ਪੁਲਿਸ ਫਿਰ ਹਨੀਪ੍ਰੀਤ ‘ਤੇ ਮਿਹਰਬਾਨ!
ਚੰਡੀਗੜ੍ਹ: ਹਰਿਆਣਾ ਪੁਲਿਸ ਦੀ ਕਾਰਗੁਜ਼ਾਰੀ ‘ਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਪੰਚਕੁਲਾ ਪੁਲਿਸ ਨੇ ਅੱਜ ਅਦਾਲਤ ਵਿੱਚ ਹਨੀਪ੍ਰੀਤ ਦਾ ਰਿਮਾਂਡ ਹੀ ਨਹੀਂ ਮੰਗਿਆ। ਉਲਟਾ ਅਦਾਲਤ ਨੂੰ ਬੇਨਤੀ ਕੀਤੀ ਕਿ ਹਨੀਪ੍ਰੀਤ ਕੇ ਸੁਖਦੀਪ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ ਜਾਵੇ।
ਹੈਰਾਨੀ ਦੀ ਗੱਲ਼ ਹੈ ਇੱਕ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਹਨੀਪ੍ਰੀਤ ਨੇ ਜਾਂਚ ਵਿੱਚ ਸਾਥ ਨਹੀਂ ਦਿੱਤਾ ਤੇ ਦੂਜੇ ਪਾਸੇ ਉਸ ਦਾ ਹੋਰ ਰਿਮਾਂਡ ਨਾ ਮੰਗ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਨੇ ਅਦਾਲਤ ਵਿੱਚ ਕਿਹਾ ਕਿ ਹਨੀਪ੍ਰੀਤ ਤੋਂ ਜੋ ਬਰਾਮਦ ਕਰਨਾ ਸੀ, ਕਰ ਲਿਆ ਹੈ। ਲੋੜ ਪਈ ਤਾਂ ਰਿਮਾਂਡ ਲਈ ਫਿਰ ਅਰਜ਼ੀ ਦਿੱਤੀ ਜਾਏਗੀ।
ਇਸ ਤੋਂ ਮਗਰੋਂ ਅਦਲਾਤ ਨੇ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜ਼ਦਾਰ ਹਨੀਪ੍ਰੀਤ ਇੰਸਾ ਤੇ ਸੁਖਦੀਪ ਕੌਰ ਨੂੰ 23 ਅਕਤੂਬਰ ਤੱਕ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ। ਹਨਪ੍ਰੀਤ ਇੰਸਾ ਤੇ ਸੁਖਦੀਪ ਕੌਰ ਨੂੰ ਅੰਬਾਲਾ ਜੇਲ੍ਹ ‘ਚ ਰੱਖਿਆ ਜਾਵੇਗਾ ਜਦੋਂ ਬਲਾਤਕਾਰੀ ਰਾਮ ਰਹੀਮ ਰੋਹਤਕ ਦੀ ਜੇਲ੍ਹ ‘ਚ ਬੰਦ ਹੈ।ਮੁਸ਼ਕਲ ਗੱਲ ਇਹ ਹੈ ਕਿ ਹਨਪ੍ਰੀਤ ਖ਼ਿਲਾਫ ਠੋਸ ਸਬੂਤ ਲੱਭਣ ਵਾਲੀ ਪੁਲਿਸ ਦੇ ਅਜੇ ਤੱਕ ਹੱਥ ਕੁਝ ਨਹੀਂ ਲੱਗਿਆ।
ਪੁਲਿਸ ਕੋਲ 9 ਦਿਨ ਹਨੀਪ੍ਰੀਤ ਦਾ ਰਿਮਾਂਡ ਵੀ ਸੀ ਪਰ ਹਨੀਪ੍ਰੀਤ ਖ਼ਿਲਾਫ ਅਦਾਲਤ ‘ਚ ਟਿਕਣ ਵਾਲਾ ਕੋਈ ਸਬੂਤ ਨਹੀਂ ਹੈ। ਪੁਲਿਸ ਨੇ ਹਨੀਪ੍ਰੀਤ ਦਾ ਮੋਬਾਈਲ ਜ਼ਰੂਰ ਬਰਾਮਦ ਕੀਤਾ ਹੈ ਪਰ ਲੈਪਟਾਪ ਅਜੇ ਤੱਕ ਬਰਾਮਦ ਨਹੀਂ ਕੀਤਾ ਗਿਆ ਹੈ।
ਪੁਲਿਸ ਸੂਤਰਾਂ ਮੁਤਾਬਕ ਹਨੀਪ੍ਰੀਤ ਦਾ ਲੈਪਟਾਪ ਅਜੇ ਤੱਕ ਬਰਾਮਦ ਨਹੀਂ ਹੋਇਆ। ਪੁਲੀਸ ਦੇ ਸੂਤਰਾਂ ਮੁਤਾਬਕ ਇਸ ਲੈਪਟਾਪ ‘ਚ ਹਿੰਸਾ ਦਾ ਸਾਰਾ ਨਕਸ਼ਾ ਹੈ ਤੇ ਇਸ ‘ਚ ਹੋਰ ਵੀ ਕਈ ਅਹਿਮ ਜਾਣਕਾਰੀਆਂ ਹਨ।