ਵਾਸ਼ਿੰਗਟਨ—ਅਮਰੀਕਾ ‘ਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ‘ਚ ਲੈਣ ਦੀ ਕਾਰਵਾਈ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ ਅਤੇ ਇੰਮੀਗ੍ਰੇਸ਼ਨ ਤੇ ਕਸਟਮਜ਼ ਵਿਭਾਗ ਨੇ ਇਸ ਸਾਲ 22 ਜਨਵਰੀ ਤੋਂ ਸਤੰਬਰ ਤਕ 97,482 ਪ੍ਰਵਾਸੀਆਂ ਨੂੰ ਫੜ ਕੇ ਜੇਲ੍ਹਾਂ ‘ਚ ਡੱਕ ਦਿੱਤਾ।
‘ਯੂ.ਐੱਸ.ਟੁਡੇ’ ਦੀ ਰਿਪੋਰਟ ਮੁਤਾਬਕ ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ 43 ਫੀਸਦੀ ਜ਼ਿਆਦਾ ਹੈ। ਵੱਡੀ ਗਿਣਤੀ ‘ਚ ਗ੍ਰਿਫਤਾਰ ਕੀਤੇ ਜਾ ਰਹੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੱਖਣ ਲਈ ਨਵੀਆਂ ਇੰਮੀਗ੍ਰੇਸ਼ਨ ਜੇਲ੍ਹਾਂ ਸਥਾਪਤ ਕਰਨ ਦੀ ਯੋਜਨਾ ‘ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਗ੍ਰਿਫਤਾਰ ਕੀਤੇ ਗਏ ਗੈਰਕਾਨੂੰਨੀ ਪ੍ਰਵਾਸੀਆਂ ‘ਚੋਂ 28,011 ਅਜਿਹੇ ਹਨ ਜਿਨ੍ਹਾਂ ਦਾ ਕੋਈ ਅਪਰਾਧਕ ਪਿਛੋਕੜ ਨਹੀਂ।
ਬਗੈਰ ਅਪਰਾਧਕ ਪਿਛੋਕੜ ਵਾਲੇ ਪ੍ਰਵਾਸੀਆਂ ਨੂੰ ਹਿਰਾਸਤ ‘ਚ ਲਏ ਜਾਣ ਦੇ ਮਾਮਲਿਆਂ ‘ਚ ਪਿਛਲੇ ਸਾਲ ਦੇ ਮੁਕਾਬਲੇ 179 ਫੀਸਦੀ ਵਾਧਾ ਹੋਇਆ ਹੈ ਕਿਉਂਕਿ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਇੰਮੀਗ੍ਰੇਸ਼ਨ ਅਧਿਕਾਰੀ ਸਿਰਫ ਅਪਰਾਧਕ ਮਾਨਸਿਕਤਾ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਵੱਲ ਹੀ ਧਿਆਨ ਕੇਂਦਰਤ ਕਰਦੇ ਸਨ।
ਇਹ ਵੀ ਪਤਾ ਲੱਗਾ ਹੈ ਕਿ ਇੰਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਵਿਭਾਗ ਵਲੋਂ ਸ਼ਿਕਾਗੋ, ਡੈਟਰਾਇਟ, ਸੇਂਟ ਪੌਲ, ਸਾਲਟ ਲੇਕ ਸਿਟੀ ਅਤੇ ਦੱਖਣੀ ਟੈਕਸਾਸ ‘ਚ ਨਿੱਜੀ ਤੌਰ ‘ਤੇ ਚਲਾਈਆਂ ਜਾ ਰਹੀਆਂ ਜੇਲ੍ਹਾਂ ‘ਚ ਗ੍ਰਿਫਤਾਰ ਪ੍ਰਵਾਸੀਆਂ ਨੂੰ ਰੱਖਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਪਰ ਜਨਤਕ ਤੌਰ ‘ਤੇ ਇਸ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ।
ਨਵੀਆਂ ਜੇਲ੍ਹਾਂ ਸਥਾਪਤ ਕੀਤੇ ਜਾਣ ਦੇ ਮੁੱਦੇ ‘ਚੇ ਇੰਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਵਿਭਾਗ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਾਲੇ ਇਸ ਤਜਵੀਜ਼ ਨੂੰ ਅੰਤਮ ਰੂਪ ਨਹੀਂ ਦਿੱਤਾ ਗਿਆ ਪਰ ਫੈਡਰਲ ਸਰਕਾਰ ਵਲੋਂ 2018 ਦੇ ਬਜਟ ‘ਚ 1.2 ਅਰਬ ਡਾਲਰ ਦੇ ਵਾਧੂ ਫੰਡ ਜਾਰੀ ਕਰਨ ਦੀ ਯੋਜਨਾ ਹੈ ਤਾਂਕਿ ਇੰਮੀਗ੍ਰੇਸ਼ਨ ਹਿਰਾਸਤੀਆਂ ਦੀ ਸਮਰੱਥਾ 48 ਹਜ਼ਾਰ ਪ੍ਰਤੀ ਦਿਨ ਦੀ ਸਮਰੱਥਾ ਤਕ ਵਧਾਈ ਜਾ ਸਕੇ।
ਉਧਰ ਡਿਟੈਨਸ਼ਨ ਵਾਚ ਨੈਟਵਰਕ ਦੀ ਕਾਰਜਕਾਰੀ ਡਾਇਰੈਕਟਰ ਸਿਲਕੀ ਸ਼ਾਹ ਨੇ ਕਿਹਾ ਕਿ ਸਰਕਾਰ ਵੱਧ ਤੋਂ ਵੱਧ ਪ੍ਰਵਾਸੀਆਂ ਨੂੰ ਡਿਪੋਰਟ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਅਤੇ ਸਥਿਤੀ ਭੇਤਪੂਰਨ ਬਣੀ ਹੋਈ ਹੈ।