ਇੱਕੋ ਸਾਹ ਬੋਲਣ ਲੱਗ ਪਿਆ, ਤਾਈ-ਤਾਈ ਆਪਣੇ ਤਾਰੀ ਦਾ ਐਕਸੀਡੇੰਟ ਹੋ ਗਿਆ

ਸੋਨੇ ਦਾ ਗੁੰਬਦ

ਬੰਤੋ ਦੀ ਉਮਰ ਲਗਭਗ 50 ਕੁ ਸਾਲ ਦੀ ਸੀ…ਬੰਤੋ ਦਾ ਇੱਕ ਪੁੱਤ ਸੀ… ਬੰਤੋ ਘਰਾ ਵਿੱਚ ਗੋਹਾ-ਕੂੜਾ ਕਰਦੀ ਸੀ ਤੇ ਬੰਤੋ ਦਾ ਮੁੰਡਾ ਦਿਹਾੜੀਆਂ ਕਰਦਾ ਸੀ…ਘਰਵਾਲਾ ਕੁਝ ਵਰੇ ਪਹਿਲਾ ਦਿਹਾੜੀ ਗਿਆ ਬੋਰ ਵਿੱਚ ਦੱਬ ਗਿਆ ਸੀ ਜਿਸ ਨਾਲ ਉਸਦੀ ਮੌਤ ਹੋ ਗਈ …ਬੇਸ਼ੱਕ ਘਰ ਦ ਹਾਲਤ ਕੋਈ ਬਹੁਤ ਚੰਗੀ ਨਹੀ ਸੀ ..ਗਰੀਬੀ ਦਾ ਜੀਵਨ ਜਿਉਂਦੇ ਵੀ ਉਹਨਾ ਦੇ ਮਨ ਸੰਤੁਸ਼ਟੀ ਸੀ ,,ਬੰਤੋ ਅਕਸਰ ਹੀ ਕਹਿੰਦੀ ਰਹਿੰਦੀ ਸ਼ੁਕਰ ਹੈ ਮਾਲਕ ਨੇ ਜੋ ਕੁਝ ਦਿੱਤਾ ਹੈ,ਕਈਆਂ ਕੋਲ ਤਾਂ ਸਿਰ ਤੇ ਛੱਤ ਵੀ ਨਹੀ,ਘੱਟੋ ਘੱਟ ਦੋ ਕਮਰੇ ਤਾਂ ਹੈ ਆਪਨੇ ਕੋਲ,ਕੀ ਹੋਇਆ ਜੇ ਕੱਚੇ ਨੇ ਹੌਲੀ ਪੱਕੇ ਵੀ ਹੋ ਜਾਣਗੇ…ਸ਼ਾਮ ਦਾ ਵੇਲਾ ਸੀ,ਬੰਤੋ ਘਰ ਦਾ ਕੰਮਕਾਰ ਕਰੀ ਜਾ ਰਹੀ ਸੀ ਕਿ ਅਚਾਨਕ ਭੱਜਿਆ-ਭੱਜਿਆ ਗੁਵਾੰਡੀਆਂ ਦਾ ਮੁੰਡਾ ਆਇਆ ਤੇ ਇੱਕੋ ਸਾਹ ਬੋਲਣ ਲੱਗ ਪਿਆ, ਤਾਈ-ਤਾਈ ,ਆਪਣੇ ਤਾਰੀ ਦਾ ਐਕਸੀਡੇੰਟ ਹੋ ਗਿਆ।

“ਹਾਏ ਵੇ ਆਹ ਕੀ ਹੋ ਗਿਆ,,ਕਿਵੇ ਵਰਤ ਗਿਆ ਏ ਭਾਣਾ ..” ਬੰਤੋ ਦੇ ਮੂੰਹੋ ਹੂਕ ਨਿਕਲ ਗਈ
“ਤਾਈ ਆਪਣਾ ਤਾਰੀ ਸਾਈਕਲ ਤੇ ਕੰਮ ਤੋਂ ਮੁੜ ਹੀ ਰਿਹਾ ਸੀ ਕਿ ਰਾਹ ਵਿੱਚ ਕਿਸੇ ਸ਼ਰਾਬੀ ਨੇ ਗੱਡੀ ਮਾਰੀ ਤੇ ਤਾਰੀ ਕਾਫੀ ਜਖਮੀ ਹੋ ਗਿਆ..” ਗੁਵਾੰਡੀਆਂ ਦੇ ਮੁੰਡੇ ਨੇ ਜਵਾਬ ਦਿੱਤਾ।

ਗਵਾਂਡੀਆਂ ਦਾ ਮੁੰਡਾ ਤੇ ਬੰਤੋ ਸ਼ਹਿਰ ਦੇ ਹਸਪਤਾਲ ਲਈ ਚੱਲ ਪਏ ਜਿਥੇ ਤਾਰੀ ਜੇਰੇ ਇਲਾਜ ਸੀ। ਡਾਕਟਰ ਨਾਲ ਜਾ ਕੇ ਗੱਲ ਕਰੀ ਤਾਂ ਡਾਕਟਰ ਕਹਿੰਦਾ ਸਿਰ ਵਿੱਚ ਕਾਫੀ ਸੱਟ ਲੱਗੀ ਹੋਈ ਹੈ,,ਕੋਈ ਤਿੱਖੀ ਚੀਜ ਸਿਰ ਵਿੱਚ ਖੁੱਬ ਚੁੱਕੀ ਹੈ। ਇਸ ਲਈ ਕੱਲ ਓਪਰੇਸ਼ਨ ਕਰਨਾ ਪਵੇਗਾ ਤੇ ਓਪਰੇਸ਼ਨ ਦਾ ਖਰਚਾ ਲਗਭਗ 1 ਲੱਖ ਰੁਪੇ ਦਾ ਹੋਵੇਗਾ।

ਬੰਤੋ ਦੇ ਪੈਰਾਂ ਹੇਠੋ ਜਮੀਨ ਨਿਕਲ ਗਈ,,ਉਹ ਸੋਚ ਰਹੀ ਸੀ ਕਿ ਏਨਾ ਪੈਸਾ ਆਉ ਕਿਥੋ,,ਅਸੀਂ ਤਾਂ ਸਾਰੀ ਉਮਰ ਚ ਕਦੇ ਏਨਾ ਪੇਸਾ ਇੱਕਠਾ ਨਹੀ ਦੇਖਿਆ …ਫੇਰ ਬੰਤੋ ਦੇ ਮਨ ਵਿੱਚ ਆਈ ਕਿ ਜਿਸ ਸਰਦਾਰ ਸੋਹਣ ਸਿੰਘ ਦੇ ਘਰ ਉਹ ਕੰਮ ਕਰਦੀ ਹੈ ,ਉਸ ਤੋਂ ਮੰਗ ਸਕਦੀ ਹੈ,ਨਾਲੇ ਅੱਜ-ਕੱਲ ਤਾਂ ਉਹਨਾ ਦਾ ਮੁੰਡਾ ਵੀ ਬਾਹਰਲੇ ਮੁਲਕੋ ਆਇਆ ਹੋਇਆ ਹੈ..ਸ਼ਾਇਦ ਉਹੀ ਮਦਦ ਕਰ ਦੇਣ। ਬੰਤੋ ਰਾਤੋ ਰਾਤ ਪਿੰਡ ਵਾਪਸ ਪਰਤ ਆਈ ਤੇ ਸਵੇਰੇ ਸਵੇਰੇ ਸਰਦਾਰਾ ਦੇ ਘਰ ਚਲੀ ਗਈ,,ਬੰਤੋ ਨੇ ਸਾਰੀ ਗੱਲ ਦੱਸੀ ਤੇ ਪੈਸਿਆ ਦੀ ਮੰਗ ਕੀਤੀ।

“ਦੇਖ ਬੰਤੋ ਅਸੀਂ ਸਮਝ ਸਕਦੇ ਹਾਂ ,ਤੇਰਾ ਦੁੱਖ ਬਹੁਤ ਵੱਡਾ ਏ…ਅਸੀਂ ਤੇਰੀ ਮਦਦ ਵੀ ਕਰਦੇ ਪਰ ਏਸ ਵਾਰ ਹੱਥ ਬਹੁਤ ਤੰਗ ਹੈ। ਮੁੰਡੇ ਦੇ ਬਾਹਰ ਪੱਕੇ ਹੋਣ ਲਈ ਅਸੀਂ ਸੁੱਖ ਸੁੱਖੀ ਹੋਈ ਸੀ ਗੁਰੂਘਰ ਦੇ ਗੁੰਬਦ ਤੇ ਸੋਨਾ ਚੜਾਉਣ ਦੀ ਸੇਵਾ ਵਿੱਚ ਹਿੱਸਾ ਪਾਵਾਗੇ,, ਪੈਸੇ ਤਾਂ ਘਰ ਪਏ ਨੇ ਪਰ ਲਗਭਗ ਦੋ ਲੱਖ ਤਾਂ ਸੋਨੇ ਲਈ ਕੱਡਿਆ ਸੀ ਹੁਣ ਚੁੱਕੇ ਹੋਏ ਪੈਸਿਆ ਚੋ ਤਾਂ ਤੈਨੂੰ ਦੇ ਨਹੀ ਸਕਦੇ..ਅਸੀਂ ਤਾਂ ਅੱਜ ਚੱਲੇ ਹੀ ਸੀ ਸੋਨਾ ਲੈਣ।

ਸਰਦਾਰ ਨੇ ਲੰਬਾ ਸਾਰਾ ਧਾਰਮਿਕ ਰੰਗਤ ਨਾਲ ਭਰਿਆ ਜਵਾਬ ਦੇ ਦਿੱਤਾ ਤੇ ਬੰਤੋ ਨੂੰ ਮੋੜ ਦਿੱਤਾ..ਬੰਤੋ ਨੇ ਹਰ ਇੱਕ ਬੰਦੇ ਅੱਗੇ ਹੱਥ ਅੱਡਿਆ ਪਰ ਗਰੀਬ ਨੂੰ ਕੌਣ ਪੈਸੇ ਦਿੰਦਾ ਹੈ ,ਹਰ ਕੋਈ ਇਹੀ ਸੋਚ ਜਾਂਦਾ ਹੈ ਕਿ ਇਹਨਾ ਕੇਹੜੇ ਮੋੜਨੇ ਨੇ …ਥੱਕ ਹਾਰ ਬੰਤੋ ਹਸਪਤਾਲ ਵਾਪਸ ਮੁੜ ਗਈ ਤੇ ਰੋਂਦੀ ਕਰਲਾਉਂਦੀ ਡਾਕਟਰ ਅੱਗੇ ਵਾਸਤੇ ਪਾਉਣ ਲੱਗੀ ਕਿ , “ਇੱਕ ਵਾਰ ਉਪਰੇਸਨ ਕਰਦੇ ਮੈ ਸਾਰੀ ਉਮਰ ਤੇਰੇ ਘਰ ਮੁਫਤ ਚ ਕੰਮ ਕਰੁ…ਮੇਰਾ ਇੱਕੋ ਇੱਕ ਸਹਾਰਾ ਬਚਾ ਲੈ”

ਪਰ ਡਾਕਟਰ ਵੀ ਇੱਕ ਵਪਾਰੀ ਦੀ ਤਰਾ ਸਿੱਧਾ ਕਹਿ ਗਿਆ , ਮਾਤਾ ਜੀ ਇਲਾਜ ਤਾਂ ਫੇਰ ਹੀ ਹੋਊ ਜੇ ਪੈਸੇ ਪਹਿਲਾ ਜਮਾ ਕਰਵਾਓਗੇ”
ਬੰਤੋ ਦੀ ਹੁਣ ਕੋਈ ਵੱਸ ਨਹੀ ਚੱਲ ਰਹੀ ਸੀ ,ਉਹ ਮੁੰਡੇ ਦੇ ਕਮਰੇ ਬਾਹਰ ਬੈਠ ਰੱਬ ਅੱਗੇ ਅਰਦਾਸਾ ਕਰਨ ਲੱਗੀ ਕਿ “ ਹੇ,ਮਾਲਕਾ ਮੇਰੇ ਮੁੰਡੇ ਨੂੰ ਬਚਾ ਲੈ ,ਮੈ ਸਦਾ ਤੇਰੀ ਰਜਾ ਵਿੱਚ ਖੁਸ਼ ਰਹੀ ਹਾਂ ,ਪਰ ਇੱਕ ਵਾਰ ਮੇਰੀ ਰਜਾ ਮੰਨ ਲੈ ਮੇਰੇ ਮੁੰਡੇ ਨੂੰ ਬਚਾ ਲੈ”…ਬੰਤੋ ਬੈਠੀ ਅਰਦਾਸਾ ਕਰ ਹੀ ਰਹੀ ਸੀ ਕਿ ਗਵਾਂਡੀਆਂ ਦਾ ਮੁੰਡਾ ਅੱਖਾ ਭਰੀ ਆ ਕਿ ਬੋਲਿਆ ,”ਚੱਲ ਤਾਈ ਘਰ ਚੱਲੀਏ ,ਸਾਡੀ ਰੱਬ ਵੀ ਨਹੀ ਸੁਣਦਾ ,,ਵੀਰਾ ਨਹੀ ਰਿਹਾ। ਬੰਤੋ ਦੀਆਂ ਧਾਹਾ ਅੱਗੇ ਜੇ ਰੱਬ ਖੁਦ ਵੀ ਖੜਾ ਹੁੰਦਾ ਸ਼ਾਇਦ ਉਹਦੀ ਵੀ ਭੱਬ ਨਿਕਲ ਜਾਂਦੀ।

ਲਾਸ਼ ਨੂੰ ਲੈ ਬੰਤੋ ਘਰ ਪਹੁੰਚ ਗਈ ਤੇ ਮੁੰਡਿਆ ਨੇ ਲਾਸ਼ ਨੂੰ ਇੱਕ ਮੰਜੇ ਤੇ ਰੱਖਿਆ ਤੇ ਹੋਰ ਪਿੰਡ ਵਾਸੀ ਵੀ ਅਫਸੋਸ ਜਾਹਿਰ ਕਰਨ ਲਈ ਇਕਠੇ ਹੋਣ ਲੱਗੇ …ਬੰਤੋ ਦੇ ਘਰ ਕਹਿਰ ਚੀਕਾ ਮਾਰ ਰਿਹਾ ਸੀ ,,ਬੰਤੋ ਦੇ ਕੀਰਨੇ ਸਬ ਦਾ ਕਲੇਜਾ ਪਾੜ ਰਹੇ ਸੀ ਕਿ ਅਚਾਨਕ ਪਿੰਡ ਦੇ ਗੁਰੂਘਰ ਦਾ ਸਪੀਕਰ ਚੱਲਿਆ ਤੇ ਪਾਠੀ ਨੇ ਅਨਾਉਂਸਮੇੰਟ ਕੀਤੀ।

ਵਾਹਿਗੁਰੂ ਜੀ ਕਾ ਖਾਲਸਾ ,ਵਾਹਿਗੁਰੂ ਜੀ ਕਿ ਫਤਿਹ ,,ਭਾਈ ਕੱਲ ਗੁਰੂਘਰ ਦੇ ਗੁੰਬਦ ਉੱਪਰ ਸੋਨਾ ਚੜਾਇਆ ਜਾਣਾ ਹੈ ,ਜੋ ਸੋਨੇ ਦੀ ਕਮੀ ਸੀ, ਉਹ ਸਰਦਾਰ ਸੋਹਣ ਸਿੰਘ ਹੋਣਾ ਨੇ ਮੁੰਡੇ ਦੇ ਬਾਹਰ ਪੱਕੇ ਹੋਣ ਦੀ ਖੁਸ਼ੀ ਵਿੱਚ ਅੱਜ ਦੋ ਲੱਖ ਦਾ ਸੋਨਾ ਚੜਾ ਕੇ ਪੂਰੀ ਕਰ ਦਿੱਤੀ ਹੈ ,ਕੱਲ ਸਬ ਨੇ ਸੇਵਾ ਵਿੱਚ ਹਿੱਸਾ ਪਾਉਣਾ ਤੇ ਸਮੂਹ ਨਿਵਾਸੀਆ ਨੇ ਗੁਰੂ ਦੀਆਂ ਮਹਿਰਾ ਪ੍ਰਾਪਤ ਕਰਨੀਆ।

ਇੱਕ ਪਾਸੇ ਬੰਤੋ ਇਲਾਜ ਨਾ ਹੋਣ ਕਰਕੇ ਮੋਹੇ ਪੁੱਤ ਦੀ ਲਾਸ਼ ਨੂੰ ਦੇਖ ਰਹੀ ਸੀ ਤੇ ਦੂਜੇ ਪਾਸੇ ਕੰਨਾ ਵਿੱਚ ਪੈ ਰਹੀ ਗ੍ਰੰਥੀ ਦੀ ਆਵਾਜ ਨੂੰ ਸੁਣ ਰਹੀ ਸੀ ,ਤੇ ਮਨੋ ਮਨ ਸੋਚ ਰਹੀ ਸੀ ਕਿੰਨਾ ਫਰਕ ਹੈ ਬਾਬੇ ਨਾਨਕ ਦੀ ਬਾਣੀ ਵਿੱਚ ਤੇ ਅੱਜ ਦੇ ਸਿੱਖਾ ਦੀ ਕਰਨੀ ਵਿੱਚ। ਸੋਨੇ ਦਾ ਗੁੰਬਦ ਜਿਆਦਾ ਕੀਮਤੀ ਸੀ ਜਾ ਮੇਰੇ ਪੁੱਤ ਦੀ ਜਾਨ।

ਗਰੀਬ ਦਾ ਮੂੰਹ ,ਗੁਰੂ ਦੀ ਗੋਲਕ

ਲੇਖਕ -ਜਗਮੀਤ ਸਿੰਘ ਹਠੂਰ

error: Content is protected !!