ਭਰ ਲੈਂਦੀ ਏ,ਕਰਨ ਦੀ ਚੀਕ ਨਿਕਲ ਜਾਂਦੀ ਏ, ਫਿਰ ਦੋਵੇਂ ਉੱਚੀ ਉੱਚੀ ਹੱਸ ਪੈਂਦੇ ਨੇ। ਟਿਕੀ ਰਾਤ ਅਤੇ ਕੋਠੀ ਦੀ ਤੀਜੀ ਮੰਜ਼ਿਲ ਤੇ ਹੋਣ ਕਾਰਨ ਉਹਨਾਂ ਦਾ ਹਾਸਾ ਸਾਰੇ ਪਿੰਡ ਵਿੱਚ ਫੈਲਦਾ ਹੋਇਆ ਅਸਮਾਨੀ ਚੜ੍ਹ ਜਾਂਦਾ ਹੈ। ਸਿਆਲੂ ਬੇ ਮੌਸਮਾਂ ਜਿਹਾ ਸਾਰੇ ਜ਼ੋਰ ਦਾ ਮੀਂਹ ਲਹਿ ਪੈਂਦਾ, ਕਣੀਆਂ ਧਰਤੀ ਦੀ ਹਿੱਕ ਤੇ ਵੱਜ ਕੇ ਗਿੱਠ ਗਿੱਠ ਬੁੜਕਣ ਲੱਗ ਜਾਂਦੀਆਂ ਹਨ….♡♡♡♥

ਲਿਖਤ – ਬਲਜੀਤ ਥਰਾਜ

ਮਿਤੀ 21/2/2018

error: Content is protected !!