ਇਰਾਕ ਮਾਮਲਾ: ਅੱਧ ਅਧੂਰੀਆਂ ਲਾਸ਼ਾਂ ਦੇਖ ਪਰਿਵਾਰਾਂ ਦੀ ਰੂਹ ਕੰਬ ਗਈ (ਤਸਵੀਰਾਂ )
ਇਰਾਕ ਮਾਮਲਾ: ਅੱਧ ਅਧੂਰੀਆਂ ਲਾਸ਼ਾਂ ਨਾਲ ਗਮਗੀਨ ਮਾਹੌਲ ‘ਚ ਵਾਰਸਾਂ ਨੇ ਨਿਭਾਈਆਂ ਮ੍ਰਿਤਕਾਂ ਦੀਆਂ ਅੰਤਿਮ ਰਸਮਾਂ
ਇਰਾਕ ਵਿੱਚ ਮਾਰੇ ਗਏੇ ਬਟਾਲਾ ਇਲਾਕੇ ਦੇ ਪੰਜਾਬੀ ਗੱਭਰੂਆਂ ਦੀਆਂ ਅੱਧ ਅਧੂਰੀਆਂ ਲਾਸ਼ਾਂ ਨਾਲ ਬੜੇ ਹੀ ਗਮਗੀਨ ਮਾਹੌਲ ਵਿੱਚ ਵਾਰਸਾਂ ਤੇ ਇਲਾਕਾ ਨਿਵਾਸੀਆਂ ਵੱਲੋਂ ਅੰਤਿਮ ਰਸਮਾਂ ਨਿਭਾਈਆਂ ਗਈਆਂ।
ਇਰਾਕ ਵਿੱਚ ਖੂੰਖਾਰ ਅੱਤਵਾਦੀਆਂ ਹੱਥੋਂ ਮਾਰੇ ਗਏ ਪੰਜਾਬੀ ਗੱੱਭਰੂਆਂ ਦੀਆਂ ਅੱਧ ਅਧੂਰੀਆਂ ਮ੍ਰਿਤਕ ਦੇਹਾਂ ਆਖ਼ਿਰ ੪ ਸਾਲ ਦੇ ਲੰਮੇ ਅਰਸੇ ਭਾਰੀ ਡਿਪਲੋਮੈਟ ਮਸੱਕਟ ਤੋਂ ਬਾਅਦ ਤਾਬੂਤਾਂ ਵਿੱਚ ਬੰਦ ਹੋ ਕਿ ਜਦ ਏਅਰਪੋਰਟ ਤੋਂ ਪਿੰਡਾਂ ਦੀਆਂ ਸੱਥਾਂ ਅਤੇ ਸਮਸ਼ਾਨ ਘਾਟਾਂ ਵਿੱਚ ਪਹੁੰਚੀਆਂ ਤਾਂ ਮਾਹੌਲ ਬਹੁਤ ਦਰਦਨਾਕ ਅਤੇ ਗਮਗੀਨ ਬਣਿਆ ਰਿਹਾ।
ਬਟਾਲਾ ਪੁਲਿਸ ਜਿਲੇ ਨਾਲ ਸਬੰਧਿਤ ਪੰਜ ਗੱਭਰੂਆਂ ਵਿੱਚੋਂ ਧਰਮਿੰਦਰ ਕੁਮਾਰ ਦੀਆ ਅੰਤਿਮ ਰਸਮਾਂ ਪਿੰਡ ਤਲਵੰਡੀ ਝਿਊਰਾਂ ਵਿਖੇ ਨਿਭਾਈਆਂ ਗਈਆਂ। ਇਸੇ ਤਰ੍ਹਾਂ ਬਟਾਲਾ ਦੇ ਪਿੰਡ ਰੂੱਪੋਵਾਲੀ ਦੇ ਕਵਲਪ੍ਰੀਤ ਕਾਦੀਆਂ ਦੇ ਰਕੇਸ਼ ਮਸੀਹ ਦੀਆ ਅੰਤਿਮ ਰਸਮਾਂ ਵੀ ਪੂਰੇ ਗਮਗੀਨ ਮਾਹੌਲ ਦੇ ਵਿੱਚ ਨਿਭਾਈਆਂ ਗਈਆਂ ਜਦਕਿ ਬਟਾਲਾ ਸ਼ਹਿਰ ਦੇ ਦੋ ਹੋਰ ਨੌਜਵਾਨ ਮਲਕੀਤ ਤੇ ਹਰੀਸ਼ ਜੋ ਰਿਸਤੇ ਵਿੱਚ ਜੀਜਾ ਸਾਲਾ ਲੱਗਦੇ ਸਨ, ਦੋਹਾਂ ਦੀਆਂ ਮ੍ਰਿਤਕ ਦੇਹਾਂ ਪਰਿਵਾਰਕ ਮੈਂਬਰਾਂ ਵੱਲੋਂ ਆਖਰੀ ਰਸਮਾਂ ਲੲੀ ਅੰਮ੍ਰਿਤਸਰ ਲਿਜਾਈਆਂ ਗਈਆਂ ਸਨ।
ਤ੍ਰਾਸਦੀ ਇਹ ਰਹੀ ਕਿ ਜਿੰਨ੍ਹਾਂ ਪਰਿਵਾਰਾਂ ਦੇ ਲਾਲ ਗੁਆਚੇ ਸਨ, ਉਹ ਆਪਣੇ ਪਿਆਰਿਆਂ ਦੇ ਅੰਤਿਮ ਦਰਸ਼ਨ ਵੀ ਚੰਗੀ ਤਰ੍ਹਾਂ ਨਹੀਂ ਕਰ ਸਕੇ ਅਤੇ ਉਹਨਾਂ ਨੂੰ ਆਪਣਿਆਂ ਨੂੰ ਇਸ ਤਰ੍ਹਾਂ ਅਲਵਿਦਾ ਕਹਿਣਾ ਪਿਆ।
ਇਸ ਤੋਂ ਇਲਾਵਾ ਕਾਦੀਆਂ ਨਾਲ ਸਬੰਧਿਤ ਰਾਕੇਸ਼ ਮਸੀਹ ਦੀ ਮਿਰਤਕ ਦੇਹ ਨੂੰ ਦਫਨਾਉਣ ਮੌਕੇ ਵੀ ਦ੍ਰਿਸ਼ ਬੜਾ ਦਰਦਨਾਕ ਤੇ ਭਾਵਕ ਸੀ। ਰਾਕੇਸ਼ ਦੇ ਵਿਆਹ ਦੇ ਖੁਆਬ, ਜੋ ਪਰਿਵਾਰ ਨੇ ਉਲੀਕੇ ਸਨ, ਉਹਨਾਂ ਦੇ ਸਾਰੇ ਸੁਪਨੇ ਵੀ ਪੂਰੀ ਤਰਾਂ ਤਿੜਕਦੇ ਸਿਖਾਈ ਦਿੱਤੇ। ਅੱਜ ਰਾਕੇਸ਼ ਨੂੰ ਦਫਨਾਉਣ ਤੋਂ ਪਹਿਲਾਂ ਉਸਦੇ ਤਾਬੂਤ ਨੂੰ ਸਿਹਰੇ ਨਾਲ ਸਜਾਇਆ ਗਿਆ ।
ਇਸੇ ਤਰ੍ਹਾਂ ਪਿੰਡ ਰੂੱਪੋਵਾਲੀ ਦੇ ਕੰਵਲਪਰੀਤ ਦੀਆਂ ਅੰਤਿਮ ਰਸਮਾਂ ਮੌਕੇ ਵੀ ਦਰਦ ਹਲੂਣ ਦੇਣ ਵਾਲਾ ਸੀ ਕਿਉਂਕਿ ਮ੍ਰਿਤਕ ਗੱਭਰੂ ਦੇ ਜਾਣ ਤੋਂ ਦੋ ਮਹੀਨੇ ਬਾਅਦ ਉਸਦੀ ਨੰਨੀ ਪਰੀ ਨੇ ਜਨਮ ਲਿਆ ਸੀ, ਅਤੇ ਨਾਂ ਪਿਤਾ ਨੇ ਬੇਟੀ ਦਾ ਮੂੰਹ ਦੇਖਿਆ ਅਤੇ ਨਾਂ ਬੇਟੀ ਆਪਣੇ ਬਾਬੁਲ ਦਾ ਚਿਹਰਾ ਦੇਖ ਪਾਈ। ਬੇਟੀ ਸਮੇਤ ਸਾਰਾ ਪਰਿਵਾਰ ਬੁਰੀ ਤਰ੍ਹਾਂ ਟੁੱਟਿਆ ਤੇ ਨਿਰਾਸ਼ ਦਿਖਾਈ ਦਿੱਤਾ ।