ਅਜੇ ਕਾਹਲੀਂ ਵਿਚ ਸਕੂਟੀ ਸਟਾਰਟ ਕਰਨ ਹੀ ਲੱਗੀ ਸਾਂ ਕੇ ਪਿੱਛੋਂ ਭਾਪਾ ਜੀ ਨੇ ਅਵਾਜ ਮਾਰ ਲਈ

ਅਜੇ ਕਾਹਲੀਂ ਵਿਚ ਸਕੂਟੀ ਸਟਾਰਟ ਕਰਨ ਹੀ ਲੱਗੀ ਸਾਂ ਕੇ ਪਿੱਛੋਂ ਭਾਪਾ ਜੀ ਨੇ ਅਵਾਜ ਮਾਰ ਲਈ ਤੇ ਆਖਣ ਲੱਗੇ ” ਬੇਟਾ ਜਾਂਦੀ ਹੋਈ ਜਰਾ ਮੇਰੀ ਐਨਕ ਤੇ ਸਾਫ ਕਰ ਜਾਵੀਂ”!

ਭੱਜੀ ਭੱਜੀ ਨੇ ਜਾ ਕੇ ਓਨਾ ਦੇ ਮੰਜੇ ਲਾਗੇ ਪਏ ਨੀਵੇਂ ਜਿਹੇ ਟੇਬਲ ਤੋਂ ਐਨਕ ਚੁੱਕੀ, ਗਲਾਸ ਕਲੀਨਰ ਨਾਲ ਸਾਫ ਕੀਤੀ ਤੇ ਮੁੜ ਓਹਨਾ ਨੂੰ ਫੜਾ ਦਫਤਰ ਨੂੰ ਦੌੜੀ ਜਾਂਦੀ ਸੋਚ ਰਹੀਂ ਸਾਂ ਕੇ ਐਨਕ ਦੇ ਚੱਕਰ ਵਿਚ ਅੱਜ ਫੇਰ ਦਫਤਰੋਂ ਪੱਕਾ ਲੇਟ ਹੋ ਹੀ ਗਈ ਸਮਝੋ।

ਪਰ ਕੁਦਰਤੀ ਹੀ ਉਸ ਦਿਨ ਸੜਕਾਂ ਸਾਫ ਮਿਲੀਆਂ …ਟਾਈਮ ਤੋਂ ਪੰਜ ਮਿੰਟ ਪਹਿਲਾਂ ਹੀ ਅੱਪੜ ਗਈ ! ਉਸ ਦਿਨ ਮਗਰੋਂ ਸੁਵੇਰੇ ਉਠਦਿਆਂ ਹੀ ਬਿਨਾ ਓਹਨਾ ਦੇ ਕਹੇ ਓਹਨਾ ਦੀ ਐਨਕ ਸਾਫ ਕਰ ਦਿਆ ਕਰਦੀ ..ਤਾਂ ਵੀ ਤੁਰੀ ਜਾਂਦੀ ਨੂੰ ਕਿਸੇ ਨਾ ਕਿਸੇ ਬਹਾਨੇ ਆਪਣੇ ਕੋਲ ਸੱਦ ਹੀ ਲੈਂਦੇ।

ਫੇਰ ਜਦੋਂ ਹਸਪਤਾਲ ਦਾਖਿਲ ਹੋਏ ਤਾਂ ਇੱਕ ਦਿਨ ਕਮਰਾ ਸਾਫ ਕਰਦਿਆਂ ਓਨਾ ਦੀ ਪਰਸਨਲ ਡਾਇਰੀ ਹੱਥ ਲੱਗ ਗਈ ..ਵਰਕੇ ਫਰੋਲਦਿਆਂ ਇੱਕ ਜਗਾ ਲਿਖਿਆ ਸੀ।

ਦਿਨ 23/2/15 – ਅੱਜ ਦੀ ਭੱਜਦੌੜ ਦੀ ਜਿੰਦਗੀ ਵਿਚ ਬੱਚੀ ਮੇਰੀਆਂ ਅਸੀਸਾਂ ਲੈਣੀਆਂ ਭੁੱਲਦੀ ਜਾ ਰਹੀ ਹੈ! ਬਸ ਇਸੇ ਲਈ ਹੀ ਕਦੀ ਐਨਕ ਸਾਫ ਕਰਨ ਬਹਾਨੇ ਤੇ ਕਦੀ ਕਿਸੀ ਹੋਰ ਬਹਾਨੇ ਕੋਲ ਸੱਦ ਹੀ ਲੈਂਦਾ ਤੇ ਜਦੋ ਐਨਕ ਸਾਫ ਕਰਨ ਲਈ ਥੱਲੇ ਝੁਕਦੀ ਹੈਂ ਤਾਂ ਮਨ ਹੀ ਮਨ ਹੌਲੀ ਜਿਹੀ ਆਪਣਾ ਹੱਥ ਉਸਦੇ ਸਿਰ ਤੇ ਰੱਖ ਅਸੀਸਾਂ ਦੀ ਸਾਰੀ ਪੰਡ ਉਸਨੂੰ ਚੁਕਵਾ ਦਿੰਦਾ ਹਾਂ ! ਜਿਉਂਦੀ ਵੱਸਦੀ ਰਹੇ ਮੇਰੀ ਧੀ ਤੱਤੀ ਵਾ ਨਾ ਲੱਗੇ ਉਸਨੂੰ।

ਹੰਜੂਆਂ ਦੇ ਸਾਗਰ ਵਿਚ ਬੁੱਤ ਬਣੀ ਨੂੰ ਅੱਜ ਅਚਾਨਕ ਸਮਝ ਲੱਗ ਗਈ ਕੇ ਉਸ ਦਿਨ ਉਹ ਪੰਜ ਮਿੰਟ ਲੇਟ ਚੱਲਣ ਤੇ ਵੀ ਦਫਤਰ ਪੰਜ ਮਿੰਟ ਛੇਤੀ ਕਿਦਾਂ ਪਹੁੰਚ ਗਈ ਸੀ।

ਅੱਜ ਭਾਪਾ ਜੀ ਨੂੰ ਗੁਜਰਿਆਂ ਪੂਰੇ ਦੋ ਸਾਲ ਹੋ ਗਏ ਨੇ ਫੇਰ ਵੀ ਦਫਤਰ ਨੂੰ ਨਿੱਕਲਣ ਤੋਂ ਪਹਿਲਾਂ ਓਹਨਾ ਦੇ ਨੀਵੇਂ ਟੇਬਲ ਤੇ ਰੱਖੀ ਓਹਨਾ ਦੀ ਐਨਕ ਸਾਫ ਕਰਨਾ ਕਦੀ ਨਹੀਂ ਭੁਲਦੀ ..ਸ਼ਾਇਦ ਮੇਰੇ ਸਿਰ ਨੂੰ ਅਸੀਸਾਂ ਦੀ ਚਾਸ਼ਨੀ ਵਿਚ ਡੁੱਬੇ ਹੋਏ ਕੰਬਦੇ ਹੋਏ ਅਗਿਆਤ ਹੱਥਾਂ ਦੀ ਛੋਹ ਦੀ ਆਦਤ ਜਿਹੀ ਪੈ ਗਈ ਲੱਗਦੀ ਹੈ।

 

ਹਰਪ੍ਰੀਤ ਸਿੰਘ ਜਵੰਦਾ

error: Content is protected !!