ਨਵੀਂ ਵਿਆਹੀ ਦੇ ਵੇਹੜੇ ਵਿਚ ਬੋਤਲਾਂ ਦੇ ਡੱਟ ਖੁੱਲਣ ਲੱਗ ਪਏ ਤੇ ਭਾਈਵਾਲੀ ਦੀ ਚਾਦਰ ਹੇਠ ਸੈਨਤਾਂ

ਵੀਹ-ਪੰਝੀ ਸਾਲ ਪੂਰਾਣੀ ਗੱਲ ਹੈ।

ਦੁਆਬ ਇਲਾਕੇ ਦੀ ਕਾਲਜ ਪੜ੍ਹਦੀ ਇੱਕ ਖੂਬਸੂਰਤ ਮੁਟਿਆਰ ਦਾ ਰਿਸ਼ਤਾ ਯੂਰਪ ਦੇ ਆਸਟਰੀਆ ਨਾਂਮੀ ਮੁਲਖ ਵਿਚ ਹੋ ਗਿਆ।
ਉਸਦੇ ਹੋਣ ਵਾਲੇ ਸੁਪਨਿਆਂ ਦੇ ਸ਼ਹਿਜ਼ਾਦੇ ਦੀ ਇੱਕ ਰੇਸਟੌਰੈਂਟ ਵਿਚ ਕਿਸੇ ਆਪਣੇ ਦੇਸੀ ਨਾਲ ਹੀ ਅਧੋ-ਅੱਧ ਦੀ ਭਾਈਵਾਲੀ ਸੀ।
ਵਿਆਹ ਮਗਰੋਂ ਜਦੋਂ ਜਹਾਜੇ ਚੜ ਪਹਿਲੀ ਵਾਰ ਏਅਰਪੋਰਟ ਤੇ ਉੱਤਰੀ ਤਾਂ ਅੱਗੋਂ ਲੈਣ ਆਏ ਘਰਵਾਲੇ ਦੇ ਨਾਲ ਖਲੋਤੇ ਭਾਈਵਾਲ ਦੀਆਂ ਨਜਰਾਂ ਉਸਦੀ ਖੂਬਸੂਰਤੀ ਤੇ ਹੁਸਨ ਦੇਖ ਅੱਡੀਆਂ ਦੀਆਂ ਅੱਡੀਆਂ ਹੀ ਰਹਿ ਗਈਆਂ।

ਮਨ ਵਿਚ ਖੋਟਾਂ ਦੀ ਸੁਨਾਮੀ ਆ ਗਈ ਤੇ ਅਗਲਾ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਗੁਆ ਇੱਕ ਪਾਸੜ ਖਿੱਚ ਦਾ ਬੁਰੀ ਤਰਾਂ ਭੰਨਿਆਂ ਹੋਇਆ ਇਤਬਾਰ ਵਾਲੀ ਚਾਦਰ ਦੀ ਬੁੱਕਲ ਮਾਰੀ ਦਿਨ-ਰਾਤ ਮਨੋਰਥ ਪੂਰਤੀ ਦੀਆਂ ਗੋਂਦਾ ਗੁੰਦਣ ਲੱਗਾ! ਉਸਨੇ ਆਨੇ ਬਹਾਨੇ ਭਾਈਵਾਲ ਦੇ ਘਰ ਦਾ ਫੇਰਾ ਤੋਰਾ ਵਧਾ ਦਿੱਤਾ ਤੇ ਰੋਜ ਸ਼ਾਮ ਰੇਸਟੌਰੈਂਟ ਜਲਦੀ ਬੰਦ ਹੋਣ ਲੱਗਾ।

ਨਵੀਂ ਵਿਆਹੀ ਦੇ ਵੇਹੜੇ ਵਿਚ ਬੋਤਲਾਂ ਦੇ ਡੱਟ ਖੁੱਲਣ ਲੱਗ ਪਏ ! ਭਾਈਵਾਲੀ ਦੀ ਚਾਦਰ ਹੇਠ ਸੈਨਤਾਂ,ਇਸ਼ਾਰੇ ਹਾਸਾ-ਮਖੌਲ ਅਤੇ ਹੋਰ ਵੀ ਬਹੁਤ ਕੁਝ ਵਾਪਰਨ ਲੱਗਾ!

ਇੱਕ ਦੋ ਪੈਗ ਮਗਰੋਂ ਨਾਲਦਾ ਤਾਂ ਨਸ਼ੇ ਦੇ ਲੋਰ ਵਿਚ ਡੁੱਬ ਕਿਸੇ ਹੋਰ ਹੀ ਜਹਾਨ ਪਹੁੰਚ ਜਾਂਦਾ ਪਰ ਮਨ ਵਿਚ ਕੋਈ ਹੋਰ ਹੀ ਸੱਧਰ ਪਾਲੀ ਬੈਠੇ ਭਾਈਵਾਲ ਦੀਆਂ ਨਜਰਾਂ ਕਿਸੇ ਲਾਲਚ ਵੱਸ ਉਸਦੇ ਵਜੂਦ ਦਾ ਪਿੱਛਾ ਕਰਦਿਆਂ ਰਹਿੰਦੀਆਂ ! ਪਰ ਚੰਗੇ ਘਰੋਂ ਆਈ ਤੇ ਅਸੂਲਾਂ ਦੀ ਪੱਕੀ ਪੀਠੀ ਨੇ ਅਗਲੇ ਨੂੰ ਕਦੀ ਵੀ ਆਪੇ ਖਿੱਚੀ ਮਰਿਆਦਾ ਵਾਲੀ ਲਸ਼ਮਣ ਰੇਖਾ ਨਾ ਟੱਪਣ ਦਿਤੀ।

ਨਾਲੋਂ ਨਾਲ ਉਹ ਆਪਣੇ ਸਿਰ ਦੇ ਸਾਈਂ ਨੂੰ ਅਕਸਰ ਹੀ ਇਸ ਬਾਰੇ ਹਿੰਟ ਦਿੰਦੀ ਹੋਈ ਸੁਚੇਤ ਵੀ ਕਰਦੀ ਰਹਿੰਦੀ। ਪਰ ਅਗਲਾ ਹਮੇਸ਼ਾ ਹੀ ਇਹ ਆਖ ਪੱਲਾ ਝਾੜ ਦਿਆ ਕਰਦਾ ਕੇ ਇਹ ਪੰਜਾਬ ਨਹੀਂ ਸਗੋਂ ਯੂਰੋਪ ਦੇ ਇੱਕ ਬਹੁਤ ਹੀ ਵਿਕਸਿਤ ਦੇਸ਼ ਦਾ ਅਗਾਂਹ ਵਧੂ ਸ਼ਹਿਰ ਹੈ ਤੇ ਇਥੇ ਇਸ ਤਰਾਂ ਦੀ ਮਾੜੀ ਮੋਟੀ ਊਚ-ਨੀਚ ਆਈ ਗਈ ਕਰ ਦੇਣ ਵਿਚ ਹੀ ਸਮਝਦਾਰੀ ਹੈ।

ਅਖੀਰ ਮਸਲਾ ਸੌ ਹੱਥ ਰੱਸਾ ਸਿਰੇ ਤੇ ਗੰਢ ਵਾਲੀ ਪੁਜੀਸ਼ਨ ਤੱਕ ਜਾ ਅੱਪੜਿਆ ਤੇ ਅਗਲੇ ਨੇ ਇੱਕ ਦਿਨ ਟੇਬਲ ਤੇ ਰੱਖੀ ਬੋਤਲ ਚੋਂ ਪੈਗ ਪਾਉਂਦਿਆਂ ਸਿੱਧੀ ਗੱਲ ਹੀ ਖੋਲ ਦਿੱਤੀ।

ਆਖਣ ਲੱਗਾ ਕੇ “ਜਾਹ ਮਿੱਤਰਾ ਅੱਜ ਤੋਂ ਮੈਂ ਆਪਣੇ ਹਿੱਸੇ ਚੋਂ ਪੰਝੀ ਪੈਸੇ ਵਾਲੀ ਭਾਈਵਾਲੀ ਤੇਰੇ ਖਾਤਿਰ ਛੱਡੀ..ਪਰ ਇਸ ਬਦਲੇ ਤੈਨੂੰ ਮੇਰੀ ਇੱਕ ਸ਼ਰਤ ਮਨਜੂਰ ਕਰਨੀ ਪੈਣੀ ਏ..ਤੇ ਨਾਲ ਹੀ ਆਪਣਾ ਮਨਸੂਬਾ ਜਾਹਿਰ ਕਰ ਦਿੱਤਾ!

ਰਿਸ਼ਤਿਆਂ ਨੂੰ ਹਮੇਸ਼ਾਂ ਹੀ ਨਫ਼ੇ ਨੁਕਸਾਨ ਵਾਲੀ ਤੱਕੜੀ ਵਿਚ ਤੋਲਣ ਦਾ ਆਦੀ ਉਹ ਓਸੇ ਵੇਲੇ ਗਿਣਤੀਆਂ ਮਿਣਤੀਆਂ ਵਿਚ ਪੈ ਗਿਆ ਤੇ ਜਦੋਂ ਮੋਟਾ ਜਿਹਾ ਅੰਦਾਜਾ ਲਾਇਆ ਤਾਂ ਗੱਲ ਓਹਨਾ ਦਿਨਾਂ ਦੇ ਹਿਸਾਬ ਮੁਤਾਬਿਕ ਲੱਖਾਂ ਕਰੋੜਾਂ ਤਕ ਜਾ ਅਪੜੀ ਤੇ ਉਹ ਅੱਖੀਂ ਦੇਖ ਮੱਖੀ ਨਿਗਲਣ ਨੂੰ ਵੀ ਰਾਜੀ ਹੋ ਗਿਆ!

ਓਸੇ ਰਾਤ ਮੁਨਾਫ਼ੇ ਵਾਲੀ ਐਨਕ ਲਾ ਸੁਪਨਿਆਂ ਵਾਲੇ ਸੱਥਰ ਤੇ ਪਏ ਹੋਏ ਨੇ ਨਾਲਦੀ ਦਾ ਹੱਥ ਆਪਣੇ ਹੱਥਾਂ ਵਿਚ ਲੈਂਦੇ ਹੋਏ ਸਹਿੰਦੇ ਸਹਿੰਦੇ ਲਹਿਜੇ ਵਿਚ ਭਾਈਵਾਲ ਵੱਲੋਂ ਮਿਲੀ ਆਫਰ ਦੀਆਂ ਪਰਤਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ।

ਅਗਲੀ ਸਾਰੀ ਗੱਲ ਮੁੱਕਣ ਤੋਂ ਪਹਿਲਾਂ ਹੀ ਪੂਰੀ ਕਹਾਣੀ ਭਾਂਪ ਗਈ ਤੇ ਨਾਲਦੇ ਨੂੰ ਲਾਹਨਤਾਂ ਪਾਉਂਦੀ ਹੋਈ ਨੇ ਓਥੇ ਹੀ ਦੋ-ਟੁੱਕ ਨਾਂਹ ਕਰ ਦਿੱਤੀ ਅਤੇ ਆਪਣਾ ਫੈਸਲਾ ਸੁਣਾ ਦਿੱਤਾ।

ਪਰ ਅਗਲਾ ਹੁਣ ਤੱਕ ਕਰੋੜਾਂ ਵਾਲੀ ਪੰਡ ਚੁੱਕੀ ਏਡੀ ਦੂਰ ਜਾ ਚੁੱਕਿਆ ਸੀ ਕੇ ਵਾਪਿਸ ਮੁੜਨਾ ਮੁਸ਼ਕਿਲ ਸੀ। ਅਖੀਰ ਆਪਣੀ ਗੱਲ ਮਨਵਾਉਣ ਲਈ ਸਖਤੀ ਤੇ ਡਰਾਉਣ ਧਮਕਾਉਣ ਵਾਲਾ ਰਾਹ ਅਖਤਿਆਰ ਕਰ ਲਿਆ।

ਏਨੇਂ ਨੂੰ ਡਾਕਟਰੀ ਰਿਪੋਰਟਾਂ ਨੇ ਵੀ ਇਹ ਗੱਲ ਕਨਫਰਮ ਕਰ ਦਿੱਤੀ ਕੇ ਛੇਤੀ ਹੀ ਵੇਹੜੇ ਵਿਚ ਤੀਜੇ ਜੀਅ ਦੀਆਂ ਕਿਲਕਾਰੀਆਂ ਵੱਜਣ ਵਾਲੀਆਂ ਨੇ।

ਅਗਲੀ ਨੇ ਰਿਸ਼ਤੇ ਨੂੰ ਬਚਾਉਣ ਖਾਤਿਰ ਬਥੇਰਾ ਜ਼ੋਰ ਲਾਇਆ,ਸਮਝਾਇਆ.ਬੁਝਾਇਆ ਅਤੇ ਆਉਣ ਵਾਲੇ ਜੀ ਦੇ ਵਾਸਤੇ ਵੀ ਪਾਏ ਪਰ ਬੰਦੇ ਦੀ ਮੱਤ ਤੇ ਪੈਸੇ ਵਾਲਾ ਪਿਆ ਪਰਦਾ ਕਿਥੇ ਹੱਟਦਾ ਛੇਤੀ ਕੀਤਿਆਂ!

ਅਖੀਰ ਗੱਲ ਤਲਾਕ ਵਾਲੇ ਅੰਨ੍ਹੇ ਖੂਹ ਵਿਚ ਜਾ ਡਿੱਗੀ ਤੇ ਪੈਸੇ ਅਤੇ ਵਾਸਨਾ ਦੇ ਚਕ੍ਰਵਿਯੂ ਨੇ ਐਸੀ ਖੇਡ ਰਚਾਈ ਕੇ ਅਗਲੀ ਦੇ ਹੱਸਦੇ ਵੱਸਦੇ ਸੁਪਨਿਆਂ ਦਾ ਮਹਿਲ ਸਾੜ ਕੇ ਸੁਆਹ ਕਰ ਦਿੱਤਾ!

ਏਧਰ ਕੁੜੀ ਦੇ ਘਰਦਿਆਂ ਨੂੰ ਰਿਸ਼ਤੇਦਾਰੀ ਅਤੇ ਸਾਕ ਬਰਾਦਰੀ ਵਿਚੋਂ ਮੰਗੀਆਂ-ਅਣਮੰਗੀਆਂ ਸਲਾਹਾਂ ਮਿਲਣ ਲਗੀਆਂ ਕੇ ਢਿੱਡ ਵਿਚ ਪਲਦੇ ਹੋਏ ਆਉਣ ਵਾਲੇ ਜੀਅ ਦੀ ਹੋਂਦ ਮਿਟਾਏ ਬਗੈਰ ਚੰਗੀ ਥਾਵੇਂ ਦੂਜਾ ਵਿਆਹ ਕਰਨਾ ਸ਼ਾਇਦ ਸੰਭਵ ਨਾ ਹੋਵੇ!

ਪਰ ਹਾਲਾਤਾਂ ਦੀਆਂ ਠੋਕਰਾਂ ਖਾ ਖਾ ਪੱਥਰ ਹੋਈ ਨੇ ਸਾਫ ਸਾਫ ਆਖ ਦਿੱਤਾ ਕੇ…ਨਾ ਤੇ ਅਬੋਰਸ਼ਨ ਹੋਊ ਤੇ ਨਾ ਹੀ ਦੂਜਾ ਵਿਆਹ…ਤੇ ਰਹੀ ਗੱਲ ਨਵੇਂ ਆਉਣ ਵਾਲੇ ਦੇ ਪਾਲਣ ਪੋਸ਼ਣ ਤੇ ਹੋਣ ਵਾਲੇ ਖਰਚੇ ਦੀ….ਉਹ ਇਹ ਸਭ ਕੁਝ ਆਪਣੀ ਦਸਾਂ ਨਹੁੰਆਂ ਦੀ ਕਿਰਤ ਵਿਚੋਂ ਖੁਦ ਹੀ ਚੁੱਕੂਗੀ !

ਮੁੱਕਦੀ ਗੱਲ ਅਗਲੀ ਨੇ ਵੱਡਾ ਫੈਸਲਾ ਲੈ ਪਹਾੜ ਜਿਡੀ ਦੁਨੀਆ ਨਾਲ ਮੱਥਾ ਲਾ ਲਿਆ…ਸਾਰੀ ਲੋਕਾਈ ਇੱਕ ਪਾਸੇ ਹੋ ਗਈ ਤੇ ਉਹ ਕੱਲੀ-ਕਾਰੀ ਇੱਕ ਪਾਸੇ।

ਅਖੀਰ ਨਿੱਕੇ ਜਿਹੇ ਪੁੱਤਰ ਨੂੰ ਜਨਮ ਦਿੱਤਾ ..ਮੁੜ ਉਸਦਾ ਪਾਲਣ ਪੋਸ਼ਣ ਵੀ ਆਪ ਹੀ ਕੀਤਾ..ਪੜਾਇਆ ਲਿਖਾਇਆ ਤੇ ਫੇਰ ਉਸਨੂੰ ਚੰਗੀ ਜਿੰਦਗੀ ਜਿਊਣ ਦੇ ਵਲ-ਸ਼ਲ ਵੀ ਚੰਗੀ ਤਰਾਂ ਸਮਝਾਏ .ਤੇ ਜਦੋਂ ਉਹ ਜਿੰਦਗੀ ਦੀਆਂ ਤਲਖ਼ ਹਕੀਕਤਾਂ ਸਮਝਣ ਦੇ ਕਾਬਿਲ ਹੋ ਗਿਆ ਤਾਂ ਉਸਨੂੰ ਆਪਣੇ ਨਾਲ ਵਾਪਰੇ ਤਲਾਕ ਵਾਲੇ ਹਾਦਸੇ ਦੀ ਅਸਲ ਵਜਾ ਵੀ ਚੰਗੀ ਤਰਾਂ ਸਮਝਾਈ।

ਇੱਕ ਕਾਮਯਾਬ ਜਿੰਦਗੀ ਜਿਉਂਦੀ ਹੋਈ ਨੂੰ ਅੱਜ ਵੀ ਆਪਣੇ ਨਾਲ ਹੋਏ ਇਸ ਧੱਕੇ ਦੀ ਕਹਾਣੀ ਕਿਸੇ ਨੂੰ ਦੱਸਣ ਵਿਚ ਨਾ ਤਾਂ ਭੋਰਾ ਜਿੰਨੀ ਹਿਚਕਿਚਾਹਟ ਹੁੰਦੀ ਏ ਤੇ ਨਾ ਹੀ ਕੋਈ ਸ਼ਰਮ ! ਅਗਲੀ ਸਿਰ ਚੁੱਕ ਕੇ ਵਿਚਰਦੀ ਹੈ ਤੇ ਕਿਸੇ ਵੇਲੇ ਪੈਸੇ ਦੀਆਂ ਗਿਣਤੀਆਂ ਮਿਣਤੀਆਂ ਵਿਚ ਗਰਕ ਹੋਏ ਨਾਲਦੇ ਦੀ ਉਸਨੂੰ ਨਾ ਤੇ ਅੱਜ ਕੋਈ ਖਬਰ ਹੀ ਹੈ ਤੇ ਨਾ ਹੀ ਕੋਈ ਪ੍ਰਵਾਹ।

ਸੋ ਦੋਸਤੋ ਇਸ ਹਰ ਪਾਸੇ ਫੈਲ ਚੁਕੇ ਵਿਉਪਾਰਕ ਤਾਣੇ ਬਾਣੇ ਵਾਲੇ ਮਾਹੌਲ ਵਿਚ ਅਜੇ ਵੀ ਕੁਝ “ਹੀਰੇ” ਐਸੇ ਨੇ ਜਿੰਨਾ ਦਾ ਮੁੱਲ ਪਾਉਣਾ ਅਮੀਰ ਤੋਂ ਅਮੀਰ ਇਨਸਾਨ ਦੇ ਵੀ ਵੱਸ ਵਿਚ ਨਹੀਂ ਹੋਇਆ !
(As explained by someone)

ਹਰਪ੍ਰੀਤ ਸਿੰਘ ਜਵੰਦਾ

error: Content is protected !!